LPU Controversy Live Updates : ਪੁਲਿਸ ਛਾਉਣੀ ਬਣੀ ਯੂਨੀਵਰਸਿਟੀ, ਅੱਗਜ਼ਨੀ ਤੋਂ ਬਾਅਦ ਇੰਟਰਨੈਟ ਬੰਦ, ਯੂਨੀਵਰਸਿਟੀ 'ਚ ਛੁੱਟੀਆਂ, ਵੇਖੋ ਮੌਕੇ ਦੇ ਹਾਲਾਤ
LPU Student Protest Live Updates : ਲਵਲੀ ਯੂਨੀਵਰਸਿਟੀ 'ਚ ਹੁਣ ਭਾਵੇਂ ਮਾਹੌਲ ਸ਼ਾਂਤ ਨਜ਼ਰ ਆ ਰਿਹਾ ਹੈ, ਪਰੰਤੂ ਪੁਲਿਸ ਵੱਲੋਂ ਪੂਰੀ ਮੁਸਤੈਦੀ ਵਿਖਾਈ ਜਾ ਰਹੀ ਹੈ। ਯੂਨੀਵਰਸਿਟੀ ਦੇ ਬਾਹਰ ਵੱਡੀ ਗਿਣਤੀ 'ਚ ਪੁਲਿਸ ਨਜ਼ਰ ਆ ਰਹੀ ਹੈ। ਯੂਨੀਵਰਸਿਟੀ ਇੱਕ ਤਰ੍ਹਾਂ ਨਾਲ ਪੁਲਿਸ ਛਾਉਣੀ ਵਾਂਗ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਡੀਜੀਪੀ ਪੰਜਾਬ ਵੱਲੋਂ ਵੀ ਮੌਕੇ ਦਾ ਮੁਆਇਨਾ ਕੀਤਾ ਜਾ ਰਿਹਾ ਹੈ।
LPU Student Protest Live Updates : ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਬੀਤੀ ਰਾਤ ਵਾਪਰੀ ਘਟਨਾ ’ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਬੀਤੀ ਰਾਤ ਬੇਮਿਸਾਲ ਹਾਲਾਤ ਦੇਖਣ ਨੂੰ ਮਿਲੇ।
ਹਰਸਿਮਰਤ ਕੌਰ ਬਾਦਲ ਨੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਨੂੰ ‘ਮਾਮੂਲੀ ਲਾਠੀਚਾਰਜ’ ਦੱਸਿਆ ਜਾ ਰਿਹਾ ਹੈ, ਪਰ ਵੀਡੀਓਜ਼ ਵਿੱਚ ਨੌਜਵਾਨਾਂ, ਖ਼ਾਸ ਕਰਕੇ ਲੜਕੀਆਂ ਨਾਲ ਪੁਲਿਸ ਵੱਲੋਂ ਕਥਿਤ ਤੌਰ ’ਤੇ ਕੁੱਟਮਾਰ, ਧੱਕਾ-ਮੁੱਕੀ ਅਤੇ ਘਸੀਟਣ ਦੇ ਦ੍ਰਿਸ਼ ਨਜ਼ਰ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਦੁਨੀਆ ਭਰ ਤੋਂ ਵਿਦਿਆਰਥੀ ਪੜ੍ਹਨ ਆਉਂਦੇ ਹਨ ਅਤੇ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਯੂਨੀਵਰਸਿਟੀ ਦੀ ਸਾਖ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ਪੰਜਾਬ ਦੀ ਕਾਨੂੰਨ-ਵਿਵਸਥਾ ’ਤੇ ਵੀ ਗੰਭੀਰ ਸਵਾਲ ਖੜ੍ਹੇ ਕਰਦਾ ਹੈ।Unprecedented scenes were witnessed at Lovely Professional University in Phagwara last night.
