CSK Vs KKR: ਅੱਜ ਕੋਲਕਾਤਾ ਨਾਲ ਭਿੜੇਗੀ ਚੇਨਈ, ਕੇਕੇਆਰ ਦੇ 3 ਧਾਕੜ ਖਿਡਾਰੀਆਂ ਤੋਂ ਪਵੇਗਾ ਬਚਣਾ

By  KRISHAN KUMAR SHARMA April 8th 2024 03:31 PM

CSK Vs KKR: ਆਈਪੀਐਲ 2024 ਸੀਜ਼ਨ 17ਵਾਂ ਦਾ ਅੱਜ 22ਵਾਂ ਮੈਚ ਹੈ, ਜਿਸ ਵਿੱਚ ਚੇਨਈ ਸੁਪਰਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਚੇਨਈ ਦੇ ਕਪਤਾਨ ਰੁਤੂਰਾਜ ਗਾਇਕਵਾੜ ਲਈ ਇਹ ਮੈਚ ਬਹੁਤ ਮਹੱਤਵਪੂਰਨ ਹੋਵੇਗਾ ਕਿਉਂਕਿ ਪਹਿਲਾਂ ਉਹ ਦੋ ਮੈਚ ਹਾਰ ਚੁੱਕੀ ਹੈ। ਪਰ ਉਸ ਲਈ ਕੇਕੇਆਰ 'ਤੇ ਜਿੱਤ ਪਾਉਣਾ ਸੌਖਾ ਨਹੀਂ ਹੋਵੇਗਾ। ਦੂਜੇ ਪਾਸੇ ਸ਼੍ਰੇਅਸ ਅਈਅਰ ਜਿੱਤ ਦਾ ਚੌਕਾ ਲਾਉਣ ਲਈ ਮੈਦਾਨ 'ਤੇ ਕਦਮ ਰੱਖਣਗੇ।

ਜੇਕਰ ਚੇਨਈ ਨੇ ਇਸ ਮੈਚ 'ਚ ਹਾਰ ਦੀ ਹੈਟ੍ਰਿਕ ਤੋਂ ਬਚਣਾ ਹੈ ਤਾਂ ਉਸ ਨੂੰ ਕੋਲਕਾਤਾ ਦੇ 3 ਖਿਡਾਰੀਆਂ 'ਤੇ ਕਾਬੂ ਪਾਉਣਾ ਪਵੇਗਾ। ਇਨ੍ਹਾਂ ਵਿੱਚ ਸੁਨੀਲ ਨਰਾਇਣ, ਆਂਦਰੇ ਰਸੇਲ ਅਤੇ ਵੈਂਕਟੇਸ਼ ਅਈਅਰ ਸ਼ਾਮਲ ਹਨ।

ਸੁਨੀਲ ਨਰਾਇਣ: ਕੋਲਕਾਤਾ ਦੇ ਸਲਾਮੀ ਬੱਲੇਬਾਜ਼ ਸੁਨੀਲ ਨਾਰਾਇਣ ਇਸ ਵਾਰ ਵੱਖਰੇ ਰੰਗ 'ਚ ਵਿਖਾਈ ਦੇ ਰਹੇ ਹਨ, ਜੋ ਟੀਮ ਨੂੰ ਲਗਾਤਾਰ ਚੰਗੀ ਸ਼ੁਰੂਆਤ ਦੇ ਰਹੇ ਹਨ। ਸਨਰਾਈਜ਼ਰਸ ਹੈਦਰਾਬਾਦ ਖਿਲਾਫ ਪਹਿਲੇ ਮੈਚ 'ਚ 2 ਦੌੜਾਂ ਬਣਾਉਣ ਵਾਲੇ ਨਰਾਇਣ ਨੇ ਅਗਲੇ 2 ਮੈਚਾਂ 'ਚ ਤੂਫਾਨੀ ਪਾਰੀਆਂ ਖੇਡੀਆਂ। ਨਾਰਾਇਣ ਨੇ ਆਰਸੀਬੀ ਖਿਲਾਫ 22 ਗੇਂਦਾਂ 'ਤੇ 47 ਦੌੜਾਂ ਤੇ ਦਿੱਲੀ ਕੈਪੀਟਲਸ ਖਿਲਾਫ 39 ਗੇਂਦਾਂ 'ਤੇ 85 ਦੌੜਾਂ ਦੀ ਹਮਲਾਵਰ ਪਾਰੀ ਖੇਡੀ ਸੀ ਅਤੇ ਉਸ ਨੂੰ ਦੋਵੇਂ ਮੈਚਾਂ ਵਿੱਚ ਪਲੇਅਰ ਆਫ ਦਿ ਮੈਚ ਚੁਣਿਆ ਗਿਆ।

ਵੈਂਕਟੇਸ਼ ਅਈਅਰ: ਆਈਪੀਐਲ 2024 ਵਿੱਚ ਅਈਅਰ ਨੇ ਹੁਣ ਤੱਕ ਸਿਰਫ਼ ਇੱਕ ਅਰਧ ਸੈਂਕੜਾ ਲਗਾਇਆ ਹੈ। ਹਾਲਾਂਕਿ, ਉਹ ਕਿਸੇ ਵੀ ਸਮੇਂ ਖਤਰਨਾਕ ਸਾਬਤ ਹੋ ਸਕਦਾ ਹੈ। ਉਸਨੇ ਹੁਣ ਤੱਕ 3 ਮੈਚਾਂ SRH ਖਿਲਾਫ 7 ਦੌੜਾਂ, RCB ਖਿਲਾਫ 50 ਅਤੇ ਦਿੱਲੀ ਖਿਲਾਫ ਨਾਬਾਦ 5 ਦੌੜਾਂ ਬਣਾਈਆਂ।

ਆਂਦਰੇ ਰਸੇਲ: ਕੋਲਕਾਤਾ ਦੀ ਟੀਮ ਦਾ ਇਹ ਖਿਡਾਰੀ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਆਂਦਰੇ ਰਸੇਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਟੀਮ ਦੇ ਸਕੋਰ ਨੂੰ ਹਮੇਸ਼ਾ ਤੇਜ਼ੀ ਨਾਲ ਅੱਗੇ ਵਧਾਇਆ ਹੈ। ਬੱਲੇਬਾਜ਼ੀ ਦੇ ਨਾਲ-ਨਾਲ ਉਹ ਗੇਂਦ ਨਾਲ ਵੀ ਯੋਗਦਾਨ ਦੇ ਰਿਹਾ ਹੈ। ਹੁਣ ਤੱਕ ਉਸ ਨੇ SRH ਖਿਲਾਫ ਅਜੇਤੂ 64 ਦੌੜਾਂ ਅਤੇ ਦਿੱਲੀ ਕੈਪੀਟਲਸ ਖਿਲਾਫ 41 ਦੌੜਾਂ ਬਣਾਈਆਂ ਹਨ ਅਤੇ ਹੈਦਰਾਬਾਦ-ਬੰਗਲੌਰ ਖਿਲਾਫ 2-2 ਅਤੇ ਦਿੱਲੀ ਖਿਲਾਫ 1 ਵਿਕਟ ਵੀ ਹਾਸਲ ਕੀਤੀ ਸੀ।

Related Post