Punjab Flood Relief : ਜਮਾਇਤੁਲ ਕੁਰੈਸ਼ ਸੰਮਤੀ ਰਾਜਸਥਾਨ ਵੱਲੋਂ SGPC ਨੂੰ ਹੜ੍ਹ ਪੀੜਤਾਂ ਲਈ 10 ਲੱਖ ਰੁਪਏ ਭੇਟ
Punjab Flood Relief : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪੀੜਤਾਂ ਲਈ ਕੀਤੇ ਜਾ ਰਹੇ ਰਾਹਤ ਕਾਰਜਾਂ ’ਚ ਸਹਿਯੋਗ ਲਈ ਅੱਜ ਜਮਾਇਤੁਲ ਕੁਰੈਸ਼ ਸੰਮਤੀ, ਫਤਿਹਪੁਰ ਸੇਖਾਵਾਟੀ, ਸੀਕਰ ਰਾਜਿਸਥਾਨ ਵਲੋਂ 10 ਲੱਖ ਰੁਪਏ ਸ਼੍ਰੋਮਣੀ ਕਮੇਟੀ (SGPC) ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੂੰ ਸੌਂਪੇ ਗਏ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਜਮਾਇਤੁਲ ਕੁਰੈਸ਼ ਸੰਮਤੀ (Jamaatul Qureshi Samiti) ਦੇ ਅਹੁਦੇਦਾਰਾਂ ਦਾ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲੇ ਦਿਨ ਤੋਂ ਹੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕੀ ਸ਼੍ਰੋਮਣੀ ਕਮੇਟੀ ਨੇ ਜਿੱਥੇ ਆਪਣੇ ਤੌਰ 'ਤੇ ਸਾਧਨ ਜੁਟਾਏ ਹਨ, ਉੱਥੇ ਵੱਖ-ਵੱਖ ਧਰਮਾਂ ਦੇ ਲੋਕਾਂ ਵੱਲੋਂ ਵੀ ਵੱਡਾ ਸਹਿਯੋਗ ਕੀਤਾ ਗਿਆ ਹੈ।
ਐਡਵੋਕੇਟ ਧਾਮੀ ਨੇ ਮੁਸਲਿਮ ਭਾਈਚਾਰੇ ਦਾ ਜਿਕਰ ਕਰਦਿਆਂ ਕਿਹਾ ਕਿ ਭਾਈਚਾਰੇ ਨੇ ਪੰਜਾਬ ਦੇ ਲੋਕਾਂ ਦਾ ਦਰਦ ਸਮਝਦਿਆਂ ਜਿਥੇ ਪਹਿਲਾਂ ਵੀ ਸਹਾਇਤਾ ਰਾਸ਼ੀ ਦਿੱਤੀ ਹੈ, ਉਥੇ ਹੁਣ ਵੀ 10 ਲੱਖ ਰੁਪਏ ਭੇਟ ਕੀਤੇ ਹਨ। ਉਨ੍ਹਾਂ ਕਿਹਾ ਕਿ ਸੰਗਤਾਂ ਵੱਲੋਂ ਦਿੱਤੇ ਗਏ ਪੈਸੇ ਨਾਲ ਹੜ੍ਹ ਦੀ ਮਾਰ ਝੱਲ ਰਹੇ ਲੋਕਾਂ ਲਈ ਕਣਕ ਦੇ ਬੀਜ ਅਤੇ ਹੋਰ ਲੋੜੀਂਦੇ ਕਾਰਜ਼ ਕੀਤੇ ਜਾਣਗੇ।
ਇਸ ਮੌਕੇ ਜਮਾਇਤੁਲ ਕੁਰੈਸ਼ ਸੰਮਤੀ ਦੇ ਆਗੂਆਂ ਨੇ ਕਿਹਾ ਕਿ ਕੁਰੈਸ਼ੀ ਸਮਾਜ ਹਮੇਸ਼ਾ ਹੀ ਲੋਕ ਭਲਾਈ ਦੇ ਕੰਮਾਂ ਵਿੱਚ ਸਹਿਯੋਗ ਕਰਦਾ ਰਿਹਾ ਹੈ। ਸ਼੍ਰੋਮਣੀ ਕਮੇਟੀ ਪੰਜਾਬ ਦੀ ਪ੍ਰਮੁੱਖ ਸੰਸਥਾ ਹੈ ਜੋਂ ਨਿਰੰਤਰ ਲੋਕਾਂ ਦੀ ਸੇਵਾ ਕਰ ਰਹੀ ਹੈ। ਸੰਮਤੀ ਵੱਲੋਂ ਇਕੱਤਰ ਕੀਤੀ ਮਾਇਆ ਸ਼੍ਰੋਮਣੀ ਕਮੇਟੀ ਨੂੰ ਸੌਂਪੀ ਹੈ ਤਾਂ ਕਿ ਲੋੜਵੰਦਾਂ ਦੀ ਸਹੀ ਮਦਦ ਹੋ ਸਕੇ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਜਮਾਇਤੁਲ ਕੁਰੈਸ਼ ਸੰਮਤੀ ਦੇ ਅਹੁਦੇਦਾਰਾਂ ਅਬਦੁਲ ਜ਼ਬਾਰ ਗੋਛੀਆ, ਮੋਲਾਨਾ ਸਾਦ ਮੁਕਤੀ, ਸਾ਼ਾਹਨਿਵਾਜ਼, ਮੁਹੰਮਦ ਹਨੀਫ਼ ਜਿੰਦਰਾਨ, ਸਲੀਮ ਚੌਧਰੀ ਤੇ ਅਫੀਰ ਅਲਿਆਸ ਖੋਖਰ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਓਐਸਡੀ ਸ. ਸਤਬੀਰ ਸਿੰਘ ਧਾਮੀ, ਸਕੱਤਰ ਸ. ਪ੍ਰਤਾਪ ਸਿੰਘ, ਇੰਜੀ ਸੁਖਮਿੰਦਰ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਨਿੱਜੀ ਸਕੱਤਰ ਸ. ਸਾਹਬਾਜ਼ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ, ਸੁਪਰਡੈਂਟ ਸ. ਨਿਸ਼ਾਨ ਸਿੰਘ ਅਤੇ ਹੋਰ ਮੌਜੂਦ ਸਨ।
- PTC NEWS