— Harsimrat Kaur Badal (@HarsimratBadal_) September 28, 2026
I strongly condemn what police claims to be 'mild' lathicharge! Because what can be clearly seen in these visuals are youth, especially girls being brutally hit, dragged, abused,… pic.twitter.com/d1cMxrUlLq
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੁਲਿਸ ਸਿੱਧੇ ਤੌਰ ’ਤੇ ਗ੍ਰਹਿ ਵਿਭਾਗ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਧੀਨ ਆਉਂਦੀ ਹੈ। ਉਨ੍ਹਾਂ ਨੇ ਇਸ ਪੂਰੇ ਮਾਮਲੇ ’ਤੇ ਸਰਕਾਰ ਦੀ ਕਾਰਵਾਈ ਨੂੰ ਲੈ ਕੇ ਸਵਾਲ ਚੁੱਕੇ ਹਨ।
LPU Student Protest Live Updates : ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅੱਜ ਸਵੇਰੇ 9:45 ਵਜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਦੇ ਮੇਨ ਗੇਟ ਦੇ ਬਾਹਰ ਇੱਕ ਪ੍ਰੈਸ ਬ੍ਰੀਫਿੰਗ ਨੂੰ ਸੰਬੋਧਨ ਕਰਨਗੇ।
LPU Student Protest Live Updates : ਦੇਰ ਰਾਤ ਪੁਲਿਸ ਤੇ ਵਿਦਿਆਰਥੀਆਂ ਵਿਚਾਲੇ ਹਿੰਸਕ ਝੜਪ ਅਤੇ ਅੱਗਜ਼ਨੀ ਤੋਂ ਬਾਅਦ ਪੁਲਿਸ ਨੇ 5 ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਨੁਸਾਰ, ਇਨ੍ਹਾਂ ਸ਼ਰਾਰਤੀ ਅਨਸਰਾਂ ਕੋਲੋਂ ਦਾਤਰ ਅਤੇ ਵਾਕੀ ਟਾਕੀ ਮਿਲੇ ਹਨ, ਜਿਨ੍ਹਾਂ ਬਾਰੇ ਇਨ੍ਹਾਂ ਕੋਲੋਂ ਪੁਛਗਿੱਛ ਕੀਤੀ ਜਾ ਰਹੀ ਹੈ।
LPU Student Protest Live Updates : ਯੂਨੀਵਰਸਿਟੀ ਵਿਦਿਆਰਥੀਆਂ ਵੱਲੋਂ ਦੇਰ ਰਾਤ ਅੱਗਜ਼ਨੀ ਦੀਆਂ ਘਟਨਾਵਾਂ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਯੂਨੀਵਰਸਿਟੀ ਦੇ 2 ਕਿਲੋਮੀਟਰ ਦੇ ਖੇਤਰ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸਤੋਂ ਪਹਿਲਾਂ ਯੂਨੀਵਰਸਿਟੀ ਵੱਲੋਂ 10 ਦਿਨਾਂ ਲਈ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਅਤੇ ਸਾਰੀਆਂ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਹਨ।
