Goldy Brar: ਗੈਂਗਸਟਰ ਗੋਲਡੀ ਬਰਾੜ ਐਲਾਨਿਆ ਅੱਤਵਾਦੀ, UAPA ਤਹਿਤ ਹੋਈ ਕਾਰਵਾਈ

By  KRISHAN KUMAR SHARMA January 1st 2024 08:59 PM

ਪੀਟੀਸੀ ਨਿਊਜ਼ ਡੈਸਕ: ਭਾਰਤ ਸਰਕਰ ਨੇ ਗੈਂਗਸਟਰ ਗੋਲਡੀ ਬਰਾੜ ਵਿਰੁੱਧ ਵੱਡੀ ਕਾਰਵਾਈ ਕਰ ਦਿੱਤੀ ਹੈ। ਸਰਕਾਰ ਵੱਲੋਂ ਉਸ ਨੂੰ ਯੂਏਪੀਏ ਤਹਿਤ ਅੱਤਵਾਦੀ ਐਲਾਨ ਦਿੱਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਗੋਲਡੀ ਬਰਾੜ ਪਾਬੰਦੀਸ਼ੁਦਾ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਹੋਇਆ ਹੈ।

ਨੋਟੀਫਿਕੇਸ਼ਨ 'ਚ ਕਿਹਾ ਗਿਆ ਇਹ

ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, "ਇੱਕ ਸੀਮਾ ਪਾਰ ਏਜੰਸੀ ਦੁਆਰਾ ਸਮਰਥਨ ਪ੍ਰਾਪਤ ਗੋਲਡੀ, ਕਈ ਕਤਲਾਂ ਵਿੱਚ ਸ਼ਾਮਲ ਸੀ ਅਤੇ ਕੱਟੜਪੰਥੀ ਵਿਚਾਰਧਾਰਾ ਦਾ ਦਾਅਵਾ ਕਰਦਾ ਸੀ, ਰਾਸ਼ਟਰਵਾਦੀ ਨੇਤਾਵਾਂ ਨੂੰ ਧਮਕੀ ਭਰੀਆਂ ਕਾਲਾਂ ਕਰਨ, ਫਿਰੌਤੀ ਦੀ ਮੰਗ ਕਰਨ ਅਤੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਹੱਤਿਆਵਾਂ ਦੇ ਦਾਅਵਿਆਂ ਨੂੰ ਪੋਸਟ ਕਰਨ ਵਿੱਚ ਸ਼ਾਮਲ ਸੀ। ਉਹ ਸਰਹੱਦ ਪਾਰ ਤੋਂ ਡਰੋਨਾਂ ਰਾਹੀਂ ਉੱਚ ਦਰਜੇ ਦੇ ਹਥਿਆਰਾਂ, ਗੋਲਾ ਬਾਰੂਦ ਅਤੇ ਵਿਸਫੋਟਕ ਸਮੱਗਰੀ ਦੀ ਤਸਕਰੀ ਕਰਨ ਅਤੇ ਹੱਤਿਆਵਾਂ ਨੂੰ ਅੰਜਾਮ ਦੇਣ ਲਈ ਸਪਲਾਈ ਕਰਨ ਅਤੇ ਸ਼ਾਰਪ ਸ਼ੂਟਰ ਪ੍ਰਦਾਨ ਕਰਨ ਵਿੱਚ ਸ਼ਾਮਲ ਰਿਹਾ ਹੈ।"

