PTC News
Search

ਗੁਲਵੀਰ ਸਿੰਘ ਨੇ ਚਾਂਦੀ ਦਾ ਜਿੱਤਿਆ ਤਗਮਾ, ਵਿਥਿਆ ਰਾਮਰਾਜ ਨੇ ਪੀਟੀ ਊਸ਼ਾ ਦਾ 42 ਸਾਲ ਪੁਰਾਣਾ ਰਿਕਾਰਡ ਤੋੜਿਆ

ਸੋਮਵਾਰ (28 ਸਤੰਬਰ) ਨੂੰ ਭਾਰਤ ਦੇ ਗੁਲਵੀਰ ਸਿੰਘ ਨੇ 1500 ਮੀਟਰ ਦੌੜ ਵਿੱਚ ਆਪਣਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤਿਆ।

By  Amritpal Singh September 28th 2026 05:35 PM

Asian Games 2026: ਸੋਮਵਾਰ (28 ਸਤੰਬਰ) ਨੂੰ ਭਾਰਤ ਦੇ ਗੁਲਵੀਰ ਸਿੰਘ ਨੇ 1500 ਮੀਟਰ ਦੌੜ ਵਿੱਚ ਆਪਣਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ, ਮਹਿਲਾ ਦੌੜਾਕ ਵਿਥਿਆ ਰਾਮਰਾਜ ਨੇ 400 ਮੀਟਰ ਅੜਿੱਕਾ ਦੌੜ (hurdles) ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਮਹਾਨ ਅਥਲੀਟ ਪੀ.ਟੀ. ਊਸ਼ਾ ਦੇ 42 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ।

ਗੁਲਵੀਰ ਨੇ ਇਹ ਦੌੜ 3:36.72 ਮਿੰਟਾਂ ਵਿੱਚ ਪੂਰੀ ਕੀਤੀ, ਜੋ ਉਸਦਾ ਨਿੱਜੀ ਸਰਵੋਤਮ ਪ੍ਰਦਰਸ਼ਨ ਸੀ। ਇਸ ਮੁਕਾਬਲੇ ਵਿੱਚ ਜਾਪਾਨ ਦੇ ਕਾਜ਼ੂਤੋ ਆਈਜ਼ਾਵਾ ਨੇ ਸੋਨੇ ਦਾ ਤਗਮਾ ਜਿੱਤਿਆ, ਜਦਕਿ ਕਾਂਸੀ ਦਾ ਤਗਮਾ ਵੀ ਜਾਪਾਨ ਦੇ ਹੀ ਨਾਗੀਆ ਮੋਰੀ ਨੇ ਹਾਸਲ ਕੀਤਾ। ਸੋਨ ਤਗਮਾ ਜੇਤੂ ਕਾਜ਼ੂਤੋ ਨੇ ਦੌੜ 3:36.35 ਮਿੰਟਾਂ ਵਿੱਚ ਪੂਰੀ ਕੀਤੀ, ਜਦਕਿ ਕਾਂਸੀ ਤਗਮਾ ਜੇਤੂ ਨਾਗੀਆ ਨੇ 3:37.92 ਮਿੰਟਾਂ ਵਿੱਚ ਦੌੜ ਪੂਰੀ ਕੀਤੀ।

ਗੁਲਵੀਰ ਦਾ ਦੂਜਾ ਤਗਮਾ

ਇਸ ਤੋਂ ਪਹਿਲਾਂ, ਸ਼ੁੱਕਰਵਾਰ ਨੂੰ ਗੁਲਵੀਰ ਨੇ ਪੁਰਸ਼ਾਂ ਦੀ 10,000 ਮੀਟਰ ਦੌੜ ਵਿੱਚ 28:29.38 ਮਿੰਟਾਂ ਦਾ ਸਮਾਂ ਲੈਂਦਿਆਂ ਚਾਂਦੀ ਦਾ ਤਗਮਾ ਜਿੱਤਿਆ ਸੀ।

