ਬਰੀ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਨਹੀਂ ਛੱਡੇ ਪਾਕਿ ਨੌਜਵਾਨ, HC ਨੇ ਕੱਢਿਆ ਨੋਟਿਸ

By  KRISHAN KUMAR SHARMA February 4th 2024 01:36 PM

ਪੀਟੀਸੀ ਡੈਸਕ ਨਿਊਜ਼: ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ (Punjab Government) ਨੂੰ ਜੇਲ੍ਹ 'ਚ ਬੰਦ ਦੋ ਪਾਕਿਸਤਾਨੀ (Pakistan) ਨੌਜਵਾਨਾਂ ਨੂੰ ਰਿਹਾਅ ਹੋਣ ਦੇ ਬਾਵਜੂਦ ਨਾ ਛੱਡਣ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੂੰ ਤਲਬ ਕਰਕੇ ਜਵਾਬ ਮੰਗਿਆ ਹੈ। ਦੋਵੇਂ ਪਾਕਿਸਤਾਨੀ ਨੌਜਵਾਨ ਇਸ ਵੇਲੇ ਫ਼ਰੀਦਕੋਟ ਕੇਂਦਰੀ ਜੇਲ੍ਹ (Faridkot Jail) ਵਿੱਚ ਬੰਦ ਹਨ, ਜਿਹੜੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ।

ਅਦਾਲਤ ਦੇ ਹੁਕਮਾਂ ਤੋਂ ਬਾਅਦ ਵੀ ਜੇਲ੍ਹ 'ਚ ਕੈਦ ਹਨ ਦੋਵੇਂ ਨੌਜਵਾਨ

ਕਾਰਜਕਾਰੀ ਚੀਫ਼ ਜਸਟਿਸ ਰਿਤੂ ਬਾਹਰੀ ਦੀ ਬੈਂਚ ਨੇ ਜਸਟਿਸ ਐਨਐਸ ਸ਼ੇਖਾਵਤ ਵੱਲੋਂ ਭੇਜੇ ਪੱਤਰ ਦਾ ਇਹ ਨੋਟਿਸ ਲਿਆ ਹੈ। ਦੱਸ ਦਈਏ ਕਿ ਇਹ ਨੌਜਵਾਨ ਪਾਸਪੋਰਟ ਐਕਟ ਅਧੀਨ ਫੜੇ ਗਏ ਸਨ ਅਤੇ ਇਸ ਵੇਲੇ ਫ਼ਰੀਦਕੋਟ ਜੇਲ੍ਹ 'ਚ ਕੈਦ ਹਨ। ਇਨ੍ਹਾਂ ਦੋਵਾਂ ਦੀ ਸਜ਼ਾ ਵੀ ਪੂਰੀ ਹੋ ਚੁੱਕੀ ਹੈ, ਪਰ ਫਿਰ ਵੀ ਸਜ਼ਾ ਕੱਟ ਰਹੇ ਹਨ। ਹਾਈਕੋਰਟ ਨੇ ਇਸ ਮਾਮਲੇ 'ਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਇਸ ਪਟੀਸ਼ਨ ਦਾ ਘੇਰਾ ਵਧਾ ਕੇ ਪੰਜਾਬ ਸਰਕਾਰ ਤੋਂ ਪੁੱਛਿਆ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਕਿੰਨੇ ਅਜਿਹੇ ਕੈਦੀ ਹਨ, ਜੋ ਸਜ਼ਾ ਪੂਰੀ ਹੋਣ ਜਾਂ ਬਰੀ ਹੋਣ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ ਹਨ।

ਦੱਸ ਦਈਏ ਕਿ ਪਿਛਲੇ ਦਿਨੀ ਜਸਟਿਸ ਐਨਐਸ ਸ਼ੇਖਾਵਤ, ਜੋ ਕਿ ਫਰੀਦਕੋਟ ਦੇ ਪ੍ਰਸ਼ਾਸਨਿਕ ਜੱਜ ਵੀ ਹਨ, ਜੇਲ੍ਹ ਦੇ ਦੌਰੇ 'ਤੇ ਆਏ ਸਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਦੋ ਪਾਕਿਸਤਾਨੀ ਨੌਜਵਾਨ ਬਰੀ ਹੋਣ ਤੋਂ ਬਾਅਦ ਵੀ ਕੈਦੀ ਹਨ। ਅਪ੍ਰੈਲ 2023 ਵਿੱਚ ਦੋਵਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ ਪਰ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਕਿਉਂਕਿ ਉਹ ਪਾਕਿਸਤਾਨੀ ਨਾਗਰਿਕ ਸਨ। ਉਸ ਦੀ ਹਵਾਲਗੀ ਦਾ ਮਾਮਲਾ ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਡਾਇਰੈਕਟੋਰੇਟ ਕੋਲ ਵਿਚਾਰ ਅਧੀਨ ਹੈ।

ਗਲਤੀ ਨਾਲ ਭਾਰਤ 'ਚ ਹੋ ਗਏ ਸਨ ਦਾਖਲ

ਇਹ ਦੋਵੇਂ ਨੌਜਵਾਨ ਪਾਕਿਸਤਾਨ ਦੇ ਕਸੂਰ ਦੇ ਵਸਨੀਕ ਹਨ। 2022 ਵਿੱਚ ਇਹ ਦੋਵੇਂ ਪਾਕਿਸਤਾਨੀ ਨੌਜਵਾਨ ਭਾਰਤੀ ਸਰਹੱਦ 'ਤੇ ਮਿਲੇ ਸਨ ਅਤੇ ਬਿਨਾਂ ਦਸਤਾਵੇਜ਼ਾਂ ਤੋਂ ਸਰਹੱਦ ਪਾਰ ਕਰਨ ਦੇ ਦੋਸ਼ ਹੇਠ ਤਰਨਤਾਰਨ ਵਿੱਚ ਪਾਸਪੋਰਟ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜੁਵੇਨਾਈਲ ਜਸਟਿਸ ਬੋਰਡ ਨੇ ਦੋਵਾਂ ਨੂੰ ਕਿਹਾ ਸੀ ਕਿ ਜਿਸ ਥਾਂ 'ਤੇ ਉਨ੍ਹਾਂ ਨੂੰ ਫੜਿਆ ਗਿਆ ਸੀ, ਉਸ ਥਾਂ 'ਤੇ ਸਰਹੱਦੀ ਖੰਭਿਆਂ ਵਿਚਕਾਰ ਕੋਈ ਵਾੜ ਨਹੀਂ ਸੀ, ਇਸ ਲਈ ਉਹ ਗਲਤੀ ਨਾਲ ਭਾਰਤ 'ਚ ਦਾਖਲ ਹੋ ਗਏ ਸਨ। ਪਰ ਆਪਣੀ ਵਾਰੀ ਆਉਣ ਤੋਂ ਬਾਅਦ ਵੀ ਇਹ ਦੋਵੇਂ ਨੌਜਵਾਨ ਫ਼ਰੀਦਕੋਟ ਜੇਲ੍ਹ ਵਿੱਚ ਬੰਦ ਹਨ।

Related Post