ਲੁਧਿਆਣਾ 'ਚ ਭਿਆਨਕ ਹਾਦਸਾ, ਧਰਨੇ 'ਤੇ ਬੈਨਰ ਉਤਾਰ ਰਿਹਾ 22 ਸਾਲਾ ਨੌਜਵਾਨ 11 ਹਜ਼ਾਰ ਵੋਲਟ ਦੀ ਤਾਰ ਦੀ ਲਪੇਟ 'ਚ ਆਇਆ, ਮੌਤ
Punjab protest news: ਲੁਧਿਆਣਾ ਦੇ ਜਮਾਲਪੁਰ ਵਿੱਚ ਚੰਡੀਗੜ੍ਹ ਰੋਡ 'ਤੇ ਇੱਕ ਰੋਸ ਪ੍ਰਦਰਸ਼ਨ ਦੌਰਾਨ ਇੱਕ ਦੁਖਦਾਈ ਘਟਨਾ ਵਾਪਰੀ। 22 ਤੋਂ 24 ਸਾਲ ਦੀ ਉਮਰ ਦਾ ਇੱਕ ਨੌਜਵਾਨ ਬੈਨਰ ਲਗਾਉਂਦੇ ਸਮੇਂ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਦੇ ਮੂੰਹ ਵਿੱਚ ਚਲਾ ਗਿਆ। ਮ੍ਰਿਤਕ ਦੀ ਪਛਾਣ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ। ਉਸਦਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਤੇ ਸਰਕਾਰ 'ਤੇ ਗੰਭੀਰ ਦੋਸ਼ ਲਗਾਏ ਹਨ।
ਜਸ਼ਨਪ੍ਰੀਤ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਅਨੁਸਾਰ, ਪ੍ਰਦਰਸ਼ਨ ਦੌਰਾਨ ਇੱਕ ਬੈਨਰ ਉਤਾਰਿਆ ਜਾ ਰਿਹਾ ਸੀ। ਬੈਨਰ ਨੂੰ ਸੰਭਾਲਦੇ ਸਮੇਂ ਜਸਨਦੀਪ ਦੇ ਹੱਥ ਵਿੱਚ ਲੋਹੇ ਦੀ ਇੱਕ ਰਾਡ ਸੀ। ਉਸਦੇ ਬਿਲਕੁਲ ਉੱਪਰੋਂ 11,000 ਵੋਲਟ ਦੀ ਹਾਈ-ਟੈਂਸ਼ਨ ਬਿਜਲੀ ਲਾਈਨ ਲੰਘ ਰਹੀ ਸੀ। ਅਚਾਨਕ ਇਹ ਰਾਡ ਬਿਜਲੀ ਦੀ ਤਾਰ ਦੇ ਸੰਪਰਕ ਵਿੱਚ ਆ ਗਈ, ਜਿਸ ਨਾਲ ਜ਼ਬਰਦਸਤ ਕਰੰਟ ਲੱਗਿਆ ਅਤੇ ਜਸ਼ਨਪ੍ਰੀਤ ਦੀ ਮੌਤ ਹੋ ਗਈ।
ਮੌਕੇ 'ਤੇ ਮੌਜੂਦ ਲੋਕਾਂ ਅਤੇ ਪਰਿਵਾਰ ਨੇ ਬਿਜਲੀ ਵਿਭਾਗ ਦੀ ਲਾਪਰਵਾਹੀ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਸੀ ਕਿ ਹਾਈ-ਟੈਂਸ਼ਨ ਬਿਜਲੀ ਲਾਈਨਾਂ ਦੇ ਇੰਨੇ ਨੇੜੇ ਅਜਿਹੀਆਂ ਗਤੀਵਿਧੀਆਂ ਨਾ ਹੋਣ ਇੱਕ ਅਜਿਹੀ ਸਥਿਤੀ ਜਿਸ ਕਾਰਨ ਅੱਜ ਇੱਕ ਜਾਨ ਚਲੀ ਗਈ ਹੈ। ਭੀੜ ਅਤੇ ਮ੍ਰਿਤਕ ਦੇ ਦੋਸਤਾਂ ਨੇ ਗੁੱਸੇ ਵਿੱਚ ਆ ਕੇ ਇਸ ਘਟਨਾ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਦੀਪ ਮੁੰਡੀਆ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅੱਜ ਜਸ਼ਨਪ੍ਰੀਤ ਦੀ ਜਾਨ ਗਈ ਹੈ, ਕੱਲ੍ਹ ਕਿਸੇ ਹੋਰ ਨਾਲ ਵੀ ਅਜਿਹਾ ਹੀ ਹਾਦਸਾ ਵਾਪਰ ਸਕਦਾ ਹੈ।
- PTC NEWS