Zirakpur Police : ਬਲਟਾਣਾ ਪੁਲਿਸ ਚੌਕੀ ਅੱਗੇ ਕੁੜੀ ਨੇ ਖੁਦ ਨੂੰ ਲਾਈ ਅੱਗ, 11 ਦਿਨਾਂ ਬਾਅਦ ਹਸਪਤਾਲ ਚ ਹਾਰੀ ਜ਼ਿੰਦਗੀ ਦੀ ਜੰਗ

Mohali News : ਜ਼ੀਰਕਪੁਰ ਦੇ ਬਲਟਾਣਾ ਪੁਲਿਸ ਸਟੇਸ਼ਨ ਅੱਗੇ ਖੁਦ ਨੂੰ ਅੱਗ ਲਗਾਉਣ ਵਾਲੀ ਕੁੜੀ ਦਾ 80 ਫ਼ੀਸਦੀ ਸੜਨ ਤੋਂ ਬਾਅਦ ਪੀਜੀਆਈ ਵਿੱਚ 11 ਦਿਨਾਂ ਤੋਂ ਇਲਾਜ ਚੱਲ ਰਿਹਾ ਸੀ ਅਤੇ ਲਗਾਤਾਰ ਹਾਲਤ ਗੰਭੀਰ ਬਣੀ ਹੋਈ ਸੀ, ਪਰ ਅਖੀਰ ਉਸ ਦੀ ਮੌਤ ਹੋ ਗਈ ਹੈ।

By  KRISHAN KUMAR SHARMA May 10th 2026 07:17 PM -- Updated: May 10th 2026 07:55 PM

Mohali News : ਜ਼ੀਰਕਪੁਰ ਦੇ ਬਲਟਾਣਾ ਪੁਲਿਸ ਸਟੇਸ਼ਨ (Zirakpur Police) ਦੇ ਬਾਹਰ ਆਪਣੇ-ਆਪ ਨੂੰ ਅੱਗ ਲਗਾਉਣ ਵਾਲੀ 28 ਸਾਲਾ ਕੁੜੀ ਅੱਜ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਜ਼ਿੰਦਗੀ ਦੀ ਲੜਾਈ ਹਾਰ ਗਈ। ਉਹ 80 ਫ਼ੀਸਦੀ ਸੜਨ ਤੋਂ ਬਾਅਦ ਪੀਜੀਆਈ ਵਿੱਚ 11 ਦਿਨਾਂ ਤੋਂ ਇਲਾਜ ਚੱਲ ਰਿਹਾ ਸੀ ਅਤੇ ਲਗਾਤਾਰ ਹਾਲਤ ਗੰਭੀਰ ਬਣੀ ਹੋਈ ਸੀ, ਪਰ ਅਖੀਰ ਉਸ ਦੀ ਮੌਤ ਹੋ ਗਈ ਹੈ।

ਪਰਿਵਾਰ ਨੇ ਪੁਲਿਸ 'ਤੇ ਲਾਏ ਇਲਜ਼ਾਮ

ਪੀੜਤਾ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਉਹ ਜਿਨਸੀ ਸ਼ੋਸ਼ਣ ਅਤੇ ਧੋਖਾਧੜੀ ਦੇ ਮਾਮਲੇ ਵਿੱਚ ਇਨਸਾਫ਼ ਨੂੰ ਲੈ ਕੇ ਇੱਕ ਮੁੰਡੇ ਖਿਲਾਫ਼ ਐਫਆਈਆਰ ਦਰਜ ਕਰਵਾਉਣ ਲਈ ਕਈ ਦਿਨਾਂ ਤੋਂ ਪੁਲਿਸ ਸਟੇਸ਼ਨ ਦੇ ਗੇੜੇ ਕੱਟ ਰਹੀ ਸੀ, ਪਰੰਤੂ ਹਰ ਵਾਰ ਪੁਲਿਸ ਵੱਲੋਂ ਉਸ ਨੂੰ ਲਾਰਾ ਲਾ ਕੇ ਟਾਲ ਦਿੱਤਾ ਜਾਂਦਾ ਸੀ।

