ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਕੀਤਾ ਗਿਆ ਨਿਯੁਕਤ

By  Jasmeet Singh June 16th 2023 11:34 AM -- Updated: June 16th 2023 01:46 PM

ਅੰਮ੍ਰਿਤਸਰ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਵਾਂ ਜਥੇਦਾਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਅਹੁਦਾ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਚਾਰਜ ਛੱਡਣ ਤੋਂ ਬਾਅਦ ਸੌਂਪਿਆ ਗਿਆ ਹੈ। 

ਕਾਬਲੇਗੌਰ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਅਤੇ ਬਾਬਾ ਟੇਕ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਨਾਵਾਂ ਦੀ ਚਰਚਾ ਸੀ। ਜਿਸ ਮਗਰੋਂ ਅਗਜ਼ੈਕਟਿਵ ਬੋਡੀ ਦੀ ਮੀਟਿੰਗ 'ਚ ਗਿਆਨੀ ਰਘਬੀਰ ਸਿੰਘ ਨੂੰ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਦਿੱਤਾ ਗਿਆ ਹੈ। 

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੋ ਪਹਿਲਾਂ ਤੋਂ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਜਥੇਦਾਰ ਨੇ, ਉਹ ਆਪਣੇ ਅਹੁਦੇ 'ਤੇ ਨਿਯੁਕਤ ਰਹਿਣਗੇ। ਗਿਆਨੀ ਜੀ ਬਤੌਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ, ਕਾਰਜਕਾਰੀ ਜਥੇਦਾਰੀ ਨੂੰ ਸਮਰਪਿਤ ਰਹੇ ਹਨ।

ਗਿਆਨੀ ਰਘਬੀਰ ਸਿੰਘ ਬਾਰੇ ਅਹਿਮ ਜਾਣਕਾਰੀ

ਗਿਆਨੀ ਰਘਬੀਰ ਸਿੰਘ ਦਾ ਜਨਮ ਪਿਤਾ ਸਰਦਾਰ ਬਚਨ ਸਿੰਘ ਅਤੇ ਮਾਤਾ ਸਰਦਾਰਨੀ ਸਵਿੰਦਰ ਕੌਰ ਦੇ ਗ੍ਰਹਿ ਵਿਖੇ ਪਿੰਡ ਸੁਲਤਾਨਵਿੰਡ, ਪੱਤੀ ਮਨਸੂਰ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਿਤੀ 29 ਮਾਰਚ 1970 ਨੂੰ ਹੋਇਆ। ਉਨ੍ਹਾਂ ਦੀਆਂ 2 ਬੇਟੀਆਂ ਅਤੇ ਇੱਕ ਬੇਟਾ ਹੈ। 

ਗਿਆਨੀ ਜੀ ਸਾਲ 1989 ਵਿੱਚ ਬਤੌਰ ਅਖੰਡ ਪਾਠੀ ਭਰਤੀ ਹੋਏ ਸਨ। ਉਹ 1982 ਵਿੱਚ ਗ੍ਰੰਥੀ ਸਿੰਘ ਬਣੇ। ਸਾਲ 1992 ਤੋਂ 1995 ਤੱਕ ਉਨ੍ਹਾਂ ਵੱਖ-ਵੱਖ ਸਥਾਨਾਂ 'ਤੇ ਬਤੌਰ ਗ੍ਰੰਥੀ ਸਿੰਘ ਸੇਵਾ ਨਿਭਾਈ। ਉਨ੍ਹਾਂ ਸਾਲ 1995 ਵਿੱਚ ਪੰਜ ਪਿਆਰਾਂ 'ਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸੇਵਾ ਦੀ ਅਰੰਭਤਾ ਕੀਤੀ ਅਤੇ ਸਾਲ 1995 ਤੋਂ 21 ਅਪ੍ਰੈਲ 2014 ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਤੌਰ ਪੰਜ ਪਿਆਰਾਂ 'ਚ ਸੇਵਾ ਨਿਭਾਈ। 

ਗਿਆਨੀ ਜੀ ਨੇ 21 ਅਪ੍ਰੈਲ 2014 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਸਿੰਘ ਦੇ ਤੋਰ 'ਤੇ ਸੇਵਾ ਸੰਭਾਲੀ। 24 ਅਗਸਤ 2017 ਨੂੰ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਗਿਆਨੀ ਮੱਲ ਸਿੰਘ ਦੇ ਦਿਹਾਂਤ ਤੋਂ ਬਾਅਦ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਗ੍ਰੰਥੀ ਸਿੰਘ ਦੇ ਨਾਲ-ਨਾਲ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਸੇਵਾ ਸੰਭਾਲੀ, ਜੋ ਹੁਣ ਤੱਕ ਵੀ ਜਾਰੀ ਸੀ।

ਗਿਆਨੀ ਜੀ ਨੇ ਹਮੇਸ਼ਾਂ ਸੇਵਾ ਕਰਦਿਆਂ ਤਨਦੇਹੀ ਅਤੇ ਇਕਾਗਰਤਾ ਦੇ ਨਾਲ ਜਿੰਮੇਵਾਰੀਆਂ ਨਿਭਾਈਆਂ ਨੇ ਅਤੇ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰੂ ਚਰਨਾਂ ਦੇ ਨਾਲ ਜੋੜਨ ਦਾ ਯਤਨ ਕੀਤਾ।

ਕੌਣ ਹੋਵੇਗਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਨਵਾਂ ਜਥੇਦਾਰ?


ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜੋ ਕਿ ਇਸ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਤੌਰ ਗ੍ਰੰਥੀ ਸਿੰਘ ਸੇਵਾ ਨਿਭਾ ਰਹੇ ਹਨ। ਉਨ੍ਹਾਂ ਨੂੰ ਗਿਆਨੀ ਰਘਬੀਰ ਸਿੰਘ ਜੀ ਦੀ ਥਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਨਵਾਂ ਜਥੇਦਾਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਬਤੌਰ ਗ੍ਰੰਥੀ ਸਿੰਘ ਆਪਣੀ ਸ਼ੁਰੂਆਤ ਕੀਤੀ ਸੀ। ਉਸ ਉਪਰੰਤ ਉਨ੍ਹਾਂ ਬਤੌਰ ਪੰਜ ਪਿਆਰਾਂ 'ਚ ਸ੍ਰੀ ਅਕਾਲ ਤਖਤ ਵਿਖੇ ਸੇਵਾ ਨਿਭਾਈ। ਗਿਆਨੀ ਜੀ ਨੇ ਤਕਰੀਬਨ 7 ਸਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਨਿਭਾਈ ਹੈ। ਉਹ ਸਾਲ 2021 ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਨਿਭਾਅ ਰਹੇ ਹਨ। ਗਿਆਨੀ ਸੁਲਤਾਨ ਸਿੰਘ ਜੀ ਗੁਰੂਵਾਲੀ, ਜ਼ਿਲ੍ਹਾ ਅਮ੍ਰਿੰਤਸਰ ਸਾਹਿਬ ਨਾਲ ਸੰਬੰਧਿਤ ਹਨ।

ਹੋਰ ਖਬਰਾਂ ਪੜ੍ਹੋ: 

Related Post