ਸਾਬਕਾ ਪਾਕਿਸਤਾਨੀ ਕ੍ਰਿਕਟਰ ਵਸੀਮ ਅਕਰਮ ਨੇ ਪਾਕਿ ਖਿਡਾਰੀਆਂ ਦੀ ਫਿੱਟਨੈਸ 'ਤੇ ਜਤਾਈ ਨਾਰਾਜ਼ਗੀ

By  Jasmeet Singh October 25th 2023 04:03 PM -- Updated: October 25th 2023 04:15 PM

ਇਸਲਾਮਾਬਾਦ: ਪਾਕਿਸਤਾਨ ਕ੍ਰਿਕਟ ਟੀਮ ਨੂੰ ਵਿਸ਼ਵ ਕੱਪ 2023 ਵਿੱਚ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 23 ਅਕਤੂਬਰ ਨੂੰ ਖੇਡੇ ਗਏ ਮੈਚ ਵਿੱਚ ਪਾਕਿਸਤਾਨ ਨੂੰ ਅਫਗਾਨਿਸਤਾਨ ਨੇ 8 ਵਿਕਟਾਂ ਨਾਲ ਹਰਾਇਆ। ਜਿਸ ਤੋਂ ਬਾਅਦ ਪਾਕਿਸਤਾਨੀ ਟੀਮ ਪ੍ਰਬੰਧਨ ਤੋਂ ਲੈ ਕੇ ਖਿਡਾਰੀਆਂ ਤੱਕ ਸਾਰੇ ਪ੍ਰਸ਼ੰਸਕ ਅਤੇ ਸਾਬਕਾ ਕ੍ਰਿਕਟਰ ਨਿਸ਼ਾਨੇ 'ਤੇ ਆ ਗਏ। 

ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਆਪਣੀ ਟੀਮ ਦੀ ਤਿੱਖੀ ਆਲੋਚਨਾ ਕਰ ਰਹੇ ਹਨ। ਦਿੱਗਜ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਟੀਮ ਦੀ ਫਿਟਨੈੱਸ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਪਾਕਿਸਤਾਨੀ ਟੀਮ ਪਹਿਲਾਂ ਭਾਰਤ, ਫਿਰ ਆਸਟ੍ਰੇਲੀਆ ਅਤੇ ਹੁਣ ਅਫਗਾਨਿਸਤਾਨ ਤੋਂ ਲਗਾਤਾਰ ਮੈਚ ਹਾਰਨ ਤੋਂ ਬਾਅਦ ਮੁਸ਼ਕਲ ਵਿੱਚ ਹੈ। ਹੁਣ ਸੈਮੀਫਾਈਨਲ ਤੱਕ ਦਾ ਸਫਰ ਟੀਮ ਲਈ ਕਾਫੀ ਮੁਸ਼ਕਿਲ ਹੋ ਗਿਆ ਹੈ। 

ਪਾਕਿਸਤਾਨੀ ਟੀਮ ਦੇ ਇਸ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਵਸੀਮ ਅਕਰਮ ਕਾਫੀ ਗੁੱਸੇ 'ਚ ਨਜ਼ਰ ਆਏ। ਅਕਰਮ ਨੇ ਪਾਕਿਸਤਾਨ ਦੇ ਟੀਵੀ ਚੈਨਲ ਏ ਸਪੋਰਟਸ 'ਤੇ ਕਿਹਾ, "ਸਾਡੀ ਟੀਮ ਦਾ ਦੋ ਸਾਲਾਂ ਤੋਂ ਫਿੱਟਨੈਸ ਟੈਸਟ ਨਹੀਂ ਹੋਇਆ ਹੈ। ਮੁੰਡਿਆਂ ਦੇ ਚਿਹਰਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਅੱਠ ਕਿੱਲੋ ਮਟਨ ਖਾ ਰਹੇ ਹਨ। ਜੇਕਰ ਕੋਈ ਫਿੱਟ ਹੈ ਤਾਂ ਉਸ ਲਈ ਫਿਟਨੈੱਸ ਟੈਸਟ ਹੈ।"

