ਸਹੁਰਿਆਂ ਨੇ ਨੂੰਹ ਤੇ ਕੈਨੇਡਾ ਜਾ ਕੇ ਮੁੱਕਰਨ ਦੇ ਲਾਏ ਆਰੋਪ, ਕੇਸ ਦਰਜ...ਪੜ੍ਹੋ ਪੂਰਾ ਮਾਮਲਾ
Gurdaspur: ਵਿਦੇਸ਼ ਜਾਣ ਦੀ ਲਾਲਸਾ ਲੋਕਾਂ ਵਿਚੋਂ ਖਤਮ ਨਹੀਂ ਹੋ ਰਹੀ ਹੈ। ਅਜਿਹਾ ਹੀ ਮਾਮਲਾ ਗੁਰਦਾਸਪੁਰ ਦੇ ਥਾਣਾ ਦੋਰਾਂਗਲਾ ਦੇ ਪਿੰਡ ਦਬੂੜੀ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੇ ਇੱਕ ਪਰਿਵਾਰ ਨੇ ਆਪਣੇ ਮੁੰਡੇ ਵੱਲੋਂ ਲਵ ਮੈਰਿਜ (Love Marriage) ਕਰਵਾਉਣ ਤੋਂ ਬਾਅਦ ਆਪਣੀ ਨੂੰਹ ਨੂੰ ਲੱਖਾਂ ਰੁਪਏ ਖਰਚ ਕਰਕੇ ਕੈਨੇਡਾ ਭੇਜਿਆ ਤਾਂ ਜੋ ਮੁੰਡੇ ਨੂੰ ਵੀ ਵਿਦੇਸ਼ ਬੁਲਾ ਕੇ ਦੋਵੇਂ ਉਥੇ ਹੀ ਸੈਟਲ ਹੋ ਜਾਣਗੇ। ਪਰ ਇਸ ਸਭ ਦੇ ਉਲਟ ਵਾਪਰਣ ਕਾਰਨ ਹੁਣ ਮਾਮਲੇ 'ਚ ਪੁਲਿਸ ਨੇ ਕੇਸ ਦਰਜ ਕੀਤਾ ਹੈ।
ਜਾਣਕਾਰੀ ਦਿੰਦਿਆਂ ਪਿੰਡ ਦਬੂੜੀ ਦੇ ਰਹਿਣ ਵਾਲੇ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਮੁੰਡੇ ਜੁਗਰਾਜ ਸਿੰਘ ਦੀ ਜਨਵਰੀ 2018 ਵਿੱਚ ਅਮਨਦੀਪ ਕੌਰ ਨਾਲ ਲਵ ਮੈਰਿਜ ਹੋਈ ਸੀ। ਕੁੜੀ ਦੇ ਪਰਿਵਾਰ ਨਾਲ ਕੀਤੇ ਇਕਰਾਰ ਅਨੁਸਾਰ ਅਮਨਦੀਪ ਕੌਰ ਨੂੰ ਆਈਲੈਟਸ (IELTS) ਕਰਵਾ ਕੇ ਪਹਿਲਾਂ ਉਨ੍ਹਾਂ ਨੇ ਉਸ ਨੂੰ ਅਮਰੀਕਾ ਅਤੇ ਫੇਰ ਨਿਊਜ਼ੀਲੈਂਡ ਭੇਜਣ ਲਈ ਫਾਈਲ ਲਗਾਈ ਪਰ ਗੱਲ ਨਹੀਂ ਬਣੀ।
'ਨਾਲ ਰੱਖਣ ਦੀ ਥਾਂ 'ਤੇ ਅਮਨਦੀਪ ਕੌਰ ਨੇ ਦਿੱਤੀਆਂ ਜੁਗਰਾਜ ਨੂੰ ਧਮਕੀਆਂ'
ਉਨ੍ਹਾਂ ਕਿਹਾ ਕਿ ਮਾਰਚ 2019 ਵਿੱਚ ਉਸ ਦੀ ਕੈਨੇਡਾ ਦੀ ਫਾਈਲ ਲੱਗ ਗਈ ਅਤੇ ਲੱਖਾਂ ਰੁਪਏ ਲਗਾ ਕੇ ਉਸਨੂੰ ਕੈਨੇਡਾ ਭੇਜ ਦਿੱਤਾ। ਕੁਝ ਮਹੀਨੇ ਬਾਅਦ ਉਹ ਵਾਪਸ ਵੀ ਆਈ ਅਤੇ ਇੱਕ ਮਹੀਨਾ ਪਰਿਵਾਰ ਨਾਲ ਰਹਿਣ ਤੋਂ ਬਾਅਦ ਫਿਰ ਕੈਨੇਡਾ ਚਲੀ ਗਈ ਅਤੇ ਵਾਅਦਾ ਕੀਤਾ ਕਿ ਜਲਦੀ ਹੀ ਉਹ ਜੁਗਰਾਜ ਸਿੰਘ ਨੂੰ ਵੀ ਕੈਨੇਡਾ ਬੁਲਾ ਲਵੇਗੀ। ਇਸ ਦੌਰਾਨ ਵੀ ਸਾਰਾ ਖਰਚਾ ਮੁੰਡੇ ਦੇ ਪਰਿਵਾਰ ਨੇ ਕੀਤਾ। ਪਰੰਤੂ ਇਸ ਤੋਂ ਬਾਅਦ ਕੁੜੀ ਨੇ ਵਾਰ-ਵਾਰ ਕਹਿਣ 'ਤੇ ਵੀ ਜੁਗਰਾਜ ਸਿੰਘ ਨੂੰ ਅਮਨਦੀਪ ਕੌਰ ਨੇ ਉਥੇ ਨਹੀਂ ਬੁਲਾਇਆ। ਉਨ੍ਹਾਂ ਕਿਹਾ ਕਿ ਜਦੋਂ ਕੁੜੀ ਟਾਲ-ਮਟੋਲ ਕਰਨ ਲੱਗੀ ਤਾਂ ਕੁੜੀ ਦੇ ਰਿਸ਼ਤੇਦਾਰਾਂ ਨੂੰ ਇਕੱਠਾ ਕਰਕੇ ਅਤੇ ਸਲਾਹ ਕਰਕੇ ਜੁਗਰਾਜ ਸਿੰਘ ਨੂੰ ਉਨ੍ਹਾਂ ਨੇ ਪਿਛਲੇ ਸਾਲ ਕੈਨੇਡਾ ਭੇਜਿਆ ਪਰ ਉਸ ਦੀ ਘਰਵਾਲੀ ਅਮਨਦੀਪ ਕੌਰ ਉਸ ਨੂੰ ਲੈਣ ਨਹੀਂ ਆਈ ਅਤੇ ਨਾ ਹੀ ਉਸਨੂੰ ਆਪਣੇ ਨਾਲ ਰੱਖਣ ਲਈ ਤਿਆਰ ਹੋਈ, ਸਗੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਪਰੰਤ ਜੁਗਰਾਜ ਆਪਣੇ ਰਿਸ਼ਤੇਦਾਰਾਂ ਕੋਲ ਚਲਾ ਗਿਆ ਤੇ ਇਸੇ ਦੁੱਖ ਵਿੱਚ ਮਾਨਸਿਕ ਰੋਗੀ ਹੋ ਗਿਆ। ਇਸ ਪਿੱਛੋਂ ਉਸ ਨੂੰ ਵਾਪਸ ਭਾਰਤ ਲਿਆਂਦਾ ਗਿਆ ਹੈ ਅਤੇ ਹੁਣ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ।
'ਅਮਨਦੀਪ ਕੌਰ ਨੂੰ ਭੇਜਣ 'ਤੇ 34 ਲੱਖ ਰੁਪਏ ਹੋਏ ਖਰਚੇ'
ਉਨ੍ਹਾਂ ਕਿਹਾ ਕਿ ਅਮਨਦੀਪ ਕੌਰ ਨੂੰ ਵਿਦੇਸ਼ ਭੇਜਣ ਵਿੱਚ ਹੁਣ ਤੱਕ ਉਨ੍ਹਾਂ ਦੇ ਲਗਭਗ 34 ਲੱਖ ਰੁਪਏ ਖਰਚ ਹੋ ਚੁੱਕੇ ਹਨ। ਉਨ੍ਹਾਂ ਪੁਲਿਸ (Punjab Police) ਨੂੰ ਅਮਨਦੀਪ ਅਤੇ ਉਸਦੇ ਪਰਿਵਾਰ ਦੇ ਖਿਲਾਫ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਅਮਨਦੀਪ ਕੌਰ ਨੂੰ ਵਿਦੇਸ਼ ਭੇਜਣ ਲਈ ਜਿੰਨਾ ਖਰਚਾ ਉਨ੍ਹਾਂ ਵੱਲੋਂ ਕੀਤਾ ਗਿਆ ਹੈ ਉਹ ਵਾਪਸ ਦਵਾਇਆ ਜਾਏ ਅਤੇ ਉਸਦੇ ਅਤੇ ਉਸਦੇ ਪਰਿਵਾਰ ਦੇ ਖਿਲਾਫ ਕਾਰਵਾਈ ਕੀਤੀ ਜਾਵੇ।
ਕੀ ਕਹਿਣਾ ਹੈ ਪੁਲਿਸ ਦਾ
ਡੀਐਸਪੀ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਸ਼ਪਾਲ ਸਿੰਘ ਨੇ ਦੋਸ਼ ਲਗਾਇਆ ਸੀ ਕਿ ਉਸ ਦੇ ਲੜਕੇ ਜੁਗਰਾਜ ਸਿੰਘ ਨੂੰ ਵਿਦੇਸ਼ ਬੁਲਾ ਕੇ ਪੀਆਰ ਦਵਾਉਣ ਦੇ ਇਕਰਾਰ ਤੋਂ ਉਨ੍ਹਾਂ ਦੀ ਨੂੰਹ ਅਮਨਦੀਪ ਕੌਰ ਮੁਕਰ ਗਈ ਹੈ ਤੇ ਉੱਥੇ ਕਿਸੇ ਹੋਰ ਨਾਲ ਲੈ ਰਹੇ ਹੀ ਹੈ। ਡੀਐਸਪੀ ਰੈਂਕ ਦੇ ਅਧਿਕਾਰੀ ਵੱਲੋਂ ਇਨਕੁਆਇਰੀ ਤੋਂ ਬਾਅਦ ਲੜਕੀ ਅਮਨਦੀਪ ਕੌਰ ਅਤੇ ਉਸਦੇ ਮਾਤਾ ਪਿਤਾ ਦੇ ਖਿਲਾਫ ਧੋਖਾਧੜੀ ਅਤੇ ਹੋਰ ਬਣਦੀਆਂ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।