ਸਾਬਕਾ ਕੇਂਦਰੀ ਮੰਤਰੀ ਸ਼ਰਦ ਯਾਦਵ ਦਾ ਦੇਹਾਂਤ, 75 ਸਾਲ ਦੀ ਉਮਰ 'ਚ ਲਏ ਆਖਰੀ ਸਾਹ

By  Ravinder Singh January 13th 2023 08:38 AM -- Updated: January 13th 2023 08:42 AM

ਨਵੀਂ ਦਿੱਲੀ : ਜਨਤਾ ਦਲ ਯੂਨਾਈਟਿਡ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਸ਼ਰਦ ਯਾਦਵ ਦਾ 75 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਗੁਰੂਗ੍ਰਾਮ ਦੇ ਫੋਰਟਿਸ ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਏ। ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।


ਉਨ੍ਹਾਂ ਦੀ ਬੇਟੀ ਸੁਭਾਸ਼ਿਨੀ ਯਾਦਵ ਨੇ ਟਵੀਟ ਕੀਤਾ, "ਪਾਪਾ ਨਹੀਂ ਰਹੇ।" ਬਿਹਾਰ ਦੀ ਰਾਜਨੀਤੀ 'ਚ ਵੱਖਰੀ ਪਛਾਣ ਰੱਖਣ ਵਾਲੇ ਸ਼ਰਦ ਯਾਦਵ ਦੇ ਜਾਣ ਨਾਲ ਹਰ ਕੋਈ ਸੋਗ 'ਚ ਡੁੱਬ ਗਿਆ ਹੈ। ਬਿਹਾਰ ਦੀ ਮਧੇਪੁਰਾ ਸੀਟ ਤੋਂ ਸ਼ਰਦ ਯਾਦਵ ਚਾਰ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਉਹ ਜਨਤਾ ਦਲ ਯੂਨਾਈਟਿਡ (ਜੇਡੀਯੂ) ਦੇ ਪ੍ਰਧਾਨ ਦੇ ਨਾਲ ਕੇਂਦਰ ਵਿੱਚ ਮੰਤਰੀ ਵੀ ਰਹਿ ਚੁੱਕੇ ਹਨ।


ਸ਼ਰਦ ਯਾਦਵ ਸਿਆਸੀ ਪਾਰਟੀ ਜਨਤਾ ਦਲ (ਯੂਨਾਈਟਿਡ) ਦੇ ਸਾਬਕਾ ਕੌਮੀ ਪ੍ਰਧਾਨ ਸਨ। ਉਨ੍ਹਾਂ ਨੇ ਬਿਹਾਰ ਦੇ ਮਧੇਪੁਰਾ ਲੋਕ ਸਭਾ ਹਲਕੇ ਤੋਂ ਚਾਰ ਵਾਰ ਲੋਕ ਸਭਾ ਦੀ ਪ੍ਰਤੀਨਿਧਤਾ ਕੀਤੀ, ਦੋ ਵਾਰ ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ ਲੋਕ ਸਭਾ ਲਈ ਅਤੇ ਇਕ ਵਾਰ ਉੱਤਰ ਪ੍ਰਦੇਸ਼ ਦੇ ਬਦਾਊਨ ਤੋਂ ਲੋਕ ਸਭਾ ਲਈ ਚੁਣਿਆ ਗਿਆ।  ਸ਼ਰਦ ਯਾਦਵ 1974 ਅਤੇ 1977 ਵਿੱਚ ਜਬਲਪੁਰ ਤੋਂ ਲੋਕ ਸਭਾ ਲਈ ਚੁਣੇ ਗਏ ਸਨ।  ਸ਼ਰਦ ਯਾਦਵ ਸ਼ਾਇਦ ਪਹਿਲੇ ਰਾਜਨੇਤਾ ਸਨ ਜੋ ਤਿੰਨ ਰਾਜਾਂ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ ਤੋਂ ਲੋਕ ਸਭਾ ਲਈ ਚੁਣੇ ਗਏ ਸਨ। ਉਨ੍ਹਾਂ ਦਾ ਜਨਮ 1 ਜੁਲਾਈ 1947 ਨੂੰ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਦੇ ਪਿੰਡ ਬੰਦਈ ਵਿੱਚ ਇਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ।

ਇਹ ਵੀ ਪੜ੍ਹੋ : ਲੁਧਿਆਣਾ ’ਚ ਦਾਖਲ ਹੋਈ ਭਾਰਤ ਜੋੜੋ ਯਾਤਰਾ, ਰਾਹੁਲ ਗਾਂਧੀ ਨੇ ਕੀਤਾ ਲੋਕਾਂ ਨੂੰ ਸੰਬੋਧਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਰਦ ਯਾਦਵ ਦੇ ਦੇਹਾਂਤ 'ਤੇ ਦੁੱਖ ਜ਼ਾਹਿਰ ਕੀਤਾ ਹੈ।  ਮੋਦੀ ਨੇ ਟਵੀਟ ਕੀਤਾ, 'ਸ਼ਰਦ ਯਾਦਵ ਜੀ ਦੇ ਦੇਹਾਂਤ 'ਤੇ ਦੁਖੀ ਹਾਂ। ਲੰਬੇ ਜਨਤਕ ਕਰੀਅਰ ਵਿੱਚ, ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਸੰਸਦ ਮੈਂਬਰ ਅਤੇ ਮੰਤਰੀ ਵਜੋਂ ਵੱਖਰਾ ਕੀਤਾ। ਉਹ ਡਾ. ਲੋਹੀਆ ਦੇ ਆਦਰਸ਼ਾਂ ਤੋਂ ਪ੍ਰਭਾਵਿਤ ਸਨ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਮਦਰਦੀ। ਓਮ ਸ਼ਾਂਤੀ।'

Related Post