ਪੀ.ਟੀ. ਊਸ਼ਾ ਦਾ ਰਿਕਾਰਡ ਟੁੱਟਿਆ

ਵਿਥਿਆ ਨੇ ਦੌੜ 54.75 ਸਕਿੰਟਾਂ ਵਿੱਚ ਪੂਰੀ ਕੀਤੀ ਜੋ ਉਸਦਾ ਨਿੱਜੀ ਸਰਵੋਤਮ ਪ੍ਰਦਰਸ਼ਨ ਸੀ ਅਤੇ ਇਸ ਤਰ੍ਹਾਂ ਉਸਨੇ ਪੀ.ਟੀ. ਊਸ਼ਾ ਦੇ 42 ਸਾਲ ਪੁਰਾਣੇ ਰਾਸ਼ਟਰੀ ਰਿਕਾਰਡ ਨੂੰ ਤੋੜ ਦਿੱਤਾ। ਮਹਾਨ ਅਥਲੀਟ ਪੀ.ਟੀ. ਊਸ਼ਾ ਨੇ 1984 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਵਿੱਚ 55.42 ਸਕਿੰਟਾਂ ਦਾ ਰਾਸ਼ਟਰੀ ਰਿਕਾਰਡ ਬਣਾਇਆ ਸੀ, ਹੁਣ ਇਹ ਰਿਕਾਰਡ ਵਿਥਿਆ ਰਾਮਰਾਜ ਦੇ ਨਾਂ ਦਰਜ ਹੋ ਗਿਆ ਹੈ।

ਇਸ ਮੁਕਾਬਲੇ ਵਿੱਚ, ਯੂਏਈ (UAE) ਦੀ ਮਰੀਅਮ ਕਰੀਮ ਨੇ ਪਹਿਲੇ ਸਥਾਨ 'ਤੇ ਰਹਿੰਦਿਆਂ ਸੋਨੇ ਦਾ ਤਗਮਾ ਜਿੱਤਿਆ, ਜਦਕਿ ਕਜ਼ਾਕਿਸਤਾਨ ਦੀ ਐਡੇਲੀਨਾ ਜੇਮਜ਼ ਨੇ ਦੂਜੇ ਸਥਾਨ 'ਤੇ ਰਹਿੰਦਿਆਂ ਚਾਂਦੀ ਦਾ ਤਗਮਾ ਹਾਸਲ ਕੀਤਾ। ਮਰੀਅਮ ਨੇ ਦੌੜ 54.31 ਸਕਿੰਟਾਂ ਵਿੱਚ ਪੂਰੀ ਕੀਤੀ। ਐਡੇਲੀਨਾ ਨੇ ਦੌੜ 54.58 ਸਕਿੰਟਾਂ ਵਿੱਚ ਪੂਰੀ ਕੀਤੀ।

ਵਿਥਿਆ ਰਾਮਰਾਜ ਦਾ ਦੂਜਾ ਤਗਮਾ

ਇਹ ਚੱਲ ਰਹੀਆਂ ਏਸ਼ੀਆਈ ਖੇਡਾਂ ਵਿੱਚ ਵਿਥਿਆ ਰਾਮਰਾਜ ਦਾ ਦੂਜਾ ਤਗਮਾ ਹੈ। ਉਸਨੇ ਇਸ ਤੋਂ ਪਹਿਲਾਂ 4x400 ਮੀਟਰ ਮਿਕਸਡ ਰਿਲੇਅ ਟੀਮ ਦੇ ਹਿੱਸੇ ਵਜੋਂ ਚਾਂਦੀ ਦਾ ਤਗਮਾ ਜਿੱਤਿਆ ਸੀ। ਉਹ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਭਾਰਤ ਦੀ ਤਗਮਾ ਸੂਚੀ 40 ਦੇ ਅੰਕ ਤੋਂ ਪਾਰ

ਏਸ਼ੀਆਈ ਖੇਡਾਂ ਵਿੱਚ ਭਾਰਤ ਦੀ ਤਗਮਾ ਸੂਚੀ 40 ਦੇ ਅੰਕ ਤੋਂ ਪਾਰ ਹੋ ਗਈ ਹੈ। ਹੁਣ ਤੱਕ, ਭਾਰਤ ਨੇ 4 ਸੋਨੇ ਦੇ ਤਗਮੇ ਜਿੱਤੇ ਹਨ, ਅਤੇ ਇਸ ਦੇ ਨਾਲ ਹੀ ਭਾਰਤੀ ਖਿਡਾਰੀਆਂ ਨੇ ਚਾਂਦੀ ਅਤੇ ਕਾਂਸੀ ਦੇ ਤਗਮੇ ਵੀ ਹਾਸਲ ਕੀਤੇ ਹਨ। ਤਗਮਿਆਂ ਦੀ ਕੁੱਲ ਗਿਣਤੀ ਹੁਣ 41 ਹੋ ਗਈ ਹੈ, ਜਿਸ ਨਾਲ ਭਾਰਤ ਅੰਕ ਸੂਚੀ ਵਿੱਚ 12ਵੇਂ ਸਥਾਨ 'ਤੇ ਪਹੁੰਚ ਗਿਆ ਹੈ।

Related Post