Sri Amritsar News : ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਮਬਾਗ ਸਥਿਤ ਹਵਾ ਮਹਿਲ ਵਿਖੇ ਜਗਾਏ ਦੀਵੇ

Sri Amritsar News : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅੰਮ੍ਰਿਤਸਰ ਸਥਿਤ ਰਾਮਬਾਗ ਵਿੱਚ ਹਵਾ ਮਹਿਲ ਵਿਖੇ ਬੰਦੀ ਛੋੜ ਦਿਵਸ ਮੌਕੇ ਦੇਸੀ ਘਿਓ ਦੇ ਦੀਵੇ ਜਲਾ ਕੇ ਉਨ੍ਹਾਂ ਨੂੰ ਸਤਿਕਾਰ ਭੇਟ ਕੀਤਾ। ਇਸ ਮੌਕੇ ਜਥੇਦਾਰ ਗੜਗੱਜ ਨੇ ਪੰਜਾਬ ਸਰਕਾਰ ਦੀ ਅਣਗਹਿਲੀ ਦੀ ਕਰੜੀ ਆਲੋਚਨਾ ਕੀਤੀ ਕਿ ਬੰਦੀ ਛੋੜ ਦਿਵਸ ਦੀਵਾਲੀ ਮੌਕੇ ਮਹਾਰਾਜਾ ਰਣਜੀਤ ਸਿੰਘ ਦੇ ਹਵਾ ਮਹਿਲ ਵਿਖੇ ਸਰਕਾਰ ਵੱਲੋਂ ਕੋਈ ਲਾਈਟਾਂ ਜਾਂ ਦੀਪਮਾਲਾ ਦਾ ਪ੍ਰਬੰਧ ਨਹੀਂ ਕੀਤਾ ਗਿਆ

By  Shanker Badra October 22nd 2025 07:36 PM

Sri Amritsar News : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅੰਮ੍ਰਿਤਸਰ ਸਥਿਤ ਰਾਮਬਾਗ ਵਿੱਚ ਹਵਾ ਮਹਿਲ ਵਿਖੇ ਬੰਦੀ ਛੋੜ ਦਿਵਸ ਮੌਕੇ ਦੇਸੀ ਘਿਓ ਦੇ ਦੀਵੇ ਜਲਾ ਕੇ ਉਨ੍ਹਾਂ ਨੂੰ ਸਤਿਕਾਰ ਭੇਟ ਕੀਤਾ। ਇਸ ਮੌਕੇ ਜਥੇਦਾਰ ਗੜਗੱਜ ਨੇ ਪੰਜਾਬ ਸਰਕਾਰ ਦੀ ਅਣਗਹਿਲੀ ਦੀ ਕਰੜੀ ਆਲੋਚਨਾ ਕੀਤੀ ਕਿ ਬੰਦੀ ਛੋੜ ਦਿਵਸ ਦੀਵਾਲੀ ਮੌਕੇ ਮਹਾਰਾਜਾ ਰਣਜੀਤ ਸਿੰਘ ਦੇ ਹਵਾ ਮਹਿਲ ਵਿਖੇ ਸਰਕਾਰ ਵੱਲੋਂ ਕੋਈ ਲਾਈਟਾਂ ਜਾਂ ਦੀਪਮਾਲਾ ਦਾ ਪ੍ਰਬੰਧ ਨਹੀਂ ਕੀਤਾ ਗਿਆ।