ਕੇਂਦਰੀ ਜਾਂਚ ਏਜੰਸੀ ਨੇ ਗ੍ਰਹਿ ਮੰਤਰਾਲੇ ਨੂੰ ਸੌਂਪੀ ਸੀ ਦੇਸ਼ 'ਚ ਦਹਿਸ਼ਤਗਰਦਾਂ ਦੀ ਜਾਣਕਾਰੀ

ਐਨਆਈਏ ਨੇ ਹਾਲ ਹੀ ਵਿੱਚ ਗੈਂਗਸਟਰਾਂ ਨਾਲ ਸਬੰਧਤ ਕਈ ਮਾਮਲਿਆਂ ਦੀ ਜਾਂਚ ਕੀਤੀ ਸੀ, ਜਿਸ ਤੋਂ ਬਾਅਦ ਉਹ ਦੇਸ਼ ਵਿੱਚ ਦਹਿਸ਼ਤ ਫੈਲਾਉਣ ਵਾਲੇ 28 ਵੱਡੇ ਅਤੇ ਖੌਫਨਾਕ ਗੈਂਗਸਟਰਾਂ ਤੱਕ ਪਹੁੰਚ ਗਿਆ। ਐਨਆਈਏ ਨੇ ਅਜਿਹੇ ਅਪਰਾਧੀਆਂ ਦੀ ਰਿਪੋਰਟ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੌਂਪੀ ਸੀ। ਇਨ੍ਹਾਂ ਗੈਂਗਸਟਰਾਂ ਵਿੱਚ ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ ਅਤੇ ਹੋਰ ਰਾਜਾਂ ਦੇ ਕਈ ਵੱਡੇ ਬਦਨਾਮ ਅਪਰਾਧੀ ਸ਼ਾਮਲ ਹਨ।

ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਵਿਦੇਸ਼ਾਂ ਵਿੱਚ ਰਹਿ ਕੇ ਅਜਿਹੇ ਅਪਰਾਧੀ ਭਾਰਤ ਵਿੱਚ ਟਾਰਗੇਟ ਕਿਲਿੰਗ ਅਤੇ ਨਸ਼ਿਆਂ ਦੇ ਕਾਰੋਬਾਰ ਨੂੰ ਅੱਗੇ ਵਧਾ ਰਹੇ ਹਨ। ਇਸ ਤੋਂ ਇਲਾਵਾ ਭਾਰਤ 'ਚ ਮੌਜੂਦ ਇਨ੍ਹਾਂ ਗੈਂਗਸਟਰਾਂ ਦੇ ਗਰੋਹ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਸਮੇਤ ਹੋਰ ਕਈ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਉਨ੍ਹਾਂ ਗੈਂਗਸਟਰਾਂ ਦੇ ਨਾਵਾਂ ਦੀ ਸੂਚੀ ਭਾਰਤ ਸਰਕਾਰ ਅਧੀਨ ਕੇਂਦਰੀ ਗ੍ਰਹਿ ਮੰਤਰਾਲੇ (MHA) ਵੱਲੋਂ ਤਿਆਰ ਕੀਤੀ ਗਈ ਹੈ।

ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਗੋਲਡੀ ਅੱਤਵਾਦ ਵਿਚ ਸ਼ਾਮਲ ਹੈ ਅਤੇ ਉਸ ਨੂੰ ਯੂਏਪੀਏ ਵਿਚ ਚੌਥੀ ਅਨੁਸੂਚੀ ਵਿਚ ਅੱਤਵਾਦੀ ਵਜੋਂ ਸ਼ਾਮਲ ਕੀਤਾ ਜਾਣਾ ਹੈ।

ਮੂਸੇਵਾਲਾ ਕਤਲ 'ਚ ਮੁੱਖ ਦੋਸ਼ੀ ਹੈ ਗੋਲਡੀ ਬਰਾੜ

ਗੈਂਗਸਟਰ ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ 'ਚ ਮੁੱਖ ਦੋਸ਼ੀ ਹੈ। ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਬਰਾੜ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਸੀ, “ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਸਚਿਨ ਬਿਸ਼ਨੋਈ ਧਤਾਰਾਂਵਾਲੀ, ਲਾਰੈਂਸ ਬਿਸ਼ਨੋਈ ਅਤੇ ਮੈਂ ਹਾਂ।” ਗੈਂਗਸਟਰ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੀ ਮੌਤ ਦਾ ਬਦਲਾ ਲੈਣ ਲਈ ਮੂਸੇਵਾਲਾ ਦੀ ਹੱਤਿਆ ਕੀਤੀ ਸੀ।

ਬਰਾੜ ਨੇ 2022 ਵਿੱਚ ਕੋਟਕਪੂਰਾ ਵਿੱਚ ਡੇਰਾ ਸਮਰਥਕ ਪਰਦੀਪ ਸਿੰਘ ਕਟਾਰੀਆ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ। 2015 ਦੇ ਬਰਗਾੜੀ ਬੇਅਦਬੀ ਕਾਂਡ ਦਾ ਦੋਸ਼ੀ ਕਟਾਰੀਆ ਜ਼ਮਾਨਤ 'ਤੇ ਰਿਹਾਅ ਸੀ ਅਤੇ ਉਸ ਸਾਲ 11 ਨਵੰਬਰ ਨੂੰ ਉਸ ਦੀ ਦੁਕਾਨ 'ਤੇ 6 ਬੰਦਿਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

Related Post