ਮੀਤ ਹੇਅਰ ਵੱਲੋਂ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ

By  Ravinder Singh January 11th 2023 03:49 PM

ਚੰਡੀਗੜ੍ਹ : ਸੂਬੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਤੇ ਇਨ੍ਹਾਂ ਦੇ ਫੰਡਾਂ ਦੀ ਢੁਕਵੀਂ ਤੇ ਸੁਚੱਜੀ ਵਰਤੋਂ ਕਰਨਾ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਇਨ੍ਹਾਂ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਤੇ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਵੇਂ ਅਲਾਟ ਹੋਏ ਜਲ ਸਰੋਤ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕਰਨ ਲਈ ਕੀਤੀ ਪਲੇਠੀ ਮੀਟਿੰਗ ਮੌਕੇ ਕੀਤਾ।



ਮੀਟਿੰਗ 'ਚ ਸ਼ਾਹਪੁਰ ਕੰਢੀ ਡੈਮ ਦੀ ਉਸਾਰੀ, ਕੰਢੀ ਨਹਿਰ, ਰਾਜਸਥਾਨ ਫੀਡਰ, ਸਰਹਿੰਦ ਫੀਡਰ ਅਤੇ ਲਾਹੌਰ ਬ੍ਰਾਂਚ ਦੀ ਲਾਈਨਿੰਗ ਨਾਲ ਸਬੰਧਤ ਪ੍ਰਮੁੱਖ ਕਾਰਜਾਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਮੀਤ ਹੇਅਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ ਤਾਂ ਜੋ ਇਨ੍ਹਾਂ ਮਹੱਤਵਪੂਰਨ ਕਾਰਜਾਂ ਦਾ ਲਾਭ ਲੋਕਾਂ ਤੱਕ ਜਲਦੀ ਤੋਂ ਜਲਦੀ ਪਹੁੰਚਾਇਆ ਜਾ ਸਕੇ।

ਵਿਕਾਸ ਕਾਰਜਾਂ ਲਈ ਬਜਟ ਦੀ ਵਰਤੋਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਹਦਾਇਤ ਕੀਤੀ ਕਿ ਸਾਰੇ ਫੰਡਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ। ਜਲਸ੍ਰੋਤ ਮੰਤਰੀ ਨੇ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਹਦਾਇਤ ਕੀਤੀ ਗਈ ਕਿ ਜਲ ਸਰੋਤਾਂ ਦੇ ਕੰਢਿਆਂ ਦੀ ਮੁਰੰਮਤ ਸਬੰਧੀ ਕਾਰਜਾਂ ਵਿੱਚ ਕਮੀ ਪਾਈ ਗਈ ਹੈ ਤੇ ਐਮਡੀ ਪੀਡਬਲਯੂਆਰਐਮਡੀਸੀ ਨੂੰ ਹਦਾਇਤ ਕੀਤੀ ਗਈ ਕਿ ਉਹ ਅਜਿਹੇ ਸਾਰੇ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ।

ਇਹ ਵੀ ਪੜ੍ਹੋ : ਮੁੱਖ ਮੰਤਰੀ ਤੇ ਪੀਸੀਐਸ ਅਫਸਰ ਆਹਮੋ-ਸਾਹਮਣੇ, ਹੜਤਾਲ 'ਤੇ ਗਏ ਅਫ਼ਸਰਾਂ ਨੂੰ ਮੁਅੱਤਲ ਕਰਨ ਦੀ ਦਿੱਤੀ ਚਿਤਾਵਨੀ

ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ, ਚੀਫ ਇੰਜਨੀਅਰ ਡਰੇਨੇਜ-ਕਮ-ਮਾਈਨਿੰਗ ਐਨ ਕੇ ਜੈਨ, ਚੀਫ ਇੰਜਨੀਅਰ ਨਹਿਰਾਂ ਸ਼ਮੀ ਸਿੰਗਲਾ, ਚੀਫ ਇੰਜਨੀਅਰ ਵਿਜੀਲੈਂਸ ਐਂਡ ਡਿਜ਼ਾਈਨ ਵਾਟਰ ਸਿਸਟਮ ਪਵਨ ਕਪੂਰ, ਐਮਡੀ ਪੀਡਬਲਯੂਆਰਐਮਡੀਸੀ  ਹਰਿੰਦਰਪਾਲ ਸਿੰਘ ਬੇਦੀ, ਐਕਸੀਅਨ ਡੈਮ ਦਿਲਪ੍ਰੀਤ ਸਿੰਘ ਹਾਜ਼ਰ ਸਨ।

Related Post