ਕਿਸਾਨਾਂ ਨੇ ਹੱਥਾਂ ਨਾਲ ਪੱਟ ਸੁੱਟੀਆਂ ਨਵੀਆਂ ਸੜਕਾਂ, ਕਿਹਾ 'ਮੌਜੂਦਾ ਸਰਕਾਰ ਨਾਲੋਂ ਤਾਂ ਆਕਾਲੀ ਦਲ ਵੇਲੇ ਉਸਾਰੀਆਂ ਸੜਕਾਂ ਵਧੀਆ'

By  Shameela Khan September 7th 2023 02:30 PM -- Updated: September 7th 2023 02:48 PM

ਗਿੱਦੜਬਾਹਾ: ਕਿਸਾਨਾਂ ਵੱਲੋਂ ਨਵੀਂ ਅਨਾਜ ਮੰਡੀ ਗਿੱਦੜਬਾਹਾ ਵਿੱਖੇ ਬਣ ਰਹੀਆਂ ਸੜਕਾਂ ਵਿੱਚ ਕਥਿਤ ਤੌਰ 'ਤੇ ਘਟੀਆ ਮਟੀਰੀਅਲ ਪ੍ਰਯੋਗ ਕਰਨ ਦੇ ਦੋਸ਼ ਲਗਾਏ ਗਏ ਹਨ। ਜਿਨ੍ਹਾਂ ਸੜਕਾਂ ਦੀ ਕੁੱਲ ਲਾਗਤ ਕਰੀਬ 1 ਕਰੋੜ 81 ਲੱਖ ਰੁਪਏ ਹੈ। 

ਇਸ ਸਬੰਧੀ ਗੱਲਬਾਤ ਕਰਦੇ ਹੋਏ ਕਿਸਾਨਾਂ ਦੇ ਸਮੂਹ ਨੇ ਦੱਸਿਆ, "ਪੰਜਾਬ ਮੰਡੀ ਬੋਰਡ ਵੱਲੋਂ ਬਣਾਈਆਂ ਜਾ ਰਹੀਆਂ ਇਨ੍ਹਾਂ ਸੜਕਾਂ ਵਿੱਚ ਠੇਕੇਦਾਰ ਵੱਲੋਂ ਘਟੀਆ ਮਟੀਰੀਅਲ ਇਸਤੇਮਾਲ ਕੀਤਾ ਜਾ ਰਿਹਾ ਹੈ। ਕਰੀਬ 4 ਦਿਨ ਪਹਿਲਾਂ ਬਣੀਆਂ ਲੁੱਕ-ਬੱਜਰੀ ਵਾਲੀਆਂ ਇਹ ਸੜਕਾਂ ਹੱਥ ਨਾਲ ਹੀ ਪੁੱਟੀਆਂ ਜਾ ਰਹੀਆਂ ਹਨ। ਇਨ੍ਹਾਂ ਮਾਰਕੀਟ ਕਮੇਟੀ ਅਤੇ ਮੰਡੀਆਂ  ਨੂੰ ਬਚਾਉਣ ਦੀ ਖ਼ਾਤਿਰ 700 ਕਿਸਾਨਾਂ ਸ਼ਹੀਦ ਹੋਏ ਹਨ। ਅਫ਼ਸੋਸ ਦੀ ਗੱਲ ਹੈ ਕਿ ਉਸੇ ਮੰਡੀਆਂ ਵਿੱਚ ਅਜਿਹੇ ਵੱਡੇ-ਵੱਡੇ ਘਪਲੇ ਹੋ ਰਹੇ ਹਨ।"



ਸੁਖਬੀਰ ਸਿੰਘ ਬਾਦਲ ਵੇਲੇ ਦੀਆਂ ਸੜਕਾਂ ਹਨ ਵਧੇਰੀਆਂ ਮਜ਼ਬੂਤ:

