Havoc In Himachal: ਸੋਲਨ ’ਚ ਬੱਦਲ ਫਟਣ ਨਾਲ 7 ਮੌਤਾਂ, ਸ਼ਿਮਲਾ ’ਚ ਮੰਦਰ ਨੇੜੇ ਖਿਸਕੀ ਜ਼ਮੀਨ, ਜਾਣੋ ਹੁਣ ਤੱਕ ਦੀ ਸਥਿਤੀ
ਹਿਮਾਚਲ ਪ੍ਰਦੇਸ਼ ਦੇ ਵੱਖ ਵੱਖ ਜ਼ਿਲ੍ਹਿਆਂ ’ਚ ਮੀਂਹ ਕਾਰਨ ਮੁੜ ਤੋਂ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕਿ ਸੋਲਨ ਜ਼ਿਲੇ ਦੇ ਮਮਲੀਗ 'ਚ ਬੱਦਲ ਫਟ ਗਿਆ ਜਿਸ ਕਾਰਨ ਜ਼ਮੀਨ ਖਿਸਕ ਗਈ ਜਿਸ ’ਚ ਦੋ ਘਰ ਨੁਕਸਾਨੇ ਗਏ।

Havoc In Himachal: ਹਿਮਾਚਲ ਪ੍ਰਦੇਸ਼ ਦੇ ਵੱਖ ਵੱਖ ਜ਼ਿਲ੍ਹਿਆਂ ’ਚ ਮੀਂਹ ਕਾਰਨ ਮੁੜ ਤੋਂ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕਿ ਸੋਲਨ ਜ਼ਿਲੇ ਦੇ ਮਮਲੀਗ 'ਚ ਬੱਦਲ ਫਟ ਗਿਆ ਜਿਸ ਕਾਰਨ ਜ਼ਮੀਨ ਖਿਸਕ ਗਈ ਜਿਸ ’ਚ ਦੋ ਘਰ ਨੁਕਸਾਨੇ ਗਏ। ਇਸ ਦੀ ਲਪੇਟ ਵਿੱਚ ਸੱਤ ਲੋਕ ਆ ਗਏ। ਤਿੰਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਮੰਡੀ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ’ਤੇ ਕਈ ਲੋਕਾਂ ਦੇ ਮਲਬੇ ਹੇਠ ਦੱਬੇ ਜਾਣ ਦੀ ਸੂਚਨਾ ਹੈ। ਮੰਡੀ ਦੇ ਸੱਤ ਮੀਲ ਨੇੜੇ ਬੱਦਲ ਫਟਣ ਕਾਰਨ ਦਰਜਨ ਤੋਂ ਵੱਧ ਵਾਹਨ ਅਤੇ ਕੁਝ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੋਲਨ ਦੇ ਪਿੰਡ ਜਾਦੋਂ ਵਿੱਚ ਬੱਦਲ ਫਟਣ ਕਾਰਨ ਸੱਤ ਲੋਕਾਂ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਟਵੀਟ ਕੀਤਾ ਕਿ ਅਸੀਂ ਅਧਿਕਾਰੀਆਂ ਨੂੰ ਇਸ ਔਖੀ ਘੜੀ ਵਿੱਚ ਪ੍ਰਭਾਵਿਤ ਪਰਿਵਾਰਾਂ ਦੀ ਹਰ ਸੰਭਵ ਮਦਦ ਅਤੇ ਸਹਾਇਤਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।
ਦੂਜੇ ਪਾਸੇ ਸ਼ਿਮਲਾ 'ਚ ਭਾਰੀ ਮੀਂਹ ਕਾਰਨ ਸਵੇਰੇ ਇਕ ਮੰਦਰ ਢਹਿ ਗਿਆ। ਸ਼ਿਮਲਾ ਦੇ ਉਪਨਗਰ ਬਾਲੂਗੰਜ ਦੇ ਨਾਲ ਲੱਗਦੇ ਸ਼ਿਵ ਬਾਵੜੀ ਮੰਦਰ 'ਚ ਸਵੇਰੇ 7.30 ਵਜੇ ਜ਼ਮੀਨ ਖਿਸਕਣ ਕਾਰਨ 20 ਤੋਂ 25 ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਮੌਕੇ 'ਤੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਨ੍ਹੀਂ ਦਿਨੀਂ ਸਾਵਣ ਦਾ ਮਹੀਨਾ ਹੈ। ਅਜਿਹੇ ’ਚ ਲੋਕ ਸਵੇਰੇ-ਸਵੇਰੇ ਮੰਦਰ 'ਚ ਪੂਜਾ ਲਈ ਆਏ ਸੀ।
ਕਾਬਿਲੇਗੌਰ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਇੱਕ ਵਾਰ ਫਿਰ ਭਿਆਨਕ ਰੂਪ ਧਾਰਨ ਕਰ ਰਿਹਾ ਹੈ। ਸੂਬੇ 'ਚ ਕਈ ਥਾਵਾਂ 'ਤੇ ਭਾਰੀ ਮੀਂਹ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਭਾਰੀ ਮੀਂਹ ਦੇ ਮੱਦੇਨਜ਼ਰ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। 10 ਜ਼ਿਲ੍ਹਿਆਂ ਵਿੱਚ ਹੜ੍ਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Weather update: ਹਿਮਾਚਲ 'ਚ ਮੀਂਹ ਕਾਰਨ ਭਾਖੜਾ ਤੇ ਪੌਂਗ ਡੈਮ ਭਰਿਆ, ਪੰਜਾਬ-ਹਰਿਆਣਾ 'ਚ ਅੱਜ ਯੈਲੋ ਅਲਰਟ ਜਾਰੀ