ਭਾਰਤ ਦੀ 2011 ਵਿਸ਼ਵ ਕੱਪ ਫਾਈਨਲ ਟੀਮ ਵਿੱਚੋਂ ਸਿਰਫ਼ ਵਿਰਾਟ ਖੇਲ ਰਹੇ 2023 ਦਾ ਵਿਸ਼ਵ ਕੱਪ
ਵਿਸ਼ਵ ਕੱਪ 2023 ਲਈ ਜਿਨ੍ਹਾਂ ਖਿਡਾਰੀਆਂ ਨੂੰ ਫਾਈਨਲ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਵਿਰਾਟ ਕੋਹਲੀ ਹੀ ਇੱਕ ਅਜਿਹੇ ਖਿਡਾਰੀ ਨੇ, ਜੋ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਰਹੇ ਹਨ।
World Cup 2023: ਵਨਡੇ ਵਿਸ਼ਵ ਕੱਪ ਸ਼ੁਰੂ ਹੋਣ ਵਾਲਾ ਹੈ ਅਤੇ ਟੀਮ ਇੰਡੀਆ ਦਾ ਰਸਮੀ ਐਲਾਨ ਹੋ ਚੁੱਕਿਆ ਹੈ। ਵਿਸ਼ਵ ਕੱਪ ਲਈ 15 ਖਿਡਾਰੀਆਂ ਨੂੰ ਫਾਈਨਲ ਕੀਤਾ ਗਿਆ ਜਿਸ ਦੀ ਰਸਮੀ ਮਨਜ਼ੂਰੀ ਵੀ ਦਿੱਤੀ ਜਾ ਚੁੱਕੀ ਹੈ। ਇਸ ਟੀਮ ਦੀ ਕਮਾਨ ਕੈਪਟਨ ਰੋਹਿਤ ਸ਼ਰਮਾ ਦੇ ਹੱਥਾਂ 'ਚ ਹੋਵੇਗੀ ਅਤੇ ਕਪਤਾਨ ਦੇ ਤੌਰ 'ਤੇ ਇਹ ਉਨ੍ਹਾਂ ਦਾ ਪਹਿਲਾ ਵਿਸ਼ਵ ਕੱਪ ਹੋਵੇਗਾ। ਉੱਥੇ ਹੀ ਇੱਕ ਖਿਡਾਰੀ ਦੇ ਤੌਰ 'ਤੇ ਉਹ ਤੀਜੀ ਵਾਰ ਵਿਸ਼ਵ ਕੱਪ 'ਚ ਨਜ਼ਰ ਆਉਣਗੇ।
2011 ਵਿਸ਼ਵ ਕੱਪ ਫਾਈਨਲ ਟੀਮ ਦਾ ਹਿੱਸਾ ਰਹੇ ਵਿਰਾਟ ਕੋਹਲੀ
ਦੱਸ ਦੇਈਏ ਕਿ ਵਿਸ਼ਵ ਕੱਪ 2023 ਲਈ ਜਿਨ੍ਹਾਂ ਖਿਡਾਰੀਆਂ ਨੂੰ ਫਾਈਨਲ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਵਿਰਾਟ ਕੋਹਲੀ ਹੀ ਇੱਕ ਅਜਿਹੇ ਖਿਡਾਰੀ ਨੇ, ਜੋ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਰਹੇ ਹਨ। ਕਾਬਲੇਗੌਰ ਹੈ ਕਿ ਸਾਲ 2011 ਵਿੱਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਭਾਰਤ ਨੇ 28 ਸਾਲ ਦੇ ਇੰਤਜ਼ਾਰ ਤੋਂ ਬਾਅਦ ਵਿਸ਼ਵ ਕੱਪ ਜਿੱਤਿਆ ਸੀ। ਹਾਲਾਂਕਿ ਰੋਹਿਤ ਸ਼ਰਮਾ ਉਸ ਟੀਮ ਵਿੱਚ ਥਾਂ ਨਹੀਂ ਬਣਾ ਸਕੇ ਸਨ, ਪਰ ਵਿਰਾਟ ਨੂੰ ਸ਼ਾਮਲ ਕੀਤਾ ਗਿਆ ਸੀ।
