ਮਦਨ ਲਾਲ ਜਲਾਲਪੁਰ ਦੇ ਸਮਰਥਨ ਚ ਪਹੁੰਚੇ ਸਾਬਕਾ CM ਚਰਨਜੀਤ ਸਿੰਘ ਚੰਨੀ, ਕਿਹਾ ਕਾਂਗਰਸ ਨੂੰ ਸਾਰੇ ਆਗੂਆਂ ਨੂੰ ਨਾਲ ਲੈ ਕੇ ਚੱਲਣਾ ਹੋਵੇਗਾ

Charanjit Singh Channi : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਦਨ ਲਾਲ ਜਲਾਲਪੁਰ ਦੇ ਸਮਰਥਨ ਵਿੱਚ ਉਨ੍ਹਾਂ ਦੇ ਨਿਵਾਸ 'ਤੇ ਪਹੁੰਚੇ।

By  Amritpal Singh August 1st 2026 08:22 PM

Charanjit Singh Channi : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਦਨ ਲਾਲ ਜਲਾਲਪੁਰ ਦੇ ਸਮਰਥਨ ਵਿੱਚ ਉਨ੍ਹਾਂ ਦੇ ਨਿਵਾਸ 'ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਮਦਨ ਲਾਲ ਜਲਾਲਪੁਰ ਨੂੰ ਜਾਰੀ ਕੀਤੇ ਗਏ ਮੁਅੱਤਲੀ ਨੋਟਿਸ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਉਨ੍ਹਾਂ ਨੇ ਨੋਟਿਸ ਦੇਖਿਆ ਹੈ ਅਤੇ ਕਾਂਗਰਸ ਦੇ ਸੰਵਿਧਾਨ ਅਨੁਸਾਰ ਪ੍ਰਸ਼ਾਸਨਿਕ ਕਮੇਟੀ ਦੇ ਚੇਅਰਮੈਨ ਕੋਲ ਕਿਸੇ ਵੀ AICC, PCC ਮੈਂਬਰ ਜਾਂ ਸਾਬਕਾ ਵਿਧਾਇਕ ਨੂੰ ਸਿੱਧੇ ਤੌਰ 'ਤੇ ਮੁਅੱਤਲ ਕਰਨ ਦਾ ਅਧਿਕਾਰ ਨਹੀਂ ਹੈ।


ਚੰਨੀ ਨੇ ਕਿਹਾ ਕਿ ਪ੍ਰਸ਼ਾਸਨਿਕ ਕਮੇਟੀ ਸਿਰਫ਼ ਆਪਣੀ ਸਿਫ਼ਾਰਸ਼ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਭੇਜ ਸਕਦੀ ਹੈ ਅਤੇ ਅੰਤਿਮ ਫ਼ੈਸਲਾ ਪਾਰਟੀ ਹਾਈਕਮਾਂਡ ਵੱਲੋਂ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਦਨ ਲਾਲ ਜਲਾਲਪੁਰ AICC ਅਤੇ PCC ਦੋਵਾਂ ਦੇ ਮੈਂਬਰ ਹਨ, ਇਸ ਲਈ ਉਨ੍ਹਾਂ ਖ਼ਿਲਾਫ਼ ਕਾਰਵਾਈ ਵੀ ਪਾਰਟੀ ਦੇ ਨਿਯਮਾਂ ਅਨੁਸਾਰ ਹੀ ਹੋਣੀ ਚਾਹੀਦੀ ਹੈ।


ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਸੀਨੀਅਰ ਆਗੂਆਂ ਨੂੰ ਨੋਟਿਸ ਦਿੱਤੇ ਗਏ ਜਾਂ ਮੁਅੱਤਲ ਕੀਤਾ ਗਿਆ ਹੈ, ਪਰ ਕਾਂਗਰਸ ਨੂੰ ਆਪਣੇ ਤਜਰਬੇਕਾਰ ਅਤੇ ਸਮਰਪਿਤ ਆਗੂਆਂ ਨੂੰ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ, ਨਾ ਕਿ ਉਨ੍ਹਾਂ ਤੋਂ ਦੂਰੀ ਬਣਾਉਣੀ ਚਾਹੀਦੀ ਹੈ।


ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪਾਰਟੀ ਹਾਈਕਮਾਂਡ ਨਾਲ ਇਸ ਮਾਮਲੇ 'ਤੇ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਇੱਕ "ਗੁਲਦਸਤਾ" ਬਣ ਕੇ ਸਾਰੇ ਆਗੂਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ।


ਚੰਨੀ ਨੇ ਮਦਨ ਲਾਲ ਜਲਾਲਪੁਰ ਨੂੰ ਪਾਰਟੀ ਦਾ ਮਜ਼ਬੂਤ ਅਤੇ ਜੁਝਾਰੂ ਆਗੂ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਸਾਲਾਂ ਤੱਕ ਕਾਂਗਰਸ ਲਈ ਕੰਮ ਕੀਤਾ ਹੈ ਅਤੇ ਚੋਣਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਜਿਹੇ ਆਗੂ ਪਾਰਟੀ ਦੀ ਧਰੋਹਰ ਹਨ ਅਤੇ ਉਨ੍ਹਾਂ ਨੂੰ ਨਾਰਾਜ਼ ਕਰਨ ਦੀ ਬਜਾਏ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ।


ਉਨ੍ਹਾਂ ਕਿਹਾ ਕਿ ਪੰਜਾਬ ਦੀ ਪਰੰਪਰਾ ਰਹੀ ਹੈ ਕਿ ਜਿਸ ਵਿਅਕਤੀ 'ਤੇ ਮੁਸੀਬਤ ਆਉਂਦੀ ਹੈ, ਉਸ ਦੇ ਨਾਲ ਖੜ੍ਹਿਆ ਜਾਂਦਾ ਹੈ। ਇਸੇ ਭਾਵਨਾ ਤਹਿਤ ਉਹ ਮਦਨ ਲਾਲ ਜਲਾਲਪੁਰ ਨੂੰ ਮਿਲਣ ਪਹੁੰਚੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਮਕਸਦ ਕਿਸੇ ਦੇ ਖ਼ਿਲਾਫ਼ ਬੋਲਣਾ ਨਹੀਂ, ਸਗੋਂ ਪਾਰਟੀ ਵਿੱਚ ਏਕਤਾ ਬਣਾਈ ਰੱਖਣਾ ਹੈ।


ਚੰਨੀ ਨੇ ਕਿਹਾ ਕਿ ਕਾਂਗਰਸ ਵਿੱਚ ਆਪਸੀ ਮਤਭੇਦਾਂ ਕਾਰਨ ਲੋਕਾਂ ਦੇ ਅਸਲ ਮੁੱਦੇ ਪਿੱਛੇ ਰਹਿ ਰਹੇ ਹਨ। ਉਨ੍ਹਾਂ ਸਾਰੇ ਆਗੂਆਂ ਨੂੰ ਇਕਜੁੱਟ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਕਿਸੇ ਵੀ ਆਗੂ ਨੂੰ ਪਾਰਟੀ ਛੱਡਣ ਜਾਂ ਆਪਸ ਵਿੱਚ ਟਕਰਾਅ ਦੀ ਸਥਿਤੀ ਪੈਦਾ ਨਾ ਹੋਣ ਦੇਣ ਦੀ ਅਪੀਲ ਕੀਤੀ।


ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਹੱਕ ਵਿੱਚ ਲੱਗੇ ਨਾਅਰਿਆਂ ਨਾਲ ਉਨ੍ਹਾਂ ਦਾ ਕੋਈ ਨਿੱਜੀ ਸਬੰਧ ਨਹੀਂ ਹੈ। ਪਾਰਟੀ ਹਾਈਕਮਾਂਡ ਜਿਵੇਂ ਸੰਗਠਨ ਚਲਾਏਗੀ, ਉਹ ਉਸੇ ਅਨੁਸਾਰ ਕੰਮ ਕਰਨਗੇ। ਉਨ੍ਹਾਂ ਦਾ ਮਕਸਦ ਸਿਰਫ਼ ਕਾਂਗਰਸ ਪਰਿਵਾਰ ਨੂੰ ਇਕਜੁੱਟ ਅਤੇ ਮਜ਼ਬੂਤ ਰੱਖਣਾ ਹੈ।

Related Post