ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਾਹਿਬਾਨ ਨੇ ਨਿਰਵੈਰ ਖ਼ਾਲਸਾ ਜਥਾ ਯੂਕੇ ਦੇ ਭਾਈ ਹਰਿੰਦਰ ਸਿੰਘ ਦੀ ਖਿਮਾ ਜਾਚਨਾ ਕੀਤੀ ਸਵੀਕਾਰ

ਪੰਜ ਸਿੰਘ ਸਾਹਿਬਾਨ ਨੇ ਗੁਰਮਤਿ ਅਨੁਸਾਰ ਭਾਈ ਹਰਿੰਦਰ ਸਿੰਘ ਦੀ ਖਿਮਾ ਜਾਚਨਾ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਉਪਰ ਦੋ ਦਿਨ ਦੀ ਸੇਵਾ ਦੀ ਸਜ਼ਾ ਸੁਣਾਈ। ਨਿਰਧਾਰਤ ਸੇਵਾ ਪੂਰੀ ਕਰਨ ਤੋਂ ਬਾਅਦ ਅੱਜ ਭਾਈ ਹਰਿੰਦਰ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਹਾਜ਼ਰ ਹੋਏ।

By  KRISHAN KUMAR SHARMA December 10th 2025 10:26 AM -- Updated: December 10th 2025 10:31 AM

Sri Akal Takht Sahib : ਸ੍ਰੀ ਅਕਾਲ ਤਖਤ ਸਾਹਿਬ 'ਤੇ ਪੰਜ ਸਿੰਘ ਸਾਹਿਬਾਨ ਦੀ ਹੋਈ ਅਹਿਮ ਮੀਟਿੰਗ ਦੌਰਾਨ ਨਿਰਵੈਰ ਖ਼ਾਲਸਾ ਜਥਾ ਯੂਕੇ (Nirvair Khalsa Jatha UK) ਨਾਲ ਸੰਬੰਧਤ ਭਾਈ ਹਰਿੰਦਰ ਸਿੰਘ ਵੱਲੋਂ ਆਪਣੇ ਪਿਛਲੇ ਬਿਆਨਾਂ ਲਈ ਅਧਿਕਾਰਕ ਤੌਰ ‘ਤੇ ਖਿਮਾ ਜਾਚਨਾ ਪੇਸ਼ ਕੀਤੀ ਗਈ। ਭਾਈ ਹਰਿੰਦਰ ਸਿੰਘ ਨੇ ਜਥੇਦਾਰ ਸਾਹਿਬ ਦੇ ਸਾਹਮਣੇ ਸਵੀਕਾਰ ਕੀਤਾ ਕਿ ਉਨ੍ਹਾਂ ਵੱਲੋਂ ਕੀਤੀਆਂ ਕੁਝ ਗੱਲਾਂ ਸਿੱਖ ਰਹਿਤ ਮਰਯਾਦਾ ਨਾਲ ਮੇਲ ਨਹੀਂ ਖਾਂਦੀਆਂ ਸਨ ਅਤੇ ਇਨ੍ਹਾਂ ਨਾਲ ਗੁਰੂਘਰ ਦੀ ਮਰਿਆਦਾ ਅਤੇ ਪੰਥ ਦੀ ਵਿਸ਼ਵਾਸਯੋਗਤਾ ਨੂੰ ਠੇਸ ਪਹੁੰਚ ਸਕਦੀ ਸੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਿਆਨਾਂ ਕਾਰਨ ਸਿੱਖ ਸੰਗਤ ਵਿਚ ਜਿਹੜੀ ਚਰਚਾ ਅਤੇ ਭਰਮ ਪੈਦਾ ਹੋਇਆ, ਉਸ ਲਈ ਉਹ ਪੂਰੀ ਤਰ੍ਹਾਂ ਖੇਦਮੰਦ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਉਹ ਹਰ ਬਿਆਨ ਦੇਣ ਸਮੇਂ ਪੂਰੀ ਸਾਵਧਾਨੀ ਵਰਤਣਗੇ ਅਤੇ ਸਿੱਖ ਮਰਯਾਦਾ ਦੇ ਅਨੁਸਾਰ ਹੀ ਆਪਣਾ ਫਰਜ਼ ਨਿਭਾਉਣਗੇ।

ਪੰਜ ਸਿੰਘ ਸਾਹਿਬਾਨ ਨੇ ਗੁਰਮਤਿ ਅਨੁਸਾਰ ਭਾਈ ਹਰਿੰਦਰ ਸਿੰਘ ਦੀ ਖਿਮਾ ਜਾਚਨਾ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਉਪਰ ਦੋ ਦਿਨ ਦੀ ਸੇਵਾ ਦੀ ਸਜ਼ਾ ਸੁਣਾਈ। ਨਿਰਧਾਰਤ ਸੇਵਾ ਪੂਰੀ ਕਰਨ ਤੋਂ ਬਾਅਦ ਅੱਜ ਭਾਈ ਹਰਿੰਦਰ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਹਾਜ਼ਰ ਹੋਏ। ਉਨ੍ਹਾਂ ਨੇ ਮੱਥਾ ਟੇਕ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ ਕਿ ਇਹ ਪੂਰੀ ਪ੍ਰਕਿਰਿਆ ਉਨ੍ਹਾਂ ਲਈ ਆਤਮਕ ਸਿੱਖਿਆ ਅਤੇ ਅੰਦਰੂਨੀ ਮਨਨ ਦਾ ਵੱਡਾ ਮੌਕਾ ਸਾਬਤ ਹੋਈ ਹੈ।

ਭਾਈ ਹਰਿੰਦਰ ਸਿੰਘ ਨੇ ਦੱਸਿਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਸਿੱਖ ਰਹਿਤ ਮਰਯਾਦਾ ਦੇ ਅਨੁਕੂਲ ਸੰਗਤ ਅਤੇ ਪੰਥ ਦੀ ਸੇਵਾ ਹੋਰ ਵੀ ਨਿਮਰਤਾ ਅਤੇ ਜ਼ਿੰਮੇਵਾਰੀ ਨਾਲ ਕਰਨਗੇ। ਇਸ ਫੈਸਲੇ ਨੂੰ ਸਿੱਖ ਸੰਗਤ ਵੱਲੋਂ ਸਹਿਮਤੀ ਅਤੇ ਸਵਾਗਤ ਮਿਲ ਰਿਹਾ ਹੈ। ਸੰਗਤ ਦਾ ਮੰਨਣਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਏ ਗਏ ਅਜਿਹੇ ਫੈਸਲੇ ਪੰਥਕ ਇਕਤਾ ਅਤੇ ਮਰਯਾਦਾ ਦੀ ਰੱਖਿਆ ਲਈ ਬਹੁਤ ਜ਼ਰੂਰੀ ਹਨ।

Related Post