ਬਲਟਾਣਾ ਚੌਕੀ ਦੇ ਦੋ ਪੁਲਿਸ ਮੁਲਾਜ਼ਮ ਪੁਲਿਸ ਲਾਈਨ ਤਬਦੀਲ

ਉਹ ਲਗਭਗ 80% ਝੁਲਸ ਗਈ ਸੀ। ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਕੁੜੀ ਨੇ ਪਹਿਲੀ ਵਾਰ ਅਗਸਤ 2025 ਵਿੱਚ ਚੰਡੀਮੰਦਰ ਪੁਲਿਸ ਕੋਲ ਪਹੁੰਚ ਕੀਤੀ ਸੀ, ਜਿਸ ਵਿੱਚ ਉਸਨੇ ਉੱਤਰ ਪ੍ਰਦੇਸ਼ ਦੇ ਸ਼ੋਇਬ ਨਾਮਕ ਇੱਕ ਸੈਲੂਨ ਮਾਲਕ 'ਤੇ ਧੋਖਾਧੜੀ ਅਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਪੁਲਿਸ ਨੇ ਬਾਅਦ ਵਿੱਚ ਉਸਨੂੰ ਮੁਹਾਲੀ ਪੁਲਿਸ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ, ਕਿਉਂਕਿ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਦੀਆਂ ਘਟਨਾ ਬਲਟਾਣਾ ਦੇ ਇੱਕ ਹੋਟਲ ਵਿੱਚ ਵਾਪਰੀ ਸੀ।

ਦੱਸ ਦਈਏ ਕਿ ਪਿਛਲੇ ਮਹੀਨੇ ਕੁੜੀ ਵੱਲੋਂ ਖੁਦ ਨੂੰ ਅੱਗ ਲਗਾਏ ਜਾਣ ਤੋਂ ਬਾਅਦ ਮੁਹਾਲੀ ਪੁਲਿਸ ਨੇ ਬਲਟਾਣਾ ਪੁਲਿਸ ਚੌਕੀ ਤੋਂ ਦੋ ਪੁਲਿਸ ਮੁਲਾਜ਼ਮਾਂ ਨੂੰ ਪੁਲਿਸ ਲਾਈਨਜ਼ ਵਿੱਚ ਤਬਦੀਲ ਕਰ ਦਿੱਤਾ ਸੀ ਅਤੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਸੀ। ਨਾਲ ਹੀ ਜ਼ੀਰਕਪੁਰ ਪੁਲਿਸ ਨੇ ਦਰੀਆ ਰੇਲਵੇ ਸਟੇਸ਼ਨ ਨੇੜੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ।

'ਪੁਲਿਸ ਸਮੇਂ ਸਿਰ ਕਾਰਵਾਈ ਕਰਦੀ ਤਾਂ ਉਸ ਦੀ ਧੀ ਅੱਜ ਜਿੰਦਾ ਹੁੰਦੀ'

ਮ੍ਰਿਤਕਾ ਦੀ ਮਾਂ ਨੇ ਰੋਂਦੇ ਹੋਏ ਪੁਲਿਸ 'ਤੇ ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਾਇਆ। ਉਨ੍ਹਾਂ ਨੇ ਕਿਹਾ ਕਿ ਜੇਕਰ ਪੁਲਿਸ ਪਹਿਲਾਂ ਕਾਰਵਾਈ ਕਰਦੀ ਤਾਂ ਉਸਦੀ ਧੀ ਅੱਜ ਵੀ ਜ਼ਿੰਦਾ ਹੁੰਦੀ। ਉਨ੍ਹਾਂ ਨੇ ਦੱਸਿਆ ਕਿ ਉਸਦੀ ਧੀ ਪਰਿਵਾਰ ਦੀ ਇਕਲੌਤੀ ਕਮਾਉਣ ਵਾਲੀ ਮੈਂਬਰ ਸੀ।

ਮਹਿਲਾ ਕਮਿਸ਼ਨ ਨੇ ਲਿਆ ਘਟਨਾ ਦਾ ਨੋਟਿਸ

ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਵੀ ਪੁਲਿਸ ਦੀ ਕਥਿਤ ਲਾਪਰਵਾਹੀ ਅਤੇ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ 'ਤੇ ਚਿੰਤਾ ਜਤਾਉਂਦੇ ਹੋਏ ਇਸ ਘਟਨਾ ਦਾ ਖੁਦ ਨੋਟਿਸ ਲਿਆ ਹੈ। ਕਮਿਸ਼ਨ ਨੇ ਮੁਹਾਲੀ ਦੇ ਐਸਐਸਪੀ ਨੂੰ ਐਸਪੀ ਰੈਂਕ ਦੇ ਅਧਿਕਾਰੀ ਰਾਹੀਂ ਤੁਰੰਤ ਜਾਂਚ ਕਰਨ ਅਤੇ ਕਾਰਵਾਈ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

Related Post