LPU Controversy Live Updates : ਪੰਜਾਬ ਦੀਆਂ ਮੁੱਖ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ ਇੱਕ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਵਿਦਿਆਰਥਣ ਨਾਲ ਕਥਿਤ ਤੌਰ 'ਤੇ ਜ਼ਬਰ-ਜਨਾਹ ਪਿੱਛੋਂ ਪੈਦਾ ਹੋਇਆ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਯੂਨੀਵਰਸਿਟੀ ਦੇ ਅੰਦਰ ਅਤੇ ਬਾਹਰ ਹੋ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਅਤੇ ਵਿਦਿਆਰਥੀਆਂ ਵਿਚਾਲੇ ਦੇਰ ਰਾਤ ਮੁੜ ਹਿੰਸਕ ਝੜਪ ਵੀ ਹੋ ਗਈ।
ਇਹ ਘਟਨਾ ਲਗਭਗ ਰਾਤ 8 ਵਜੇ ਵਾਪਰੀ, ਜਦੋਂ ਪੁਲਿਸ ਨੇ ਹਿੰਸਾ ਨੂੰ ਰੋਕਣ ਦੀ ਸਾਵਧਾਨੀ ਵਜੋਂ ਆਲੇ-ਦੁਆਲੇ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਸਨ, ਪਰ ਪ੍ਰਦਰਸ਼ਨਕਾਰੀ ਕਥਿਤ ਤੌਰ 'ਤੇ ਪੱਥਰਬਾਜ਼ੀ ਕਰਦੇ ਰਹੇ। ਸ਼ਾਮ ਕਰੀਬ 7.30 ਵਜੇ ਪੁਲਿਸ ਮੁਲਾਜ਼ਮਾਂ 'ਤੇ ਬੋਤਲਾਂ ਸੁੱਟੇ ਜਾਣ ਮਗਰੋਂ ਹਾਲਾਤ ਵਿਗੜ ਗਏ, ਜਿਸ ਤੋਂ ਬਾਅਦ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ। ਇਸ ਦੇ ਜਵਾਬ ਵਿੱਚ ਪ੍ਰਦਰਸ਼ਨਕਾਰੀਆਂ ਨੇ ਕਥਿਤ ਤੌਰ 'ਤੇ ਪੁਲਿਸ 'ਤੇ ਪੱਥਰਬਾਜ਼ੀ ਕੀਤੀ ਅਤੇ ਤਿੰਨ ਪੁਲਿਸ ਵਾਹਨਾਂ ਨੂੰ ਅੱਗ ਲਗਾ ਦਿੱਤੀ। ਕਈ ਪੁਲਿਸ ਵਾਹਨ ਕਥਿਤ ਤੌਰ 'ਤੇ ਅੱਗ ਦੀ ਭੇਟ ਚੜ੍ਹ ਗਏ, ਜਿਸ ਮਗਰੋਂ ਹਾਲਾਤ ਲਗਾਤਾਰ ਤਣਾਅਪੂਰਨ ਬਣੇ ਰਹੇ ਅਤੇ ਪੁਲਿਸ ਨੇ ਰਾਤ ਕਰੀਬ 9 ਵਜੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ।
ਸ਼ਨੀਵਾਰ ਨੂੰ ਉੱਠਿਆ ਵਿਵਾਦ
ਇਹ ਪ੍ਰਦਰਸ਼ਨ ਸ਼ਨੀਵਾਰ ਰਾਤ ਉਦੋਂ ਸ਼ੁਰੂ ਹੋਇਆ, ਜਦੋਂ ਸੋਸ਼ਲ ਮੀਡੀਆ 'ਤੇ ਸੁਨੇਹੇ ਫੈਲਣ ਲੱਗੇ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਕਿ ਕੈਂਪਸ ਵਿੱਚ ਇੱਕ ਵਿਦਿਆਰਥਣ ਨਾਲ ਜਬਰ ਜਨਾਹ ਹੋਇਆ ਸੀ, ਜਿਸ ਮਗਰੋਂ ਉਸ ਨੇ ਖੁਦ ਕੁਸ਼ੀ ਕਰ ਲਈ। ਇਨ੍ਹਾਂ ਦਾਅਵਿਆਂ ਦੇ ਫੈਲਣ ਮਗਰੋਂ ਹਜ਼ਾਰਾਂ ਵਿਦਿਆਰਥੀ ਇਕੱਠੇ ਹੋ ਕੇ ਪ੍ਰਦਰਸ਼ਨ ਕਰਨ ਲੱਗੇ। ਪ੍ਰਦਰਸ਼ਨਕਾਰੀਆਂ ਨੇ ਕਥਿਤ ਤੌਰ 'ਤੇ ਕੈਂਪਸ ਦੇ ਕੁਝ ਹਿੱਸਿਆਂ ਵਿੱਚ ਭੰਨਤੋੜ ਕੀਤੀ ਅਤੇ ਅੱਗ ਲਗਾਈ।
