ਸੂਬੇ ਦੀ ਤਰੱਕੀ ਦੇ ਸਫ਼ਰ ਦਾ ਪੱਲੇਦਾਰ ਇਕ ਅਹਿਮ ਹਿੱਸਾ: ਲਾਲ ਚੰਦ ਕਟਾਰੂਚੱਕ

By  Pardeep Singh January 11th 2023 08:13 PM

ਚੰਡੀਗੜ੍ਹ: ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ  ਲਾਲ ਚੰਦ ਕਟਾਰੂਚੱਕ ਅਤੇ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਆਗੂਆਂ ਦੀ ਮੀਟਿੰਗ  ਸੈਕਟਰ 39 ਚੰਡੀਗੜ੍ਹ ਵਿਖੇ ਹੋਈ। ਇਸ ਮੌਕੇ ਉਨ੍ਹਾਂ ਨੇ ਕਿਹਾ ਹੈ ਕਿ ਸੂਬੇ ਦੀ ਤਰੱਕੀ ਦੇ ਸਫ਼ਰ ਦਾ ਪੱਲੇਦਾਰ ਇਕ ਅਹਿਮ ਹਿੱਸਾ ਹਨ ਜਿਹਨਾਂ ਦੀ ਖੁਸ਼ਹਾਲੀ ਲਈ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ। 

 ਕਟਾਰੂਚੱਕ ਨੇ ਕਿਹਾ ਕਿ ਜਿੱਥੋਂ ਤੱਕ ਐਸ.ਓ.ਆਰ. ਦਰਾਂ ਵਿੱਚ ਵਾਧਾ ਕੀਤੇ ਜਾਣ ਦਾ ਸਬੰਧ ਹੈ ਤਾਂ ਇਸ ਸਬੰਧੀ ਇਕ ਤਜਵੀਜ਼ ਤਿਆਰ ਕਰਕੇ ਐਫ.ਸੀ.ਆਈ. ਨੂੰ ਭੇਜੀ ਜਾਵੇਗੀ ਅਤੇ ਲੋੜ ਪੈਣ ਉੱਤੇ ਐਫ.ਸੀ.ਆਈ. ਅਧਿਕਾਰੀਆਂ ਨਾਲ ਨਿੱਜੀ ਤੌਰ ਉੱਤੇ ਵੀ ਇਹ ਮੁੱਦਾ ਚੁੱਕਿਆ ਜਾਵੇਗਾ। ਇਸ ਮੌਕੇ ਮੰਤਰੀ ਨੇ ਵਿਭਾਗ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਪੱਲੇਦਾਰਾਂ ਦੇ ਬਕਾਏ ਅਦਾ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਇਸ ਵਰਗ ਨੂੰ ਆਰਥਿਕ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਮੌਕੇ ਆਗੂਆਂ ਵੱਲੋਂ ਰੱਖੀਆਂ ਗਈਆਂ ਹੋਰ ਮੰਗਾਂ ਜਿਵੇਂ ਕਿ ਠੇਕੇਦਾਰੀ ਪ੍ਰਣਾਲੀ ਨੂੰ ਖ਼ਤਮ ਕਰਨ, ਅਦਾਇਗੀਆਂ ਸਿੱਧੇ ਤੌਰ ਉੱਤੇ ਪੱਲੇਦਾਰਾਂ ਨੂੰ ਕੀਤੇ ਜਾਣ, ਸਕਿਉਰਿਟੀ ਦੀ ਥਾਂ ਬਾਂਡ ਲਏ ਜਾਣ ਅਤੇ ਪਛਾਣ ਦੇ ਸਬੂਤ ਵਜੋਂ ਆਧਾਰ ਕਾਰਡ ਨੂੰ ਵਰਤੇ ਜਾਣ ਸਬੰਧੀ ਸ੍ਰੀ ਕਟਾਰੂਚੱਕ ਨੇ ਉਸਾਰੂ ਰਵੱਈਆ ਅਪਣਾਉਂਦੇ ਹੋਏ ਇਹਨਾਂ ਉੱਤੇ ਪੂਰੀ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ। ਉਹਨਾਂ ਇਸ ਮੌਕੇ ਇਸ ਪੱਖ ਉੱਤੇ ਵੀ ਜ਼ੋਰ ਦਿੱਤਾ ਕਿ ਪੱਲੇਦਾਰਾਂ ਦੀ ਭਲਾਈ ਹਿੱਤ ਕਾਇਮ ਵਰਕਰ ਮੈਨੇਜਮੈਂਟ ਕਮੇਟੀਆਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਪੱਲੇਦਾਰਾਂ ਦੇ ਹਿੱਤਾਂ ਦੀ ਰਾਖੀ ਹੋ ਸਕੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ, ਪਨਗ੍ਰੇਨ ਦੇ ਏ.ਐਮ.ਡੀ. ਪਰਮਪਾਲ ਕੌਰ ਸਿੱਧੂ ਅਤੇ ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾ. ਅੰਜੁਮਨ ਭਾਸਕਰ ਵੀ ਮੌਜੂਦ ਸਨ।

Related Post