ਸਤਿਕਾਰਯੋਗ ਪਦਵੀ ਤੇ ਹੁੰਦੇ ਸੰਗਤ ਅੰਦਰ ਭਰਮ ਪੈਦਾ ਕਰਨੇ ਜਾਇਜ਼ ਨਹੀਂ, ਗਿਆਨੀ ਰਘਬੀਰ ਸਿੰਘ ਦੇ ਬਿਆਨ ਤੇ ਬੋਲੇ ਗਿਆਨੀ ਗੁਰਮੁਖ ਸਿੰਘ

Giani Raghbir Singh Controversy : ਉਨ੍ਹਾਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਵੱਲੋਂ ਕਿਰਪਾਨ ਦੇ ਮੁੱਠੇ ਬਾਰੇ ਉਠਾਇਆ ਸਵਾਲ ਵੀ ਬਿਲਕੁਲ ਬੇਬੁਨਿਆਦ ਹੈ। ਉਨ੍ਹਾਂ ਸੰਗਤਾਂ ਵੀ ਅਪੀਲ ਕੀਤੀ ਕਿ ਅਜਿਹੇ ਗੁਮਰਾਹਕੁਨ ਪ੍ਰਚਾਰ ਤੋਂ ਸੁਚੇਤ ਰਿਹਾ ਜਾਵੇ।

By  KRISHAN KUMAR SHARMA February 18th 2026 08:58 PM

Giani Raghbir Singh Controversy : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਮੀਡੀਆ ਨੂੰ ਦਿੱਤੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਨੇ ਕਿਹਾ ਕਿ ਸਾਕਾ ਸ੍ਰੀ ਨਨਕਾਣਾ ਸਾਹਿਬ ਸਮੇਂ ਜ਼ਖਮੀ ਹੋਏ ਪਾਵਨ ਸਰੂਪ ਦੀ ਸੇਵਾ ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਪੂਰੇ ਸਤਿਕਾਰ ਨਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਾਵਨ ਸ਼ਸ਼ਤਰਾਂ ਦੇ ਮਾਮਲੇ ਤੇ ਵੀ ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਦੀ ਸੇਵਾ ਵੀ ਮਾਹਿਰਾਂ ਦੀ ਰਾਏ ਅਨੁਸਾਰ ਜ਼ਰੂਰਤ ਨੂੰ ਮੁੱਖ ਰੱਖਦਿਆਂ ਕੀਤੀ ਗਈ ਸੀ। ਗਿਆਨੀ ਗੁਰਮੁਖ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਸੇਵਾ ਅਤੇ ਪਾਵਨ ਸ਼ਸ਼ਤਰਾਂ ਦੀ ਸੇਵਾ ਸਮੇਂ ਗਿਆਨੀ ਰਘਬੀਰ ਸਿੰਘ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੇਵਾ ਨਿਭਾ ਰਹੇ ਸਨ। 

ਉਨ੍ਹਾਂ ਕਿਹਾ ਕਿ ਸਤਿਕਾਰਯੋਗ ਪਦਵੀ ਤੇ ਹੁੰਦਿਆਂ ਸਿੱਖ ਭਾਵਨਾਵਾਂ ਨਾਲ ਜੁੜੇ ਹੋਏ ਇਨ੍ਹਾਂ ਮਾਮਲਿਆਂ ਸਬੰਧੀ ਸੰਗਤਾਂ ਅੰਦਰ ਭਰਮ ਪੈਦਾ ਕਰਨੇ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਉਨ੍ਹਾਂ ਸਪੱਸ਼ਟ ਕੀਤਾ ਕਿ ਸਾਕਾ ਸ੍ਰੀ ਨਨਕਾਣਾ ਸਾਹਿਬ ਨਾਲ ਸੰਬੰਧਿਤ ਜ਼ਖਮੀ ਹੋਏ ਪਾਵਨ ਸਰੂਪ ਸਲਾਬ ਕਾਰਨ ਖਰਾਬ ਹੋ ਰਹੇ ਸਨ ਜਿਸ ਦੀ ਸੰਭਾਲ ਲਈ ਸਿੱਖ ਸੰਸਥਾ ਨੇ ਆਪਣੀ ਜਿਮੇਵਾਰੀ ਸਮਝਦਿਆਂ ਇਸ ਦੀ ਸੇਵਾ ਕਰਵਾਉਣ ਦਾ ਫੈਸਲਾ ਕੀਤਾ ਸੀ। ਇਸ ਦੀ ਸੇਵਾ ਦੌਰਾਨ ਅਨੇਕਾਂ ਸੰਗਤਾਂ ਨੇ ਇਸ ਦੇ ਦਰਸ਼ਨ ਕੀਤੇ ਹਨ। 

ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨਾਲ ਸਬੰਧਤ ਪਾਵਨ ਸ਼ਸਤਰਾਂ ਦੀ ਸੇਵਾ ਕਰਵਾਉਣ ਦੀ ਜ਼ਰੂਰਤ ਵੀ ਤਾਂ ਸੀ ਕਿਉਂਕਿ ਜੂਨ 1984 ਦੇ ਫੌਜੀ ਹਮਲੇ ਸਮੇਂ ਇਹ ਨੁਕਸਾਨੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਦੀ ਕਾਰ ਸੇਵਾ ਹਜੂ਼ੂਰ ਸਾਹਿਬ ਵਾਲੇ ਬਾਬਾ ਬਲਵਿੰਦਰ ਸਿੰਘ ਤੇ ਬਾਬਾ ਨਰਿੰਦਰ ਸਿੰਘ ਨੂੰ ਸੌਂਪੀ ਗਈ ਸੀ ਜਿਨ੍ਹਾਂ ਨੇ ਮਾਹਰ ਕਾਰੀਗਰਾਂ ਰਾਹੀਂ ਇਹ ਸੇਵਾ ਕਰਵਾਈ। ਇਸ ਸੇਵਾ ਦੌਰਾਨ ਪੁਰਾਤਨਤਾ ਅਤੇ ਸਤਿਕਾਰ ਦਾ ਪੂਰਾ ਧਿਆਨ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਵੱਲੋਂ ਕਿਰਪਾਨ ਦੇ ਮੁੱਠੇ ਬਾਰੇ ਉਠਾਇਆ ਸਵਾਲ ਵੀ ਬਿਲਕੁਲ ਬੇਬੁਨਿਆਦ ਹੈ। ਉਨ੍ਹਾਂ ਸੰਗਤਾਂ ਵੀ ਅਪੀਲ ਕੀਤੀ ਕਿ ਅਜਿਹੇ ਗੁਮਰਾਹਕੁਨ ਪ੍ਰਚਾਰ ਤੋਂ ਸੁਚੇਤ ਰਿਹਾ ਜਾਵੇ।

Related Post