 ਆਕਾਲੀ ਦਲ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਇੱਕ ਕਿਸਾਨ ਨੇ ਕਿਹਾ, " ਮੈਂ ਕਿਸੇ ਸਰਕਾਰ ਦਾ ਹਿਮਾਇਤੀ ਨਹੀਂ ਹਾਂ ਪਰੰਤੂ ਸਿਫ਼ਤ ਕਰਨ ਯੋਗ ਕੰਮ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਸੁਖਬੀਰ ਸਿੰਘ ਬਾਦਲ ਵੇਲੇ ਦੀਆਂ ਬਣੀਆਂ ਸੜਕਾ ਅੱਜ ਵੀ ਦੇਖੀਆਂ ਜਾ ਸਕਦੀਆਂ ਹਨ। ਉਹ ਸੜਕਾਂ ਅਜੇ ਵੀ ਮਜ਼ਬੂਤ ਹਨ

ਕਿਸਾਨ ਨੇ ਅੱਗੇ ਕਿਹਾ, "ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਨਵੀਂ ਅਨਾਜ ਮੰਡੀ ਦੇ ਜਿਸ ਮੰਡੀ ਬੋਰਡ ਵਿਭਾਗ ਦੇ ਅਧੀਨ ਇਹ ਕੰਮ  ਚੱਲ ਰਿਹਾ ਹੈ ਉਸਦੇ ਐੱਸ.ਡੀ.ਓ. ਅਤੇ ਹੋਰ ਅਮਲੇ ਦਾ ਦਫ਼ਤਰ ਵੀ ਅਨਾਜ ਮੰਡੀ ਵਿੱਖੇ ਹੀ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਹੈ।"

ਦੱਸਣਯੋਗ ਹੈ ਕਿ ਵਿਭਾਗ ਵੱਲੋਂ ਇੰਨਾਂ ਸੜਕਾਂ ਦੇ ਨਿਰਮਾਣ ਦੌਰਾਨ ਮੰਡੀ ਦੀਆਂ ਪਹਿਲਾਂ ਬਣੀਆਂ ਸੜਕਾਂ 'ਤੇ ਬਣੇ ਬਰਸਾਤੀ ਚੈਂਬਰਾਂ ਨੂੰ ਵੀ ਲੁੱਕ ਅਤੇ ਬੱਜਰੀ ਨਾਲ਼ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਜਿਸ ਨਾਲ਼ ਹੁਣ ਬਾਰਿਸ਼ਾਂ ਦੇ ਸਮੇਂ ਦੌਰਾਨ ਪਾਣੀ ਦੀ ਨਿਕਾਸੀ ਦੀ ਸਮੱਸਿਆ ਵੀ ਆਵੇਗੀ।



 ਪੰਜਾਬ ਮੰਡੀ ਬੋਰਡ ਦੇ ਐੱਸ.ਡੀ.ਓ. ਬਲਵਿੰਦਰ ਪਾਲ ਸਿੰਘ ਨਾਲ਼ ਕੀਤੀ ਗੱਲਬਾਤ:

ਇਸ ਸੰਬੰਧੀ ਪੰਜਾਬ ਮੰਡੀ ਬੋਰਡ ਦੇ ਐੱਸ.ਡੀ.ਓ. ਬਲਵਿੰਦਰ ਪਾਲ ਸਿੰਘ ਨਾਲ਼ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਨਾਜ ਮੰਡੀ ਵਿੱਚ ਕੰਮ ਸਰਕਾਰ ਦੀਆਂ ਹਿਦਾਇਤਾਂ ਦੇ ਅਨੁਸਾਰ ਕੀਤਾ ਗਿਆ ਜਾ ਰਿਹਾ ਹੈ । ਹੱਥੀ ਸੜਕ ਉੱਖੜਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਅਜੇ ਇਹ ਸੜਕ ਕੁੱਝ ਦਿਨ ਪਹਿਲਾਂ ਹੀ ਬਣੀ ਹੈ ਅਤੇ ਇਸਨੂੰ ਪੂਰੀ ਤਰ੍ਹਾਂ ਸੈੱਟ ਹੋਣ ਵਿੱਚ ਕਰੀਬ 10 ਤੋਂ 12 ਦਿਨ ਦਾ ਸਮਾਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਬਰਸਾਤੀ ਅਤੇ ਸੀਵਰੇਜ ਚੈਂਬਰਾਂ ਨੂੰ ਕੰਮ ਮੁਕੰਮਲ ਹੋਣ ਤੋਂ ਬਾਅਦ ਸਾਫ਼ ਕਰਵਾ ਦਿੱਤਾ ਜਾਵੇਗਾ।







 




Related Post