DSP ਗੁਰਸ਼ੇਰ ਸੰਧੂ ਮਾਮਲੇ ਚ ਹਾਈਕੋਰਟ ਦਾ ਵੱਡਾ ਫ਼ੈਸਲਾ: ਬਰਖ਼ਾਸਤਗੀ ਦੇ ਆਦੇਸ਼ ਰੱਦ, ਪਰ ...
ਚੰਡੀਗੜ੍ਹ: ਗੈਂਗਸਟਰ ਲੌਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ।
ਚੰਡੀਗੜ੍ਹ: ਗੈਂਗਸਟਰ ਲੌਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡਿਪਟੀ ਸੁਪਰਡੈਂਟ ਆਫ਼ ਪੁਲਿਸ (DSP) ਗੁਰਸ਼ੇਰ ਸਿੰਘ ਸੰਧੂ ਦੀ ਬਰਖ਼ਾਸਤਗੀ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੂੰ ਨੌਕਰੀ ਤੋਂ ਕੱਢਣ ਦਾ ਫ਼ੈਸਲਾ ਕਾਨੂੰਨੀ ਤੌਰ 'ਤੇ ਸਹੀ ਨਹੀਂ ਸੀ, ਪਰ ਇਸ ਨਾਲ ਉਨ੍ਹਾਂ ਨੂੰ ਮਾਮਲੇ ਵਿੱਚ ਕੋਈ ਕਲੀਨ ਚਿੱਟ ਨਹੀਂ ਮਿਲੀ ਹੈ।
ਸਿਰਫ਼ ਇੱਕ ਅਧਿਕਾਰੀ 'ਤੇ ਕਾਰਵਾਈ 'ਤੇ ਚੁੱਕੇ ਸਵਾਲ
ਹਾਈਕੋਰਟ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਵਿਸ਼ੇਸ਼ ਜਾਂਚ ਟੀਮ (SIT) ਦੀ ਜਾਂਚ ਦੌਰਾਨ ਡੀ.ਐੱਸ.ਪੀ. ਗੁਰਸ਼ੇਰ ਸੰਧੂ ਸਮੇਤ ਕਈ ਹੋਰ ਅਧਿਕਾਰੀਆਂ ਨੂੰ ਵੀ ਦੋਸ਼ੀ ਮੰਨਿਆ ਗਿਆ ਸੀ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਕਾਰਵਾਈ ਸਿਰਫ਼ ਇੱਕ ਹੀ ਅਧਿਕਾਰੀ 'ਤੇ ਕਿਉਂ ਕੀਤੀ ਗਈ?
ਬਿਨਾਂ ਨੋਟਿਸ ਕਾਰਵਾਈ ਗਲਤ
ਅਦਾਲਤ ਨੇ ਮੰਨਿਆ ਕਿ ਜਾਂਚ ਚੱਲਦਿਆਂ ਬਿਨਾਂ ਕਿਸੇ ਪੂਰਵ ਨੋਟਿਸ ਦੇ ਅਧਿਕਾਰੀ ਨੂੰ ਸੇਵਾ ਤੋਂ ਬਰਖ਼ਾਸਤ ਕਰਨਾ ਕਾਨੂੰਨੀ ਅਤੇ ਤਕਨੀਕੀ ਤੌਰ 'ਤੇ ਗਲਤ ਸੀ।
ਜਾਂਚ ਰਹੇਗੀ ਜਾਰੀ, ਮਾਮਲੇ 'ਚ ਨਹੀਂ ਮਿਲੀ ਰਾਹਤ
ਹਾਈਕੋਰਟ ਨੇ ਆਪਣੇ ਹੁਕਮਾਂ ਵਿੱਚ ਸਾਫ਼ ਤੌਰ 'ਤੇ ਤਾਕੀਦ ਕੀਤੀ ਹੈ ਕਿ ਬਰਖ਼ਾਸਤਗੀ ਦੇ ਆਦੇਸ਼ਾਂ ਨੂੰ ਤਕਨੀਕੀ ਆਧਾਰ 'ਤੇ ਰੱਦ ਕੀਤਾ ਗਿਆ ਹੈ, ਪਰ ਜੇਲ੍ਹ ਵਿੱਚ ਹੋਈ ਵਿਵਾਦਿਤ ਇੰਟਰਵਿਊ ਦੇ ਇਲਜ਼ਾਮਾਂ ਤੋਂ ਉਨ੍ਹਾਂ ਨੂੰ ਮੁਕਤ ਨਹੀਂ ਕੀਤਾ ਗਿਆ। ਲੌਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ 'ਚ ਹਾਈਕੋਰਟ ਦੇ ਨਿਰਦੇਸ਼ਾਂ 'ਤੇ ਰਿਟਾਇਰਡ ਜਸਟਿਸ ਆਰ. ਐੱਨ. ਰੈਣਾ ਦੀ ਕਮੇਟੀ ਵੱਲੋਂ ਕੀਤੀ ਜਾ ਰਹੀ ਜਾਂਚ ਨਿਰੰਤਰ ਜਾਰੀ ਰਹੇਗੀ।