PTC News
Search
🔍 Search

Diljit Dosanjh ਦੇ ਮੈਨੇਜਰ ਨੂੰ ਇੰਦੌਰ ਦੇ DCPO ਵਲੋਂ ਨੋਟਿਸ ਜਾਰੀ, ਚੰਡੀਗੜ੍ਹ ਦੇ ਪ੍ਰੋਫ਼ੈਸਰ ਦੀ ਸ਼ਿਕਾਇਤ ਤੋਂ ਬਾਅਦ ਹੋਈ ਕਾਰਵਾਈ

ਇਨ੍ਹਾਂ 4 ਗਾਣਿਆਂ ਦੇ ਗਾਉਣ 'ਤੇ ਲਗਾਈ ਪਾਬੰਦੀ

By  Jaswinder Kaur November 7th 2026 11:49 AM

Indore DCPO issues notice to Diljit Dosanjh's manager : ਦਿਲਜੀਤ ਦੋਸਾਂਝ ਦੇ ਇੰਦੌਰ ਵਿੱਚ ਹੋਣ ਵਾਲੇ ਸ਼ੋਅ ਨੂੰ ਲੈ ਕੇ ਰੇੜਕਾ ਪੈਦਾ ਹੋ ਗਿਆ ਹੈ। 15 ਨਵੰਬਰ ਨੂੰ ਹੋਣ ਵਾਲੇ ਲਾਈਵ ਕੰਸਰਟ ਨੂੰ ਲੈ ਕੇ ਚੰਡੀਗੜ੍ਹ ਦੇ ਪ੍ਰੋਫ਼ੈਸਰ ਡਾ. ਪੰਡਿਤਰਾਓ ਧਰੇਨਵਰ ਵੱਲੋਂ ਦਾਇਰ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੇ ਵੱਡਾ ਹੁਕਮ ਜਾਰੀ ਕੀਤਾ ਹੈ। ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ਵਾਲੀ ਥਾਂ ਦੇ ਮੈਨੇਜਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਨੋਟਿਸ ਵਿੱਚ ਸਪੱਸ਼ਟ ਤੌਰ 'ਤੇ ਲਿਖਿਆ ਗਿਆ ਹੈ ਕਿ ਦਿਲਜੀਤ ਦੋਸਾਂਝ ਨੂੰ ਅਜਿਹੇ ਗੀਤ ਗਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਜੋ ਸ਼ਰਾਬ, ਅਫੀਮ ਅਤੇ ਬੰਦੂਕ ਸੱਭਿਆਚਾਰ (ਗੰਨ ਕਲਚਰ) ਨੂੰ ਉਤਸ਼ਾਹਿਤ ਕਰਦੇ ਹਨ, ਜਿਨ੍ਹਾਂ 'ਚ 'ਪਟਿਆਲਾ ਪੈੱਗ', '5 ਤਾਰਾ ਠੇਕੇ', 'ਜੀਭ ਵਿੱਚੋਂ ਅਫੀਮ ਲੱਭੀ' ਅਤੇ 'ਜੱਟ ਉੱਤੇ ਫਾਇਰ ਕਰਦਾ' ਸ਼ਾਮਿਲ ਹਨ।

ਇਹ ਵੀ ਪੜ੍ਹੋ : 

Mohammad Shami ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ, ਭਾਵੁਕ ਪੋਸਟ ਸਾਂਝੀ ਕਰ ਦਿਲ ਦੀ ਗੱਲ ਕਹੀ

ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਵੱਲੋਂ ਮਾਲ ਪ੍ਰਬੰਧਕਾਂ ਨੂੰ ਭੇਜੇ ਪੱਤਰ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 22 ਜੁਲਾਈ 2019 ਦੇ ਉਸ ਫ਼ੈਸਲੇ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਵਿੱਚ ਨਸ਼ਿਆਂ, ਸ਼ਰਾਬ ਅਤੇ ਹਥਿਆਰਾਂ ਨੂੰ ਵਡਿਆਉਣ ਵਾਲੇ ਗੀਤਾਂ ’ਤੇ ਰੋਕ ਲਾਉਣ ਦੇ ਆਦੇਸ਼ ਦਿੱਤੇ ਗਏ ਸਨ। ਪੱਤਰ ਵਿੱਚ ਦਲੀਲ ਦਿੱਤੀ ਗਈ ਹੈ ਕਿ ਕਿਉਂਕਿ ਸਮਾਗਮ ਵਿੱਚ 5 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਦੇ ਦਾਖ਼ਲੇ ਦੀ ਖੁੱਲ੍ਹ ਹੈ, ਇਸ ਲਈ ਅਜਿਹੇ ਇਤਰਾਜ਼ਯੋਗ ਬੋਲਾਂ ਦਾ ਬੱਚਿਆਂ ’ਤੇ ਮਾੜਾ ਅਸਰ ਪੈ ਸਕਦਾ ਹੈ। ਇਸ ਨੋਟਿਸ ਦੀ ਇੱਕ ਕਾਪੀ ਇੰਦੌਰ ਦੇ DM (ਜ਼ਿਲ੍ਹਾ ਮੈਜਿਸਟ੍ਰੇਟ) ਅਤੇ ਪੁਲਿਸ ਕਮਿਸ਼ਨਰ ਨੂੰ ਵੀ ਭੇਜੀ ਗਈ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ 15 ਨਵੰਬਰ ਨੂੰ ਇੰਦੌਰ ਦੇ C21 ਮਾਲ, ਇੰਦੌਰ ਵਿੱਚ ਹੋਣ ਵਾਲੇ ਲਾਈਵ ਕੰਸਰਟ ਦੌਰਾਨ ਦਿਲਜੀਤ ਦੋਸਾਂਝ ਅਜਿਹੇ ਗੀਤ ਨਾ ਗਾਉਣ।


