Jalandhar News : ਨੌਜਵਾਨ ਨੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ, 2 ਮਹੀਨੇ ਪਹਿਲਾਂ ਹੋਇਆ ਸੀ ਵਿਆਹ ,ਪਤਨੀ ਦੇ ਰਹੀ ਸੀ ਧਮਕੀਆਂ
Jalandhar News : ਜਲੰਧਰ ਦੇ ਬਸਤੀ ਦਾਨਿਸ਼ਮੰਦਾ ਇਲਾਕੇ ਵਿੱਚ ਰਹਿਣ ਵਾਲੇ 33 ਸਾਲਾ ਵਿਅਕਤੀ ਨੇ ਆਪਣੀ ਪਤਨੀ ਅਤੇ ਸਹੁਰਿਆਂ ਤੋਂ ਤੰਗ ਆ ਕੇ ਵਿਆਹ ਤੋਂ 2 ਮਹੀਨੇ ਬਾਅਦ ਹੀ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਇੰਦਰਾ ਅਰੋੜਾ ਵਜੋਂ ਹੋਈ ਹੈ। ਇੰਦਰਾ ਅਰੋੜਾ ਨੇ ਘਰ ਵਿੱਚ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ ਸਨ,ਜਿਸ ਤੋਂ ਬਾਅਦ ਪਰਿਵਾਰ ਨੇ ਉਸਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਰਾਜੇਂਦਰ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਅੰਮ੍ਰਿਤਸਰ 'ਚ ਇੱਕ ਫੂਡ ਦੀ ਦੁਕਾਨ ਚਲਾਉਂਦਾ ਹੈ। ਮੰਗਲਵਾਰ ਨੂੰ ਜਦੋਂ ਉਹ ਆਪਣੇ ਘਰ ਵਿੱਚ ਮੌਜੂਦ ਸੀ ਤਾਂ ਉਸਦੀ ਪਤਨੀ ਬੇਟੇ ਦੇ ਕਮਰੇ ਵਿੱਚ ਗਈ ਤਾਂ ਬੇਟਾ ਉਲਟੀਆਂ ਕਰ ਰਿਹਾ ਸੀ। ਪਰਿਵਾਰ ਨੇ ਤੁਰੰਤ ਇੰਦਰਾ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਇੰਦਰਾ ਅਰੋੜਾ ਨੇ ਆਪਣੀ ਪਤਨੀ ਮਨਦੀਪ ਕੌਰ, ਸਾਲਾ ਵਿਸ਼ਾਲ ਅਤੇ ਕਾਰ ਬਾਜ਼ਾਰ ਦੇ ਮਾਲਕਾਂ ਤੋਂ ਤੰਗ ਆ ਕੇ ਸਲਫਾਸ ਨਿਗਲ ਲਿਆ ਸੀ।
ਪਰਿਵਾਰ ਦੇ ਅਨੁਸਾਰ ਇੰਦਰ ਦਾ ਵਿਆਹ ਦੋ ਮਹੀਨੇ ਪਹਿਲਾਂ ਮਨਦੀਪ ਕੌਰ ਨਾਲ ਹੋਇਆ ਸੀ ਪਰ ਵਿਆਹ ਤੋਂ ਸਿਰਫ਼ 10 ਦਿਨ ਬਾਅਦ ਹੀ ਉਸਦੀ ਪਤਨੀ ਆਪਣੇ ਪੇਕੇ ਚਲੀ ਗਈ ਅਤੇ ਧਮਕੀਆਂ ਦੇਣ ਲੱਗ ਪਈ। ਮ੍ਰਿਤਕ ਦੇ ਪਿਤਾ ਰਾਜਿੰਦਰ ਕੁਮਾਰ ਅਨੁਸਾਰ ਉਸਦੀ ਨੂੰਹ ਮਨਦੀਪ ਕੌਰ , ਉਸਦਾ ਭਰਾ ਵਿਸ਼ਾਲ ਅਤੇ ਕਾਰ ਬਾਜ਼ਾਰ ਦੇ ਮਾਲਕ ਲਗਾਤਾਰ ਇੰਦਰ ਨੂੰ ਧਮਕੀਆਂ ਦੇ ਰਹੇ ਸਨ ਕਿ ਜੇਕਰ ਉਸਨੇ ਵਿਆਹ ਦਾ ਖਰਚਾ ਵਾਪਸ ਨਹੀਂ ਕੀਤਾ ਤਾਂ ਉਹ ਉਸਨੂੰ ਜਾਨ ਤੋਂ ਮਰਵਾ ਦੇਣਗੇ।
ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ, ਜਿੱਥੇ ਅੱਜ ਪੋਸਟਮਾਰਟਮ ਕੀਤਾ ਗਿਆ। ਪੁਲਿਸ ਹੁਣ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਸਾਰੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
- PTC NEWS