ਅਨੋਖੀ ਠੱਗੀ ਤੋਂ ਸਾਵਧਾਨ! ਨਾ OTP ਤੇ ਨਾ ਹੀ ਮੈਸੇਜ, ਜਾਣੋ ਫਿਰ ਕਿਵੇਂ ਖਾਲੀ ਹੋ ਗਿਆ ਧਾਰੀਵਾਲ ਦੇ ਨੌਜਵਾਨ ਦਾ ਖਾਤਾ

ਸ਼ਹਿਰ ਧਾਰੀਵਾਲ ਦੇ ਨੌਜਵਾਨ ਗੌਰਵ ਲੂਥਰਾ ਦੇ ਨਾਲ ਵੱਖਰੀ ਕਿਸਮ ਦੀ ਠੱਗੀ ਹੋਈ ਹੈ। ਉਸ ਨੂੰ ਨਾਂ ਤਾਂ ਕੋਈ ਓਟੀਪੀ ਕੋਡ ਆਇਆ ਤੇ ਨਾ ਹੀ ਕੋਈ ਸੰਦੇਸ਼।

By  KRISHAN KUMAR SHARMA April 17th 2024 06:11 PM

Cyber Crime: ਹੁਣ ਸਾਈਬਰ ਠੱਗਾਂ ਨੂੰ ਤੁਹਾਡੇ ਬੈਂਕ ਖਾਤੇ ਵਿੱਚੋਂ ਪੈਸੇ ਉਡਾਉਣ ਲਈ ਕੋਈ ਲਿੰਕ ਜਾਂ ਓਟੀਪੀ ਭੇਜਣ ਦੀ ਲੋੜ ਨਹੀਂ ਪੈਂਦੀ। ਜੇਕਰ ਤੁਹਾਨੂੰ ਕਿਸੇ ਅਣਪਛਾਤੇ ਨੰਬਰ ਤੋਂ ਕਾਲ ਆਉਂਦੀ ਹੈ ਅਤੇ ਗੱਲਾਂ ਵਿੱਚ ਉਲਝਾ ਕੇ ਉਹ ਤੁਹਾਡੀ ਕਾਲ ਨੂੰ ਹੋਲਡ ਕਰਵਾ ਲੈਂਦਾ ਹੈ ਤਾਂ ਵੀ ਸਾਵਧਾਨ ਰਹੋ। ਕਿਉਂਕਿ ਹੋਲਡ ਕਰਵਾ ਕੇ ਉਹ ਤੁਹਾਡੀ ਮੋਬਾਇਲ ਡਿਵਾਈਸ ਨੂੰ ਹੈਕ ਕਰ ਲੈਂਦਾ ਹੈ ਤੇ ਤੁਹਾਡੇ ਮੋਬਾਇਲ ਨੰਬਰ ਨਾਲ ਜੁੜੇ ਖਾਤੇ ਵਿੱਚ ਸੇਂਧਮਾਰੀ ਕਰ ਸਕਦਾ ਹੈ। ਅਜਿਹਾ ਹੀ ਵਾਕਿਆ ਧਾਰੀਵਾਲ ਦੇ ਨੌਜਵਾਨ ਗੌਰਵ ਲੂਥਰਾ ਨਾਲ ਵਾਪਰਿਆ ਹੈ।

ਸ਼ਹਿਰ ਧਾਰੀਵਾਲ ਦੇ ਨੌਜਵਾਨ ਗੌਰਵ ਲੂਥਰਾ ਦੇ ਨਾਲ ਵੱਖਰੀ ਕਿਸਮ ਦੀ ਠੱਗੀ ਹੋਈ ਹੈ। ਉਸ ਨੂੰ ਨਾਂ ਤਾਂ ਕੋਈ ਓਟੀਪੀ ਕੋਡ ਆਇਆ ਤੇ ਨਾ ਹੀ ਕੋਈ ਸੰਦੇਸ਼। ਉਸ ਨੇ ਆਪਣੇ ਖਾਤੇ ਬਾਰੇ ਜਾਂ ਹੋਰ ਕੋਈ ਡਿਟੇਲ ਵੀ ਫੋਨ ਕਰਨ ਵਾਲੇ ਨਾਲ ਸ਼ੇਅਰ ਨਹੀਂ ਕੀਤੀ ਪਰ ਫਿਰ ਵੀ ਖਾਤੇ ਵਿੱਚੋਂ ਇਕ ਲੱਖ 40 ਹਜ਼ਾਰ ਰੁਪਏ ਦੇ ਕਰੀਬ ਰਕਮ ਉਡਾ ਲਈ ਗਈ।