ਆਪਣੀ ਸ਼ਿਕਾਇਤ ਵਿੱਚ ਡਾ. ਪੰਡਿਤਰਾਓ ਨੇ ਤਿੰਨ ਅਹਿਮ ਮੰਗਾਂ ਰੱਖੀਆਂ ਸਨ। ਪਹਿਲੀ ਮੰਗ ਤਹਿਤ ਉਨ੍ਹਾਂ ਸਪੱਸ਼ਟ ਕੀਤਾ ਕਿ ਉਕਤ ਚਾਰੇ ਗੀਤਾਂ ਨੂੰ ਬੋਲ ਬਦਲ ਕੇ ਵੀ ਗਾਉਣ ਦੀ ਆਗਿਆ ਨਾ ਦਿੱਤੀ ਜਾਵੇ, ਕਿਉਂਕਿ ਇਹ ਕੇਂਦਰ ਸਰਕਾਰ ਦੇ ‘ਨਸ਼ਾ ਮੁਕਤ ਭਾਰਤ ਅਭਿਆਨ’ ਦੇ ਉਦੇਸ਼ਾਂ ਦੇ ਉਲਟ ਹਨ। ਦੂਜੀ ਮੰਗ ਵਿੱਚ ਵਿਸ਼ਵ ਸਿਹਤ ਸੰਗਠਨ (WHO) ਦੇ ਨਿਯਮਾਂ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਕੰਸਰਟ ਦੌਰਾਨ ਬੱਚਿਆਂ ਨੂੰ ਮੰਚ ’ਤੇ ਨਾ ਸੱਦਿਆ ਜਾਵੇ, ਕਿਉਂਕਿ 120 ਡੈਸੀਬਲ ਤੋਂ ਵੱਧ ਦੀ ਉੱਚੀ ਆਵਾਜ਼ ਬੱਚਿਆਂ ਦੇ ਸੁਣਨ ਦੀ ਸ਼ਕਤੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਤੇਜ਼ ਲਾਈਟਾਂ ਕਾਰਨ ਸਿਹਤ ਸਬੰਧੀ ਗੰਭੀਰ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ।

ਇਸ ਦੇ ਨਾਲ ਹੀ ਸ਼ਿਕਾਇਤਕਰਤਾ ਨੇ ਗਾਇਕ ਵੱਲੋਂ ਛਾਤੀ ’ਤੇ ਪਾਈਆਂ ਜਾਣ ਵਾਲੀਆਂ ਚਾਂਦੀ ਰੰਗੀਆਂ ਕਾਰਤੂਸਾਂ ਦੀਆਂ ਦੋਹਰੀਆਂ ਪੇਟੀਆਂ (ਬੈਂਡੋਲੀਅਰਜ਼) ਜਾਂ ਧਾਤੂ ਦੇ ਨਕਲੀ ਕਾਰਤੂਸ ਪਹਿਨਣ ’ਤੇ ਵੀ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਹਥਿਆਰਾਂ ਜਾਂ ਕਾਰਤੂਸਾਂ ਦੀ ਨੁਮਾਇਸ਼ ਗੰਨ ਕਲਚਰ ਤੇ ਹਿੰਸਾ ਨੂੰ ਹੱਲਾਸ਼ੇਰੀ ਦਿੰਦੀ ਹੈ, ਜਿਸ ਦਾ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਦੀ ਮਾਨਸਿਕਤਾ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਕਾਰਨ ਗਾਇਕ ਨੂੰ ਮੰਚ ’ਤੇ ਅਜਿਹਾ ਪਹਿਰਾਵਾ ਪਹਿਨਣ ਤੋਂ ਰੋਕਣ ਦੀ ਮੰਗ ਵੀ ਕੀਤੀ ਗਈ ਹੈ।

Related Post