ਕਪਤਾਨ ਬਣੇ ਰੋਹਿਤ ਸ਼ਰਮਾ
ਕੋਹਲੀ ਨੇ 2011 ਵਿਸ਼ਵ ਕੱਪ ਵਿੱਚ 9 ਮੈਚਾਂ ਵਿੱਚ 35 ਦੀ ਔਸਤ ਨਾਲ 282 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਇੱਕ ਸੈਂਕੜਾ ਅਤੇ ਇੱਕ ਅਰਧ ਸੈਂਕੜਾ ਵੀ ਲਗਾਇਆ। ਇਸ ਵਿਸ਼ਵ ਕੱਪ ਦੇ ਕੁਝ ਸਾਲਾਂ ਬਾਅਦ ਉਹ ਭਾਰਤ ਦੀ ਟੈਸਟ ਅਤੇ ਵਨਡੇ ਟੀਮ ਦੇ ਕਪਤਾਨ ਵੀ ਬਣ ਗਏ।
2019 ਵਿਸ਼ਵ ਕੱਪ ਵਿੱਚ ਵਿਰਾਟ ਕੋਹਲੀ ਟੀਮ ਇੰਡੀਆ ਦੇ ਕਪਤਾਨ ਸਨ ਅਤੇ ਰੋਹਿਤ ਸ਼ਰਮਾ ਉਪ ਕਪਤਾਨ ਸਨ। ਧੋਨੀ ਨੂੰ ਵੀ ਉਸ ਟੀਮ 'ਚ ਸ਼ਾਮਲ ਕੀਤਾ ਗਿਆ ਸੀ ਪਰ ਭਾਰਤ ਖਿਤਾਬ ਨਹੀਂ ਜਿੱਤ ਸਕਿਆ ਸੀ। ਟੀਮ ਇੰਡੀਆ ਸੈਮੀਫਾਈਨਲ 'ਚ ਨਿਊਜ਼ੀਲੈਂਡ ਤੋਂ ਹਾਰ ਕੇ ਬਾਹਰ ਹੋ ਗਈ ਅਤੇ ਕੋਹਲੀ ਦਾ ਕਪਤਾਨ ਦੇ ਤੌਰ 'ਤੇ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ।
ਉਸ ਵਿਸ਼ਵ ਕੱਪ ਵਿੱਚ ਰੋਹਿਤ ਸਭ ਤੋਂ ਵੱਧ ਸਕੋਰਰ ਸਨ। ਉਨ੍ਹਾਂ ਨੇ ਪੰਜ ਸੈਂਕੜੇ ਲਗਾਏ ਸਨ। ਇਕ ਵਾਰ ਫਿਰ ਤੋਂ ਦੋਵੇਂ ਵਿਸ਼ਵ ਕੱਪ ਵਿਚ ਉਤਰਨਗੇ ਅਤੇ ਇਸ ਵਾਰ ਭੂਮਿਕਾਵਾਂ ਬਦਲ ਗਈਆਂ ਹਨ। ਰੋਹਿਤ ਕਪਤਾਨ ਹੋਣਗੇ ਅਤੇ ਵਿਰਾਟ ਇੱਕ ਖਿਡਾਰੀ ਦੇ ਰੂਪ ਵਿੱਚ ਪ੍ਰਵੇਸ਼ ਕਰਨਗੇ। ਅਜਿਹੇ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਇਹ ਦੋਵੇਂ ਆਪਣੀ ਬਦਲੀ ਹੋਈ ਭੂਮਿਕਾ 'ਚ 4 ਸਾਲ ਪਹਿਲਾਂ ਅਧੂਰਾ ਰਹਿ ਗਿਆ ਕੰਮ ਪੂਰਾ ਕਰ ਪਾਉਂਦੇ ਹਨ ਜਾਂ ਨਹੀਂ।
ਇਹ ਵੀ ਪੜ੍ਹੋ: ICC World Cup 2023: ਆਈਸੀਸੀ ਵਰਲਡ ਕੱਪ 2023 ਬਾਰੇ ਜਾਣੋ ਇਹ 5 ਦਿਲਚਸਪ ਗੱਲ੍ਹਾਂ