ਅਕਰਮ ਨੇ ਅੱਗੇ ਕਿਹਾ, "ਅਸੀਂ ਦੋ ਸਾਲਾਂ ਤੋਂ ਫਿਟਨੈਸ ਟੈਸਟ ਕਰਵਾਉਣ ਲਈ ਕਹਿ ਰਹੇ ਹਾਂ, ਪਰ ਕੋਈ ਨਹੀਂ ਸੁਣਦਾ। ਕੋਈ ਟੈਸਟ ਵੀ ਹੋਣਾ ਚਾਹੀਦਾ ਹੈ। ਤੁਸੀਂ ਪੇਸ਼ੇਵਰ ਤੌਰ 'ਤੇ ਖੇਡ ਰਹੇ ਹੋ, ਤੁਹਾਨੂੰ ਉਸ ਲਈ ਭੁਗਤਾਨ ਵੀ ਮਿਲ ਰਿਹਾ ਹੈ। ਤੁਸੀਂ ਆਪਣੇ ਦੇਸ਼ ਦੀ ਨੁਮਾਇੰਦਗੀ ਕਰ ਰਹੇ ਹੋ। ਫੀਲਡਿੰਗ ਫਿੱਟਨੈਸ 'ਤੇ ਨਿਰਭਰ ਕਰਦੀ ਹੈ ਅਤੇ ਸਾਡੇ ਕੋਲ ਉੱਥੇ ਕਮੀ ਹੈ।"


ਮੈਚ ਵਿੱਚ ਕੀ ਹੋਇਆ?
ਮੈਚ ਦੀ ਗੱਲ ਕਰੀਏ ਤਾਂ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਮਾਮ ਉਲ ਹੱਕ ਅਤੇ ਅਬਦੁੱਲਾ ਸ਼ਫੀਕ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਦੋਵਾਂ ਨੇ ਮਿਲ ਕੇ ਪਹਿਲੀ ਵਿਕਟ ਲਈ 56 ਦੌੜਾਂ ਜੋੜੀਆਂ। ਇਮਾਮ 11ਵੇਂ ਓਵਰ ਦੀ ਪਹਿਲੀ ਗੇਂਦ 'ਤੇ ਨੂਰ ਅਹਿਮਦ ਦਾ ਸ਼ਿਕਾਰ ਬਣੇ। ਇਮਾਮ ਨੇ 17 ਦੌੜਾਂ ਬਣਾਈਆਂ ਜਦਕਿ ਅਬਦੁੱਲਾ ਸ਼ਫੀਕ ਨੇ 5 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 58 ਦੌੜਾਂ ਬਣਾਈਆਂ। ਰਿਜ਼ਵਾਨ ਸਿਰਫ਼ 8 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਬਾਬਰ ਆਜ਼ਮ ਨੇ ਇਕ ਸਿਰਾ ਫੜਿਆ ਅਤੇ ਸਿੰਗਲ-ਡਬਲ ਨਾਲ ਸਕੋਰ ਨੂੰ ਅੱਗੇ ਲੈ ਗਿਆ। ਜਦਕਿ ਦੂਜੇ ਸਿਰੇ ਤੋਂ ਉਨ੍ਹਾਂ ਨੂੰ ਬਹੁਤਾ ਸਹਿਯੋਗ ਨਹੀਂ ਮਿਲ ਸਕਿਆ। 

ਸੌਦ ਸ਼ਕੀਲ 25 ਦੌੜਾਂ ਬਣਾ ਕੇ ਆਊਟ ਹੋ ਗਏ। ਕੁਝ ਸਮੇਂ ਬਾਅਦ ਨੂਰ ਅਹਿਮਦ ਨੇ ਵੀ ਬਾਬਰ ਦਾ ਵਿਕਟ ਲਿਆ। ਪਾਕਿਸਤਾਨੀ ਕਪਤਾਨ ਨੇ 92 ਗੇਂਦਾਂ 'ਤੇ 74 ਦੌੜਾਂ ਬਣਾਈਆਂ। ਅੰਤ 'ਚ ਸ਼ਾਦਾਬ ਖਾਨ ਅਤੇ ਇਫਤਿਖਾਰ ਅਹਿਮਦ ਨੇ 40-40 ਦੌੜਾਂ ਦੀ ਪਾਰੀ ਖੇਡੀ ਅਤੇ ਟੀਮ ਦੇ ਸਕੋਰ ਨੂੰ 282 ਦੌੜਾਂ ਤੱਕ ਲੈ ਗਏ।

ਇਸ ਤੋਂ ਬਾਅਦ ਅਫਗਾਨਿਸਤਾਨ ਦੀ ਬੱਲੇਬਾਜ਼ੀ ਦੀ ਵਾਰੀ ਆਈ। ਇਸ ਲਈ ਸਲਾਮੀ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਅਤੇ ਇਬਰਾਹਿਮ ਜ਼ਦਰਾਨ ਨੇ ਟੀਮ ਨੂੰ ਹਮਲਾਵਰ ਸ਼ੁਰੂਆਤ ਦਿੱਤੀ। ਗੁਰਬਾਜ਼ ਸ਼ੁਰੂ ਤੋਂ ਹੀ ਕਾਫੀ ਹਮਲਾਵਰ ਨਜ਼ਰ ਆ ਰਹੇ ਸਨ। ਚਾਹੇ ਉਹ ਸ਼ਾਹੀਨ ਹੋਵੇ ਹਸਨ ਅਲੀ ਹੋਵੇ ਜਾਂ ਹਰਿਸ ਰਾਊਫ, ਗੁਰਬਾਜ਼ ਨੇ ਸਾਰੇ ਗੇਂਦਬਾਜ਼ਾਂ ਨੂੰ ਬਰਾਬਰ ਠੋਕਿਆ। ਉਸ ਨੂੰ ਇਬਰਾਹਿਮ ਜ਼ਦਰਾਨ ਦਾ ਚੰਗਾ ਸਾਥ ਮਿਲਿਆ, ਜੋ ਲਗਾਤਾਰ ਸਟ੍ਰਾਈਕ ਰੋਟੇਟ ਕਰਦੇ ਰਹੇ। 

ਦੋਵਾਂ ਨੇ ਮਿਲ ਕੇ ਸਿਰਫ 21.1 ਓਵਰਾਂ 'ਚ 130 ਦੌੜਾਂ ਬਣਾ ਦਿੱਤੀਆਂ। ਗੁਰਬਾਜ਼ 53 ਗੇਂਦਾਂ 'ਤੇ 65 ਦੌੜਾਂ ਬਣਾ ਕੇ ਸ਼ਾਹੀਨ ਅਫਰੀਦੀ ਦੀ ਗੇਂਦ 'ਤੇ ਆਊਟ ਹੋ ਗਏ। ਪਰ ਜਾਦਰਾਨ ਦੂਜੇ ਸਿਰੇ 'ਤੇ ਰਿਹਾ। ਉਸ ਨੇ ਰਹਿਮਤ ਸ਼ਾਹ ਨਾਲ 60 ਦੌੜਾਂ ਦੀ ਸਾਂਝੇਦਾਰੀ ਕੀਤੀ। ਜ਼ਦਰਾਨ ਨੂੰ 190 ਦੇ ਸਕੋਰ 'ਤੇ ਹਸਨ ਅਲੀ ਨੇ ਆਊਟ ਕੀਤਾ। ਜ਼ਦਰਾਨ ਨੇ 113 ਗੇਂਦਾਂ 'ਤੇ 87 ਦੌੜਾਂ ਬਣਾਈਆਂ। ਇਨ੍ਹਾਂ 'ਚ 10 ਚੌਕੇ ਸ਼ਾਮਲ ਹਨ।

ਫਿਰ ਕ੍ਰੀਜ਼ 'ਤੇ ਆਏ ਹਸ਼ਮਤੁੱਲਾ ਸ਼ਹੀਦੀ ਨੇ ਕਪਤਾਨੀ ਪਾਰੀ ਖੇਡੀ ਅਤੇ ਰਹਿਮਤ ਸ਼ਾਹ ਦੇ ਨਾਲ ਮਿਲ ਕੇ ਟੀਮ ਨੂੰ ਟੀਚੇ ਤੱਕ ਪਹੁੰਚਾਇਆ। ਰਹਿਮਤ ਨੇ 84 ਗੇਂਦਾਂ 'ਚ 5 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 77 ਦੌੜਾਂ ਬਣਾਈਆਂ। ਜਦਕਿ ਕਪਤਾਨ ਸ਼ਾਹਿਦੀ ਨੇ 45 ਗੇਂਦਾਂ 'ਤੇ 48 ਦੌੜਾਂ ਦੀ ਅਹਿਮ ਪਾਰੀ ਖੇਡੀ। ਅਫਗਾਨਿਸਤਾਨ ਚਾਰ ਅੰਕਾਂ ਨਾਲ ਅੰਕ ਸੂਚੀ ਵਿੱਚ ਪੰਜਵੇਂ ਜਦਕਿ ਪਾਕਿਸਤਾਨ ਇੰਨੇ ਹੀ ਅੰਕਾਂ ਨਾਲ ਚੌਥੇ ਸਥਾਨ ’ਤੇ ਹੈ।

Related Post