ਇਸ ਤਰ੍ਹਾਂ ਵੱਜੀ ਨੌਜਵਾਨ ਨਾਲ ਠੱਗੀ

ਮੋਬਾਇਲ ਰਿਪੇਅਰ ਦੀ ਦੁਕਾਨ ਕਰਨ ਵਾਲੇ ਪੀੜਤ ਨੌਜਵਾਨ ਗੌਰਵ ਲੂਥਰਾ ਨੇ ਦੱਸਿਆ ਕਿ ਉਸ ਨੂੰ ਇੱਕ ਨਿੱਜੀ ਬੈਂਕ ਵੱਲੋਂ ਇੱਕ ਫੋਨ ਕਾਲ ਆਉਂਦੀ ਹੈ ਕਿ ਉਸ ਦੇ ਵਲੋਂ ਕ੍ਰੈਡਿਟ ਕਾਰਡ ਦੂਜੀ ਟਰਾਂਜੈਕਸ਼ਨ ਕਰਦਿਆਂ ਹੀ ਉਸਦੀ ਇੰਸ਼ੋਰੈਂਸ ਵੀ ਆਟੋਮੈਟਿਕ ਤਰੀਕੇ ਨਾਲ ਹੋ ਜਾਵੇਗੀ। ਜੇਕਰ ਤੁਸੀਂ ਇੰਸ਼ੋਰੈਂਸ ਨਹੀਂ ਕਰਵਾਉਣਾ ਚਾਹੁੰਦੇ ਤਾਂ ਫੋਨ ਕਾਲ ਜਾਰੀ ਰੱਖੋ। ਤੁਹਾਨੂੰ ਕਿਸੇ ਤਰ੍ਹਾਂ ਦਾ ਓਟੀਪੀ ਤੇ ਹੋਰ ਡਿਟੇਲ ਸ਼ੇਅਰ ਕਰਨ ਦੀ ਲੋੜ ਨਹੀਂ ਹੈ। ਕੁਝ ਦੇਰ ਬਾਅਦ ਫੋਨ ਕਰਨ ਵਾਲੇ ਨੇ ਉਸ ਕੋਲੋਂ ਕਾਲ ਹੋਲਡ ਕਰਵਾ ਲਈ ਅਤੇ ਫੇਰ ਕੱਟ ਦਿੱਤੀ ਪਰ ਕਾਲ ਕੱਟਦੇ ਸਾਰ ਹੀ ਉਸਦੇ ਫੋਨ ਵਿੱਚ ਮੈਸੇਜ ਆ ਜਾਂਦਾ ਹੈ ਕਿ ਉਸ ਦੇ ਖਾਤੇ ਵਿੱਚੋਂ ਇਕ ਲੱਖ 38 ਹਜ਼ਾਰ 986 ਰੁਪਏ ਕਢਵਾ ਲਏ ਗਏ ਹਨ। ਨੌਜਵਾਨ ਨੇ ਕਿਹਾ ਕਿ ਇੰਜ ਲੱਗਦਾ ਹੈ ਕਿ ਫੋਨ ਕਰਨ ਵਾਲੇ ਵੱਲੋਂ ਉਸਦੇ ਫੋਨ ਡਿਵਾਈਸ ਹੈਕ ਕਰ ਲਈ ਗਈ ਸੀ ਅਤੇ ਹੋਲਡ ਕਰਵਾਉਣ ਦੌਰਾਨ ਜਿਹੜਾ ਓਟੀਪੀ ਉਸਦੇ ਫੋਨ 'ਤੇ ਆਉਣਾ ਸੀ, ਹੈਕਰ ਦੇ ਫੋਨ 'ਤੇ ਚਲਾ ਗਿਆ।

ਇਸ ਸਬੰਧ ਵਿੱਚ ਨੌਜਵਾਨ ਵੱਲੋਂ ਸਾਈਬਰ ਕ੍ਰਾਈਮ ਗੁਰਦਾਸਪੁਰ ਅਤੇ ਉਸਦੇ ਆਪਣੇ ਬੈਂਕ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ। ਪੀੜਤ ਨੇ ਆਸ ਪ੍ਰਗਟਾਈ ਹੈ ਕਿ ਐਸਐਸਪੀ ਗੁਰਦਾਸਪੁਰ ਆਈਪੀਐਸ ਦਿਆਮਾ ਹਰੀਸ਼ ਕੁਮਾਰ ਉਸ ਦੀ ਇਸ ਕੇਸ ਵਿੱਚ ਪੂਰੀ ਮਦਦ ਕਰਨਗੇ। ਉਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਲੋਕ ਵੀ ਆਨਲਾਈਨ ਠੱਗੀ ਤੋਂ ਸਾਵਧਾਨ ਹੋ ਜਾਣ ਅਤੇ ਕਿਸੇ ਅਣਪਛਾਤੇ ਵਿਅਕਤੀ ਦੀ ਫੋਨ ਕਾਲ ਰਿਸੀਵ ਕਰਦੇ ਸਮੇਂ ਖਾਸ ਧਿਆਨ ਰੱਖਣ ਕਿ ਉਸ ਦਆਂ ਗੱਲਾਂ ਵਿੱਚ ਫੱਸ ਕੇ ਕਾਲ ਨੂੰ ਕਦੇ ਵੀ ਲੰਬੀ ਗੱਲਬਾਤ ਨਾ ਕਰਨ।

Related Post