ਮੈਨੂੰ ਭੇਡ-ਬੱਕਰੀਆਂ ਵਾਲੀ ਨਹੀਂ, ਨਿਡਰ ਵਾਲੀ ਕਾਂਗਰਸ ਚਾਹੀਦੀ ਐ: ਨਵਜੋਤ ਸਿੱਧੂ

By  KRISHAN KUMAR SHARMA January 21st 2024 08:11 PM

Moga Rally: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂਆਂ ਦੇ ਵਿਰੋਧ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਐਤਵਾਰ ਨੂੰ ਮੋਗਾ ਵਿਚ ਰੈਲੀ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸ ਵਰਕਰ ਇਥੇ ਪਹੁੰਚੇ, ਜਿਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਾਕਤਵਰ ਤੇ ਮਜ਼ਬੂਤ ਕਾਂਗਰਸ ਚਾਹੀਦੀ ਹੈ, ਨਾ ਕਿ ਭੇਡ-ਬੱਕਰੀਆਂ ਵਾਲੀ। ਇਥੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਖੁੱਲ੍ਹੀ ਚੁਣੌਤੀ ਦਿਤੀ ਹੈ। ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਕਹਿੰਦੇ ਹਨ ਕਿ ਸਿੱਧੂ ਕੋਲ ਤੱਥ ਨਹੀਂ ਹਨ ਪਰ ਉਹ ਉਨ੍ਹਾਂ ਨਾਲ ਬੰਦ ਕਮਰੇ ਵਿਚ ਬਹਿਸ ਕਰਨ ਤਾਂ ਸਿੱਧੂ ਤੱਥਾਂ ਨਾਲ ਜਵਾਬ ਦੇਣਗੇ।

ਰੈਲੀ 'ਚ ਨਵਜੋਤ ਸਿੱਧੂ ਨੇ ਕਿਹਾ ਕਿ ਲੋਕਾਂ ਨੂੰ ਦੱਸਣਾ ਹੋਵੇਗਾ ਕਿ ਉਨ੍ਹਾਂ ਦਾ ਜੀਵਨ ਕਿਵੇਂ ਸੁਧਾਰਿਆ ਜਾ ਸਕਦਾ ਹੈ, ਤਾਂ ਹੀ ਕਾਂਗਰਸ ਅੱਗੇ ਆਵੇਗੀ। ਉਨ੍ਹਾਂ ਕਿਹਾ ਕਿ ਸਿੰਗਾਪੁਰ 'ਚ ਸਾਲਾਨਾ ਪ੍ਰਤੀ ਵਿਅਕਤੀ ਆਮਦਨ 1 ਕਰੋੜ 56 ਲੱਖ ਰੁਪਏ ਹੈ, ਆਸਟਰੇਲੀਆ 'ਚ 50 ਲੱਖ ਅਤੇ ਨਿਊਜ਼ੀਲੈਂਡ 'ਚ 43 ਲੱਖ, ਪਰ ਭਾਰਤ 'ਚ ਔਸਤ ਪ੍ਰਤੀ ਵਿਅਕਤੀ ਆਮਦਨ 6.95 ਲੱਖ ਰੁਪਏ ਹੈ ਅਤੇ ਪੰਜਾਬ 'ਚ ਇਹ 1.80 ਲੱਖ ਰੁਪਏ ਹੈ।

ਰਾਮ ਮੰਦਰ ਲਈ ਦਿੱਤੀ ਵਧਾਈ

ਇਸ ਦੌਰਾਨ ਨਵਜੋਤ ਸਿੱਧੂ ਨੇ ਰਾਮ ਮੰਦਰ ਦੇ ਉਦਘਾਟਨ ਦੀ ਵਧਾਈ ਵੀ ਦਿੱਤੀ। ਉਨ੍ਹਾਂ ਕਿਹਾ, “ਮਹਾਰਾਜਾ ਰਣਜੀਤ ਸਿੰਘ, ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਅੱਜ ਤਕ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਮਹਾਰਾਜਾ ਰਣਜੀਤ ਸਿੰਘ ਨੇ ਜਿੰਨਾ ਸੋਨਾ ਹਰਿਮੰਦਰ ਸਾਹਿਬ ਵਿੱਚ ਦਿਤਾ ਸੀ, ਓਨਾ ਹੀ ਕਾਸ਼ੀ ਵਿਸ਼ਵਨਾਥ ਵਿੱਚ ਦਿਤਾ ਸੀ। ਅੱਜ ਵੀ ਕਾਸ਼ੀ ਵਿਸ਼ਵਨਾਥ ਵਿੱਚ ਸ਼ਾਮ ਦੀ ਆਰਤੀ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਜੈ ਕਿਹਾ ਜਾਂਦਾ ਹੈ। ਰਾਮ ਸੱਭ ਦੇ ਹਨ। ਰਾਮ ਹਰ ਕਣ ਵਿਚ ਮੌਜੂਦ ਹੈ”।

ਸਿੱਧੂ ਨੇ ਕਿਹਾ ਕਿ ਰਾਮ ਮੰਦਿਰ ਬਣਾਇਆ ਵਧੀਆ ਗੱਲ ਹੈ ਪਰ ਸਰਕਾਰ ਨੇ ਲੋਕਾਂ ਦੇ ਨਾਲ ਜੋ ਵਾਅਦਾ ਕੀਤਾ ਸੀ 150 ਕਰੋੜ ਨੌਕਰੀਆਂ ਦੇਣ ਦਾ ਅਤੇ 15 ਲੱਖ ਰੁਪਏ ਹਰ ਵਿਅਕਤੀ ਨੂੰ ਮਿਲਣਗੇ ਪਰ ਮਿਲੇ ਕਿਉਂ ਨਹੀਂ? ਉਨ੍ਹਾਂ ਕੇਂਦਰ ਸਰਕਾਰ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਨਾ ਸਾਨੂੰ ਨੌਕਰੀ ਦੀ ਲੋੜ ਹੈ ਅਤੇ ਨਾ ਸਾਨੂੰ ਪੈਸੇ ਦੀ, ਸਾਨੂੰ ਸਿਰਫ ਲੋੜ ਹੈ ਕਿ ਪੰਜਾਬ ਦੇ ਬਾਡਰ ਖੋਲ੍ਹੇ ਜਾਣ, ਜਿਸਦੇ ਨਾਲ ਪੰਜਾਬ ਦੀ ਆਰਥਿਕ ਸਥਿਤੀ ਮਜਬੂਤ ਹੋਵੇਗੀ।

Related Post