Moga illegal Mining News : ਨਾਜਾਇਜ਼ ਮਾਈਨਿੰਗ ਤੋਂ ਪਰੇਸ਼ਾਨ ਕਿਸਾਨ ਨੇ ਸ਼ੁਰੂ ਕੀਤਾ ਵੱਡਾ ਸੰਘਰਸ਼; ਅੰਨ-ਜਲ ਦਾ ਕੀਤਾ ਤਿਆਗ
Moga illegal Mining News : ਸਤਲੁਜ ਦਰਿਆ ਨਾਲ ਲੱਗਦੇ ਪਿੰਡ ਨਾਨਕ ਨਗਰ ਚੱਕ ਭੋਰਾ ਦੇ ਕਿਸਾਨ ਭਜਨ ਸਿੰਘ ਨੇ ਮਾਈਨਿੰਗ ਲਈ ਚੱਲ ਰਹੀਆਂ ਟਰੈਕਟਰ-ਟਰਾਲੀਆਂ ’ਤੇ ਟਿੱਪਰਾਂ ਤੋਂ ਤੰਗ ਆ ਕੇ ਆਪਣੇ ਖੇਤ ਮੋਟਰ 'ਤੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਕਿਸਾਨ ਦਾ ਕਹਿਣਾ ਹੈ ਕਿ ਜਦ ਤੱਕ ਪ੍ਰਸ਼ਾਸਨ ਇਸ ਸਮੱਸਿਆ ਦਾ ਪੱਕਾ ਹੱਲ ਨਹੀਂ ਕਰਦਾ, ਉਹ ਅੰਨ-ਜਲ ਤਿਆਗ ਕੇ ਸੰਘਰਸ਼ ਜਾਰੀ ਰੱਖਣਗੇ।
ਪੀੜਤ ਕਿਸਾਨ ਦੇ ਪੁੱਤਰ ਰਾਮ ਸਿੰਘ ਨੇ ਇਲਜ਼ਾਮ ਲਗਾਇਆ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲੇ ਲੋਕ ਰਾਤ ਸਮੇਂ ਖੇਤਾਂ ਵਿੱਚੋਂ ਲੰਘਦੇ ਰਸਤੇ ਦੀ ਵਰਤੋਂ ਕਰਦੇ ਹਨ। ਰੇਤ ਨਾਲ ਭਰੇ ਟਰੈਕਟਰ-ਟਰਾਲੇ ਫਸਲਾਂ ਨੂੰ ਕੁਚਲ ਕੇ ਵੱਡਾ ਨੁਕਸਾਨ ਕਰ ਰਹੇ ਹਨ। ਕਈ ਵਾਰ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ।
ਪੀੜਤ ਕਿਸਾਨ ਦੇ ਬੇਟੇ ਨੇ ਪ੍ਰਸ਼ਾਸਨ 'ਤੇ ਮਿਲੀ ਭੁਗਤ ਦੇ ਗੰਭੀਰ ਇਲਜ਼ਾਮ ਲਗਾਏ। ਪੀੜਤ ਕਿਸਾਨ ਦੇ ਬੇਟੇ ਰਾਮ ਸਿੰਘ ਨੇ ਇਲਜ਼ਾਮ ਲਗਾਇਆ ਕਿ 2004 ਤੋਂ ਲੈ ਕੇ ਹੁਣ ਤੱਕ ਸਤਲੁਜ ਦਰਿਆ ਵਿੱਚ ਕਾਨੂੰਨੀ ਅਤੇ ਗੈਰ-ਕਾਨੂੰਨੀ ਦੋਵੇਂ ਤਰੀਕਿਆਂ ਨਾਲ ਮਾਈਨਿੰਗ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਸਰਕਾਰੀ ਨੀਤੀਆਂ ਦੀ ਆੜ ਹੇਠ ਰੇਤ ਮਾਫੀਆ ਨਾਲ ਮਿਲ ਕੇ ਧੜੱਲੇ ਨਾਲ ਨਾਜਾਇਜ਼ ਮਾਈਨਿੰਗ ਕਰ ਰਹੇ ਹਨ, ਜਿਸ ਨਾਲ ਸਰਕਾਰ ਨੂੰ ਲੱਖਾਂ ਰੁਪਏ ਦਾ ਨੁਕਸਾਨ ਅਤੇ ਕਿਸਾਨਾਂ ਦੀਆਂ ਫਸਲਾਂ ਦੀ ਬਰਬਾਦੀ ਹੋ ਰਹੀ ਹੈ।
ਪੀੜਤ ਕਿਸਾਨ ਭਜਨ ਸਿੰਘ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਾਂ ਮਾਈਨਿੰਗ ਬੰਦ ਹੋਵੇਗੀ ਜਾਂ ਮੇਰੀ ਮੌਤ ਹੋਵੇਗੀ। ਮਰਨ ਵਰਤ 'ਤੇ ਬੈਠੇ ਕਿਸਾਨ ਭਜਨ ਸਿੰਘ ਨੇ ਸਪੱਸ਼ਟ ਕਿਹਾ ਹੈ ਕਿ ਜਦ ਤੱਕ ਪ੍ਰਸ਼ਾਸਨ ਮਾਈਨਿੰਗ ਕਾਰਨ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਠੋਸ ਕਦਮ ਨਹੀਂ ਚੁੱਕਦਾ, ਉਹ ਆਪਣਾ ਮਰਨ ਵਰਤ ਨਹੀਂ ਤੋੜੇਗਾ। ਇਸ ਮਾਮਲੇ ਨੇ ਇਲਾਕੇ ਵਿੱਚ ਚਰਚਾ ਅਤੇ ਰੋਸ ਨੂੰ ਹੋਰ ਤੇਜ਼ ਕਰ ਦਿੱਤਾ ਹੈ।
ਪਿੰਡ ਲੋਕਾਂ ਨੇ ਦਾਅਵਾ ਕੀਤਾ ਕਿ ਜਦੋਂ ਵੀ ਪੁਲਿਸ ਕਾਰਵਾਈ ਲਈ ਆਉਂਦੀ ਹੈ ਤਾਂ ਪਹਿਲਾਂ ਹੀ ਹੂਟਰ ਵਜਾ ਕੇ ਮਾਈਨਿੰਗ ਕਰਨ ਵਾਲਿਆਂ ਨੂੰ ਚਿਤਾਵਨੀ ਦੇ ਦਿੱਤੀ ਜਾਂਦੀ ਹੈ। ਜਿਸ ਕਾਰਨ ਟਰਾਲੀਆਂ ਖੇਤਾਂ ਵਿੱਚ ਉਤਾਰ ਦਿੱਤੀਆਂ ਜਾਂਦੀਆਂ ਹਨ ਅਤੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੁੰਦਾ ਹੈ। ਰੋਕਣ 'ਤੇ ਗਾਲੀ-ਗਲੋਚ ਅਤੇ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ : Amritsar ’ਚ ਸਿਆਸਤ ਦੀ ਭੇਂਟ ਚੜ੍ਹੀ ਮਾਸੂਮ ਬੱਚੀ ! AAP ਹਲਕਾ ਇੰਚਾਰਜ ਤਲਬੀਰ ਗਿੱਲ ’ਤੇ ਲੱਗੇ ਗੰਭੀਰ ਇਲਜ਼ਾਮ
- PTC NEWS