Himachal Landslide: ਸ਼ਿਮਲਾ ਚ ਜ਼ਮੀਨ ਖਿਸਕਣ ਨਾਲ ਢਿੱਗਾਂ ਡਿੱਗੀਆਂ, 2 ਲੋਕਾਂ ਦੀ ਮੌਤ

By  KRISHAN KUMAR SHARMA February 6th 2024 11:11 AM

ਹਿਮਾਚਲ ਪ੍ਰਦੇਸ਼ (Himachal Pardesh) ਵਿੱਚ ਮੀਂਹ ਅਤੇ ਬਰਫ਼ਬਾਰੀ ਦਾ ਦੌਰ ਰੁਕ ਗਿਆ ਹੈ, ਪਰ ਹੁਣ ਜ਼ਮੀਨ ਖਿਸਕਣ (ਸ਼ਿਮਲਾ ਲੈਂਡਸਲਾਈਡ) ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਸੂਬੇ ਦੀ ਰਾਜਧਾਨੀ ਸ਼ਿਮਲਾ (Shimla) 'ਚ ਮੰਗਲਵਾਰ ਸਵੇਰੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਫਿਲਹਾਲ ਪੁਲਿਸ (ਸ਼ਿਮਲਾ ਪੁਲਿਸ) ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸ਼ਿਮਲਾ ਦੇ ਆਈਜੀਐੱਮਸੀ ਹਸਪਤਾਲ ਪਹੁੰਚਾਇਆ ਹੈ। ਦੂਜੇ ਪਾਸੇ ਘਟਨਾ ਵਾਲੀ ਥਾਂ 'ਤੇ ਹੋਰ ਮਜ਼ਦੂਰ ਕੰਮ ਕਰ ਰਹੇ ਹੋਣ ਦੀ ਸੂਚਨਾ ਹੈ।

ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਕਰੀਬ 6:15 ਵਜੇ ਸ਼ਿਮਲਾ ਦੇ ਜੰਗਾ ਮਾਰਗ 'ਤੇ ਅਸ਼ਵਨੀ ਖੱਡ 'ਚ ਇਹ ਢਿੱਗਾਂ ਡਿੱਗੀਆਂ। ਲਾਸ਼ਾਂ ਨੂੰ ਕੱਢ ਕੇ ਆਈਜੀਐਮਸੀ ਨੂੰ ਭੇਜ ਦਿੱਤਾ ਗਿਆ ਹੈ। ਆਈਜੀਐਮਸੀ ਦੇ ਸੀਐਮਓ ਮਹੇਸ਼ ਨੇ ਦੱਸਿਆ ਕਿ ਲੈਂਡ ਸਲਾਈਡ ਵਿੱਚ ਦੱਬੇ ਦੋ ਮਜ਼ਦੂਰਾਂ ਨੂੰ ਸਵੇਰੇ ਲਿਆਂਦਾ ਗਿਆ ਅਤੇ ਦੋਵਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਰਾਕੇਸ਼ (31) ਅਤੇ ਰਾਜੇਸ਼ (40) ਵਜੋਂ ਹੋਈ ਹੈ। ਦੋਵੇਂ ਬਿਹਾਰ ਦੇ ਰਹਿਣ ਵਾਲੇ ਸਨ ਅਤੇ ਇੱਥੇ ਮਜ਼ਦੂਰ ਵਜੋਂ ਕੰਮ ਕਰਦੇ ਸਨ।

ਦੱਸ ਦਈਏ ਕਿ ਸੋਮਵਾਰ ਨੂੰ ਕਿਨੌਰ 'ਚ ਦੋ ਥਾਵਾਂ 'ਤੇ ਹਾਈਵੇਅ 'ਤੇ ਵੱਡੀਆਂ ਚੱਟਾਨਾਂ ਡਿੱਗ ਗਈਆਂ ਸਨ। ਇਸ ਤੋਂ ਪਹਿਲਾਂ ਮੂਲਿੰਗ ਨਾਲੇ ਕੋਲ ਢਿੱਗਾਂ ਡਿੱਗੀਆਂ ਸਨ। ਫਿਰ ਕਿਨੌਰ 'ਚ ਮੂਲਿੰਗ ਨਾਲੇ ਕੋਲ ਇਕ ਵੱਡੀ ਚੱਟਾਨ ਡਿੱਗਣ ਕਾਰਨ ਸੜਕ ਬੰਦ ਹੋ ਗਈ ਸੀ। ਇਸੇ ਤਰ੍ਹਾਂ ਬਰਫਬਾਰੀ ਕਾਰਨ ਸੂਬੇ ਦੇ ਚਾਰ ਰਾਸ਼ਟਰੀ ਰਾਜਮਾਰਗ ਅਤੇ 675 ਸੜਕਾਂ ਸੋਮਵਾਰ ਸ਼ਾਮ ਤੱਕ ਬੰਦ ਰਹੀਆਂ। ਕੁੱਲ 1416 ਬਿਜਲੀ ਟਰਾਂਸਫਾਰਮਰਾਂ ਦੇ ਖਰਾਬ ਹੋਣ ਕਾਰਨ ਬਿਜਲੀ ਅਤੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ।

Related Post