Sri Muktsar Sahib News : ਪਿੰਡ ਥਾਂਦੇਵਾਲਾ ਦੀ ਰਾਜਬੀਰ ਕੌਰ ਪਹਿਲੀ ਦਸਤਾਰਧਾਰੀ ਮਹਿਲਾ ਕੈਨੇਡੀਅਨ ਪੁਲੀਸ ਕੈਡਿਟ ਬਣੀ
Sri Muktsar Sahib News : ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਥਾਂਦੇਵਾਲਾ ਦੀ ਰਾਜਬੀਰ ਕੌਰ ਨੇ ਇਤਿਹਾਸ ਰਚਦਿਆਂ ਕੈਨੇਡਾ ਦੀ “ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ” ਵਿੱਚ ਕੈਡਿਟ ਵਜੋਂ ਭਰਤੀ ਹੋ ਕੇ ਪਹਿਲੀ ਦਸਤਾਰਧਾਰੀ ਮਹਿਲਾ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਉਸ ਦੀ ਇਸ ਪ੍ਰਾਪਤੀ ’ਤੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਹੈ। ਪਿਤਾ ਇਕੱਤਰ ਸਿੰਘ, ਮਾਤਾ ਕੁਲਵਿੰਦਰ ਕੌਰ ਤੇ ਭਰਾ ਬੇਅੰਤ ਸਿੰਘ ਸਮੇਤ ਸਾਰੇ ਪਿੰਡ ਵਾਸੀਆਂ ਨੇ ਉਸ ਦੀ ਕਾਮਯਾਬੀ ’ਤੇ ਮਾਣ ਪ੍ਰਗਟਾਇਆ।
ਰਾਜਬੀਰ ਕੌਰ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਥਾਂਦੇਵਾਲਾ ਦੇ ਨਿਊ ਮਾਡਲ ਸਕੂਲ ਤੋਂ ਕੀਤੀ, ਇਸ ਤੋਂ ਬਾਅਦ ਦਸਵੀਂ ਮੁਕਤਸਰ ਦੇ ਸ਼ਿਵਾਲਿਕ ਸਕੂਲ, ਬਾਰ੍ਹਵੀਂ ਸਿੱਧਵਾਂ ਖੁਰਦ ਦੇ ਲੜਕੀਆਂ ਦੇ ਸਕੂਲ, ਬੀਸੀਏ ਗੁਰੂ ਨਾਨਕ ਕਾਲਜ ਮੁਕਤਸਰ ਤੋਂ ਤੇ ਐਮਐੱਸਸੀ (ਆਈਟੀ) ਗੁਰੂ ਗੋਬਿੰਦ ਸਿੰਘ ਗਰਲਜ਼ ਕਾਲਜ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ। 2016 ਵਿੱਚ ਉਹ ਕੈਨੇਡਾ ਚਲੀ ਗਈ ਸੀ।
ਕੈਨੇਡਾ ਪਹੁੰਚਣ ਤੋਂ ਬਾਅਦ ਰਾਜਬੀਰ ਕੌਰ ਨੇ ਉੱਥੇ ਵਾਲਮਾਰਟ ਵਿੱਚ ਨੌਕਰੀ ਕਰਦਿਆਂ ਨਾਲ-ਨਾਲ ਕੈਨੇਡਾ ਪੁਲੀਸ ਲਈ ਤਿਆਰੀ ਜਾਰੀ ਰੱਖੀ। ਉਸ ਦੀ ਲਗਨ ਤੇ ਮਹਨਤ ਦਾ ਨਤੀਜਾ ਇਹ ਰਿਹਾ ਕਿ ਹੁਣ ਉਸ ਨੂੰ ਸਸਕੈਚਵਿਨ (ਕੈਨੇਡਾ) ਵਿੱਚ ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਵਿੱਚ ਕੈਡਿਟ ਵਜੋਂ ਚੁਣਿਆ ਗਿਆ ਹੈ।
ਰਾਜਬੀਰ ਕੌਰ ਦੇ ਭਰਾ ਬੇਅੰਤ ਸਿੰਘ ਦੇ ਮੁਤਾਬਕ, ਉਸ ਦੀ ਭੈਣ ਦਾ ਸੁਪਨਾ ਭਾਰਤ ਵਿੱਚ ਪੀਸੀਐੱਸ ਜਾਂ ਪੀਪੀਐੱਸ ਅਧਿਕਾਰੀ ਬਣਨ ਦਾ ਸੀ ਪਰ ਕੈਨੇਡਾ ਦੀ ਪੁਲੀਸ ਵਿੱਚ ਭਰਤੀ ਹੋ ਕੇ ਉਸ ਨੇ ਆਪਣਾ ਸੁਪਨਾ ਸਿਰੇ ਚੜ੍ਹਾਇਆ ਹੈ। ਪੁਲੀਸ ਬੈਜ ਸੌਂਪਣ ਸਮੇਂ ਅਧਿਕਾਰੀਆਂ ਨੇ ਵੀ ਕਿਹਾ ਕਿ ਇਸ ਤੋਂ ਪਹਿਲਾਂ ਕੋਈ ਦਸਤਾਰਧਾਰੀ ਮਹਿਲਾ ਕੈਨੇਡੀਅਨ ਪੁਲੀਸ ਦਾ ਹਿੱਸਾ ਨਹੀਂ ਬਣੀ ਸੀ।
ਬੂਟਾ ਸਿੰਘ ਰਿਪੋਰਟਰ ਸ੍ਰੀ ਮੁਕਤਸਰ ਸਾਹਿਬ
- PTC NEWS