ਐਫਆਈਆਰ ਦਰਜ, ਸਪੈਸ਼ਲ ਜਾਂਚ ਟੀਮ ਗਠਿਤ
ਪੁਲਿਸ ਨੇ ਸ਼ੁਰੂ ਵਿੱਚ ਸਪੱਸ਼ਟ ਕੀਤਾ ਸੀ ਕਿ ਜਾਂਚ ਵਿੱਚ ਜਬਰ ਜਨਾਹ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਹਾਲਾਂਕਿ ਤਣਾਅ ਵਧਣ ਦੇ ਨਾਲ ਇੱਕ ਅਣਪਛਾਤੇ ਵਿਅਕਤੀ ਖਿਲਾਫ ਐਫਆਈਆਰ ਦਰਜ ਕਰ ਲਈ ਗਈ। ਇੱਕ ਵਿਸ਼ੇਸ਼ ਜਾਂਚ ਟੀਮ (SIT) ਵੀ ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਹੈ, ਜਦਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਜਬਰ ਜਨਾਹਦੇ ਦੋਸ਼ਾਂ ਨੂੰ "ਅਫਵਾਹਾਂ" ਦੱਸਦਿਆਂ ਇਨਕਾਰ ਕੀਤਾ ਹੈ, ਸ਼ੁਰੂਆਤੀ ਜਾਂਚ ਵਿੱਚ ਜਬਰ ਜਨਾਹਦਾ ਕੋਈ ਸਬੂਤ ਨਾ ਮਿਲਣ ਦੀ ਗੱਲ ਕਹੀ ਗਈ ਹੈ।
ਪੁਲਿਸ ਵੱਲੋਂ ਵਿਦਿਆਰਥੀਆਂ ਨਾਲ ਗੱਲਬਾਤ ਜਾਰੀ
ਫਗਵਾੜਾ ਐਸਪੀ ਮੇਜਰ ਸਿੰਘ, ਡੀਐਸਪੀ ਪਲਵਿੰਦਰ ਸਿੰਘ ਅਤੇ ਐਸਡੀਐਮ ਨਵਜੋਤ ਸ਼ਰਮਾ ਪੂਰੀ ਘਟਨਾ ਦੌਰਾਨ ਮੌਕੇ 'ਤੇ ਮੌਜੂਦ ਰਹੇ । ਸ਼ਾਮ ਕਰੀਬ 7.45 ਵਜੇ ਪੁਲਿਸ ਮੁੜ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਕੋਲ ਪਹੁੰਚੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਕਿਹੜੀਆਂ ਮੰਗਾਂ ਮੰਨੀਆਂ ਗਈਆਂ ਹਨ, ਨਾਲ ਹੀ ਭਰੋਸਾ ਦਿੱਤਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਦੱਸਿਆ ਗਿਆ ਕਿ ਸਾਰੀਆਂ ਵੀਡੀਓਜ਼ ਆਪਣੇ ਕਬਜ਼ੇ ਵਿੱਚ ਲੈ ਲਈਆਂ ਗਈਆਂ ਹਨ, ਪਰ ਵਿਦਿਆਰਥੀਆਂ ਨੇ ਇਹ ਭਰੋਸਾ ਵੀ ਸਵੀਕਾਰ ਨਹੀਂ ਕੀਤਾ ਅਤੇ ਪੁਲਿਸ ਖਿਲਾਫ ਦੋਸ਼ ਲਗਾਉਂਦੇ ਹੋਏ ਯੂਨੀਵਰਸਿਟੀ ਪ੍ਰਸ਼ਾਸਨ 'ਤੇ ਸਵਾਲ ਚੁੱਕਦੇ ਰਹੇ।
ਪ੍ਰਦਰਸ਼ਨਕਾਰੀ ਵਿਦਿਆਰਥੀ ਪੁਲਿਸ ਜਾਂਚ ਤੋਂ ਅਸੰਤੁਸ਼ਟ ਨਜ਼ਰ ਆਏ ਅਤੇ ਮਾਮਲੇ ਨੂੰ ਨਿਪਟਾਉਣ ਦੇ ਤਰੀਕੇ 'ਤੇ ਸਵਾਲ ਚੁੱਕਦੇ ਰਹੇ। ਉਹ ਅਧਿਕਾਰੀਆਂ ਤੋਂ ਸਪੱਸ਼ਟ ਅਤੇ ਤਸੱਲੀਬਖਸ਼ ਜਵਾਬ ਦੀ ਮੰਗ ਕਰਦੇ ਰਹੇ।
ਖ਼ਬਰ ਅਪਡੇਟ ਜਾਰੀ...
- PTC NEWS