ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ, ਰੋਡਵੇਜ਼ ਕਾਮਿਆਂ ਵੱਲੋਂ 'ਪੰਜਾਬ ਬੰਦ' ਨੂੰ ਸਮਰਥਨ
PRTC Support Punjab Bandh : ਮਾਨਸਾ 'ਚ ਨਸ਼ੇ ਦਾ ਵਿਰੋਧ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇਨਸਾਫ਼ ਲਈ ਬਣਾਈ ਕਮੇਟੀ ਵੱਲੋਂ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਨੂੰ ਸਮਾਜ ਦਾ ਹਰ ਵਰਗ ਸਮਰਥਨ ਦੇ ਰਿਹਾ ਹੈ। ਹੁਣ, ਪੰਜਾਬ ਰੋਡਵੇਜ਼ - ਪਨਬਸ ਯੂਨੀਅਨ ਦੇ ਠੇਕਾ ਕਾਮਿਆਂ ਵੱਲੋਂ ਵੀ ਪੰਜਾਬ ਬੰਦ ਦੇ ਹੱਕ ਵਿੱਚ ਵੱਡਾ ਐਲਾਨ ਕੀਤਾ ਹੈ।
ਪੰਜਾਬ ਰੋਡਵੇਜ਼ ਪਨਬਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਅਤੇ ਨੌਜਵਾਨਾਂ ਨੂੰ ਇਨਸਾਫ਼ ਦੇਣ ਵਿੱਚ ਅਸਫਲ ਰਹੀ ਹੈ। ਜਥੇਬੰਦੀ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਦੇ ਰੋਸ ਵਜੋਂ 15 ਅਕਤੂਬਰ ਨੂੰ ਬੱਸ ਡਿਪੂਆਂ ਦੇ ਗੇਟਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ.. CM ਮਾਨ ਦੇ ਅਸਤੀਫੇ ਤੋਂ ਲੈ ਕੇ CBI ਜਾਂਚ ਤੱਕ, ਇਨਸਾਫ਼ ਮੋਰਚੇ ਨੇ ਰੱਖੀਆਂ ਇਹ ਮੁੱਖ ਮੰਗਾਂ; ਝੋਟੇ ਦੇ ਪਿਤਾ ਵੱਲੋਂ ਲੋਕਾਂ ਨੂੰ ਭਾਵੁਕ ਅਪੀਲ
ਇਸ ਮੌਕੇ ਹਰਕੇਸ਼ ਕੁਮਾਰ ਵਿੱਕੀ ਨੇ ਨਸ਼ਾ ਤਸਕਰਾਂ ਵੱਲੋਂ ਦਿਨ-ਦਿਹਾੜੇ ਸਮਾਜ ਸੇਵੀ ਨੌਜਵਾਨ ਦੇ ਕਤਲ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਸੁਰੱਖਿਆ ਅਤੇ ਇਨਸਾਫ਼ ਨੂੰ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ।
ਯੂਨੀਅਨ ਆਗੂਆਂ ਨੇ 15 ਅਕਤੂਬਰ ਦੇ ਪੰਜਾਬ ਬੰਦ ਦੇ ਸਮਰਥਨ 'ਚ ਐਲਾਨ ਕਰਦਿਆਂ ਕਿਹਾ ਕਿ ਜੇਕਰ ਕੋਈ ਮੁਲਾਜ਼ਮਾਂ ਨੂੰ ਬੱਸਾਂ ਚਲਾਉਣ ਤੋਂ ਰੋਕਦਾ ਹੈ ਤਾਂ ਮੁਲਾਜ਼ਮ ਬੱਸਾਂ ਨਹੀਂ ਚਲਾਉਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਮੈਨੇਜਮੈਂਟ ਧੱਕੇ ਨਾਲ ਬੱਸਾਂ ਚਲਾਉਣ ਲਈ ਕਹਿੰਦੀ ਹੈ ਤਾਂ ਹੋਣ ਵਾਲੇ ਕਿਸੇ ਵੀ ਨੁਕਸਾਨ ਦੀ ਜ਼ਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ।
ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਮੰਗਾਂ ਪੂਰੀਆਂ ਕਰਨ ਵਿੱਚ ਅਸਫਲ ਰਹੀ ਹੈ ਅਤੇ ਮੀਟਿੰਗਾਂ ਤੋਂ ਵਾਰ-ਵਾਰ ਭੱਜ ਕੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ, ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ।
ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਮੰਗਾਂ ਦਾ ਹੱਲ ਨਾ ਕੀਤਾ ਤਾਂ 21 ਅਕਤੂਬਰ ਤੋਂ ਮੁਕੰਮਲ ਅਤੇ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ। ਇਸ ਦੇ ਨਾਲ ਹੀ ਵਿਧਾਨ ਸਭਾ ਸੈਸ਼ਨ ਦੌਰਾਨ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਪੱਕਾ ਧਰਨਾ ਲਗਾਉਣ ਦੀ ਚਿਤਾਵਨੀ ਵੀ ਦਿੱਤੀ ਗਈ।
ਇਹ ਵੀ ਪੜ੍ਹੋ...
- PTC NEWS