Jalandhar News : ਜਲੰਧਰ ਸ਼ਹਿਰ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਦਾ ਗ੍ਰਾਫ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹਰ ਰੋਜ਼ ਤੇਜ਼ਧਾਰ ਹਥਿਆਰਾਂ ਨਾਲ ਲੈਸ ਲੁਟੇਰੇ ਅਪਰਾਧ ਕਰ ਰਹੇ ਹਨ। ਲੁੱਟ-ਖੋਹ ਦੀਆਂ ਰੋਜ਼ਾਨਾ ਵਧਦੀਆਂ ਘਟਨਾਵਾਂ ਨੇ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇੰਝ ਲੱਗਦਾ ਹੈ ਜਿਵੇਂ ਲੁਟੇਰਿਆਂ ਦਾ ਪੁਲਿਸ ਤੋਂ ਡਰ ਖਤਮ ਹੋ ਗਿਆ ਹੋਵੇ। ਤਾਜ਼ਾ ਮਾਮਲਾ ਅਜੀਤ ਨਗਰ ਵਿੱਚ ਸਥਿਤ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਬਾਹਰੋਂ ਸਾਹਮਣੇ ਆਇਆ ਹੈ ਜੋ ਕਿ ਡਾਕਟਰ ਬੀ ਅੰਬੇਡਕਰ ਚੌਕ (ਨਕੋਦਰ ਚੌਕ) ਨੇੜੇ ਹੈ ਜੋ ਕਿ ਥਾਣਾ 4 ਅਧੀਨ ਆਉਂਦਾ ਹੈ, ਜਿੱਥੇ ਲੁਟੇਰਿਆਂ ਨੇ ਦੇਰ ਰਾਤ ਐਕਟਿਵਾ ਸਵਾਰ ਇੱਕ ਵਿਅਕਤੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ।
ਘਟਨਾ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਸੀਸੀਟੀਵੀ ਫੁਟੇਜ ’ਚ ਦੇਖਿਆ ਜਾ ਸਕਦਾ ਹੈ ਕਿ ਬਜ਼ੁਰਗ ਵਿਅਕਤੀ ਗੁਰਦੁਆਰਾ ਸਾਹਿਬ ਦੇ ਬਾਹਰ ਖੜਿਆ ਸੀ ਅਤੇ ਉਹ ਐਕਟਿਵਾ ’ਚ ਸਾਮਾਨ ਰੱਖ ਰਿਹਾ ਸੀ, ਉਸੀ ਸਮੇਂ ਦੋ ਬਾਈਕ ਸਵਾਰ ਲੰਘਦੇ ਹਨ। ਇਸ ਦੌਰਾਨ ਵਿਅਕਤੀ ਐਕਟਿਵਾ ਨੂੰ ਬੰਦ ਕਰਕੇ ਗੁਰਦੁਆਰਾ ਸਾਹਿਬ ’ਚ ਜਾਣ ਲੱਗਦਾ ਹੈ ਤਾਂ ਬਾਈਕ ਸਵਾਰ ਵਾਪਿਸ ਆਉਂਦੇ ਹਨ ਅਤੇ ਬਜ਼ੁਰਗ ਵਿਅਕਤੀ ਨੂੰ ਆਵਾਜ ਦੇਕੇ ਰੋਕ ਲੈਂਦੇ ਹਨ।
ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ
ਉੱਥੇ ਹੀ ਇਸ ਘਟਨਾ ਸਬੰਧੀ ਪੁਲਿਸ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸੀਸੀਟੀਵੀ ਫੁਟੇਜ ਜ਼ਬਤ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਟੇਸ਼ਨ ਹਾਊਸ ਅਫਸਰ ਨੇ ਦੱਸਿਆ ਕਿ ਉਸ ਵਿਅਕਤੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਲੁਟੇਰੇ ਅਪਰਾਧ ਨੂੰ ਅੰਜਾਮ ਦੇਣ ਵਿੱਚ ਅਸਫਲ ਰਹੇ।
ਇੰਝ ਵਾਪਰੀ ਪੂਰੀ ਘਟਨਾ
ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਹਰਜੋਤ ਸਿੰਘ ਲੱਕੀ ਨੇ ਦੱਸਿਆ ਕਿ ਇਹ ਘਟਨਾ ਰਾਤ 1:30 ਵਜੇ ਦੇ ਕਰੀਬ ਵਾਪਰੀ। ਕੁਝ ਸੇਵਾਦਾਰ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰ ਰਹੇ ਸੀ। ਇੱਕ ਬਜ਼ੁਰਗ ਵਿਅਕਤੀ ਨੇ ਆਪਣਾ ਸਕੂਟਰ ਖੜ੍ਹਾ ਕੀਤਾ ਅਤੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਣ ਲੱਗਾ। ਇਸ ਦੌਰਾਨ, ਇੱਕ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੇ ਉਸਨੂੰ ਅੰਦਰ ਧੱਕਣ ਦੀ ਕੋਸ਼ਿਸ਼ ਕੀਤੀ। ਬਜ਼ੁਰਗ ਵਿਅਕਤੀ ਨੇ ਵਿਰੋਧ ਕੀਤਾ ਅਤੇ ਰੌਲਾ ਪਾਇਆ। ਰੌਲਾ ਸੁਣ ਕੇ, ਸੇਵਾ ਕਰ ਰਹੇ ਸ਼ਰਧਾਲੂ ਹੇਠਾਂ ਆ ਗਏ ਅਤੇ ਦੋਵੇਂ ਨੌਜਵਾਨ ਆਪਣੇ ਮੋਟਰਸਾਈਕਲਾਂ 'ਤੇ ਭੱਜ ਗਏ।
ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ
ਹਰਜੋਤ ਸਿੰਘ ਲੱਕੀ ਨੇ ਖਦਸ਼ਾ ਪ੍ਰਗਟ ਕੀਤਾ ਕਿ ਦੋਵੇਂ ਨੌਜਵਾਨ ਲੁੱਟ-ਖੋਹ ਜਾਂ ਬੇਅਦਬੀ ਕਰਨ ਦੇ ਇਰਾਦੇ ਨਾਲ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ। ਪ੍ਰਬੰਧਕ ਕਮੇਟੀ ਨੇ ਸਬੰਧਤ ਪੁਲਿਸ ਸਟੇਸ਼ਨ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੂੰ ਸੀਸੀਟੀਵੀ ਫੁਟੇਜ ਵੀ ਮੁਹੱਈਆ ਕਰਵਾਈ ਗਈ ਹੈ। ਲੱਕੀ ਅਨੁਸਾਰ, ਪੁਲਿਸ ਨੇ ਤਿੰਨ ਦਿਨਾਂ ਦੇ ਅੰਦਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਤਾਂ ਉਹ ਸਿੰਘ ਸਭਾਵਾਂ ਅਤੇ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਨਾਲ ਮੀਟਿੰਗ ਕਰਨ ਅਤੇ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।
- PTC NEWS