ਉਨ੍ਹਾਂ ਕਿਹਾ ਇਸ ਦੇ ਉਲਟ ਰਾਮਬਾਗ ਸਥਿਤ ਕਲੱਬਾਂ ਤੇ ਸ਼ਰਾਬਖ਼ਾਨਿਆਂ ਵਿਖੇ ਲਾਈਟਾਂ ਤੇ ਲੜੀਆਂ ਜਲ਼ਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਕਾਰਗੁਜ਼ਾਰੀ ਦਰਸਾਉਂਦੀ ਹੈ ਕਿ ਪੰਜਾਬ ਸਰਕਾਰ ਸਿੱਖ ਸਰੋਕਾਰਾਂ ਤੇ ਵਿਰਾਸਤ ਪ੍ਰਤੀ ਬਿਲਕੁਲ ਵੀ ਸੁਹਿਰਦ ਨਹੀਂ। ਹਵਾ ਮਹਿਲ ਵਿਖੇ ਦੀਵੇ ਜਲ਼ਾਉਣ ਵੇਲੇ ਜਥੇਦਾਰ ਗੜਗੱਜ ਦੇ ਨਾਲ ਅੰਮ੍ਰਿਤਸਰ ਵਿਕਾਸ ਮੰਚ ਨੁਮਾਇੰਦੇ ਵੀ ਮੌਜੂਦ ਸਨ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਅੱਜ ਜਦੋਂ ਬੰਦੀ ਛੋੜ ਦਿਵਸ ਤੇ ਦੀਵਾਲੀ ਮੌਕੇ ਸਾਰਾ ਅੰਮ੍ਰਿਤਸਰ ਸ਼ਹਿਰ ਜਗਮਗਾਇਆ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਹਿਲ ਵਿਖੇ ਘੁੱਪ ਹਨੇਰਾ ਹੈ। ਉਨ੍ਹਾਂ ਕਿਹਾ ਕਿ ਇਸ ਬਾਗ ਅੰਦਰ ਸ਼ਰਾਬਖਾਨਿਆਂ ਨੂੰ ਪੂਰੀ ਲਾਈਟਿੰਗ ਕੀਤੀ ਗਈ ਪਰ ਜਿਸ ਮਹਾਰਾਜਾ ਰਣਜੀਤ ਸਿੰਘ ਦਾ ਇਹ ਬਾਗ ਹੈ ਜਿਸਦਾ ਪ੍ਰਬੰਧ ਪੰਜਾਬ ਸਰਕਾਰ ਦੇ ਕੋਲ ਹੈ, ਉਨ੍ਹਾਂ ਦੇ ਮਹਿਲ ਵਾਲੇ ਹਿੱਸੇ ਵਿੱਚ ਘੁੱਪ ਹਨੇਰਾ ਹੈ, ਕੋਈ ਰੋਸ਼ਨੀ ਦਾ ਪ੍ਰਬੰਧ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾਅਵਾ ਕਰਦੀ ਹੈ ਕਿ ਉਹ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਸਤਿਕਾਰ ਕਰਦੀ ਹੈ ਪਰ ਇੱਥੇ ਹਾਲਾਤ ਵੇਖ ਕੇ ਸੱਚਾਈ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਇਹ ਨਾ ਸਮਝਣ ਕਿ ਸਿੱਖ ਅਵੇਸਲਾ ਹੈ।

 ਜਥੇਦਾਰ ਗੜਗੱਜ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਜਦੋਂ ਵੀ ਕੋਈ ਗੁਰਪੁਰਬ ਜਾਂ ਤਿਓਹਾਰ ਆਵੇ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਇਹ ਮਹਿਲ ਰੁਸ਼ਨਾਇਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰਾਂ ਭਾਵੇਂ ਕੁਝ ਕਰਨ ਜਾਂ ਨਾ, ਪਰ ਸਿੱਖ ਆਪਣੀ ਇਸ ਵਿਰਾਸਤ ਦਾ ਅਤੇ ਇਸ ਦੀ ਸ਼ਾਨ ਦਾ ਪੂਰਾ ਧਿਆਨ ਰੱਖਣ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਖ਼ਾਸਕਰ ਅੰਮ੍ਰਿਤਸਰ ਨਿਵਾਸੀਆਂ ਨੂੰ ਆਖਿਆ ਕਿ ਅਸੀਂ ਆਪਣੀਆਂ ਵਿਰਾਸਤਾਂ ਪ੍ਰਤੀ ਜਾਗਰੂਕ ਅਤੇ ਸੁਹਿਰਦ ਹੋਈਏ ਅਤੇ ਇਸ ਤਰ੍ਹਾਂ ਅਣਗੌਲਿਆ ਨਾ ਕਰੀਏ।

ਇਸ ਮੌਕੇ ਅੰਮ੍ਰਿਤਸਰ ਵਿਕਾਸ ਮੰਤ ਤੋਂ ਸਰਪ੍ਰਸਤ ਮਨਮੋਹਣ ਸਿੰਘ ਬਰਾੜ, ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਗਿੱਲ, ਜਸਪਾਲ ਸਿੰਘ, ਨਵਦੀਪ ਸਿੰਘ, ਗੁਰਸਿਮਰਨ ਸਿੰਘ, ਸ਼ਹਿਬਾਜ਼ ਸਿੰਘ, ਕੰਵਲਜੀਤ ਸਿੰਘ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਬਲਦੇਵ ਸਿੰਘ ਨਿੱਜੀ ਸਹਾਇਕ, ਜਸਕਰਨ ਸਿੰਘ ਆਦਿ ਹਾਜ਼ਰ ਸਨ।

Related Post