ਵਰਦੀ ਪਾ ਕੇ ਸਫ਼ਰ ਨਾ ਕਰਨ’ ਦੀ ਅਫ਼ਵਾਹ ’ਤੇ Punjab Police ਦਾ ਐਕਸ਼ਨ
Punjab News: ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਉਨ੍ਹਾਂ ਖ਼ਬਰਾਂ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਪੁਲਿਸ ਹੈੱਡਕੁਆਰਟਰ ਵੱਲੋਂ ਮੁਲਾਜ਼ਮਾਂ ਨੂੰ ਡਿਊਟੀ ’ਤੇ ਆਉਂਦੇ-ਜਾਂਦੇ ਸਮੇਂ ਵਰਦੀ ਨਾ ਪਾਉਣ ਦੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਪੁਲਿਸ ਵਿਭਾਗ ਨੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ‘ਝੂਠੀ ਐਡਵਾਇਜ਼ਰੀ’ ਕਰਾਰ ਦਿੱਤਾ ਹੈ।
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ’ਤੇ ਇੱਕ ਪੋਸਟ ਸਾਂਝੀ ਕਰਦਿਆਂ ਪੰਜਾਬ ਪੁਲਿਸ ਨੇ ਸਪੱਸ਼ਟ ਕੀਤਾ ਕਿ ਹੈੱਡਕੁਆਰਟਰ ਜਾਂ ਇਸ ਦੇ ਅਧੀਨ ਆਉਂਦੇ ਕਿਸੇ ਵੀ ਦਫ਼ਤਰ ਵੱਲੋਂ ਅਜਿਹੀ ਕੋਈ ਹਦਾਇਤ ਜਾਰੀ ਨਹੀਂ ਕੀਤੀ ਗਈ। ਵਿਭਾਗ ਨੇ ਸਾਫ਼ ਕੀਤਾ ਕਿ ਪੁਲਿਸ ਮੁਲਾਜ਼ਮਾਂ ਨੂੰ ਸਫ਼ਰ ਦੌਰਾਨ ਵਰਦੀ ਤੋਂ ਪਰਹੇਜ਼ ਕਰਨ ਜਾਂ ਸਿਵਲ ਕੱਪੜੇ ਪਾ ਕੇ ਡਿਊਟੀ ’ਤੇ ਆਉਣ-ਜਾਣ ਲਈ ਕੋਈ ਨਿਰਦੇਸ਼ ਨਹੀਂ ਦਿੱਤੇ ਗਏ ਹਨ। ਪੁਲਿਸ ਨੇ ਆਮ ਨਾਗਰਿਕਾਂ ਅਤੇ ਆਪਣੇ ਜਵਾਨਾਂ ਨੂੰ ਅਜਿਹੀਆਂ ਝੂਠੀਆਂ ਅਫ਼ਵਾਹਾਂ ’ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕਰਦਿਆਂ ਕੇਵਲ ਅਧਿਕਾਰਤ ਸਰੋਤਾਂ ’ਤੇ ਹੀ ਭਰੋਸਾ ਕਰਨ ਲਈ ਕਿਹਾ ਹੈ।
⚠️ FACT CHECK | FALSE ADVISORY
Punjab Police Headquarters or any other Punjab Police office under it has issued no advisory directing police personnel to:
• Avoid wearing uniform while going to or returning from duty
• Wear civilian clothes while commuting to/from duty
Such… — Punjab Police India (@PunjabPoliceInd) September 22, 2026
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿੱਚ ਏ.ਐੱਸ.ਆਈ. ਦੇ ਕਤਲ ਤੋਂ ਬਾਅਦ ਇੱਕ ਆਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪੁਲਿਸ ਕਰਮਚਾਰੀਆਂ ਨੂੰ ਡਿਊਟੀ ’ਤੇ ਆਉਣ ਸਮੇਂ ਅਤੇ ਵਾਪਸੀ ਸਮੇਂ ਯੂਨੀਫ਼ਾਰਮ ਨਾ ਪਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਹਨ। ਅਜਿਹਾ ਉਨ੍ਹਾਂ ਨੂੰ ਹਮਲਿਆਂ ਤੋਂ ਬਚਾਉਣ ਵਾਸਤੇ ਕੀਤਾ ਗਿਆ ਹੈ। ਇਸ ਆਡੀਓ ਵਿੱਚ ਪੁਲਿਸ ਕਰਮਚਾਰੀਆਂ ਨੂੰ ਆਖਿਆ ਜਾ ਰਿਹਾ ਹੈ ਕਿ ਉਹ ਡਿਊਟੀ ’ਤੇ ਆਉਣ ਸਮੇਂ ਅਤੇ ਡਿਊਟੀ ਤੋਂ ਵਾਪਸ ਜਾਣ ਸਮੇਂ ਪੁਲਿਸ ਵਰਦੀ ਜਾਂ ਅਜਿਹਾ ਹੋਰ ਕੋਈ ਵੀ ਪਹਿਰਾਵਾ ਨਾ ਪਹਿਨਣ ਜਿਸ ਤੋਂ ਪਤਾ ਲੱਗੇ ਕਿ ਉਹ ਪੁਲਿਸ ਕਰਮਚਾਰੀ ਹਨ। ਇਹ ਆਡੀਓ ਇੱਕ ਔਰਤ ਦੀ ਆਵਾਜ਼ ਵਿੱਚ ਹੈ ਜੋ ਪੁਲਿਸ ਕਰਮਚਾਰੀਆਂ ਨੂੰ ਇਸ ਸਬੰਧੀ ਰੋਜ਼ਨਾਮਚੇ (ਰੋਜ਼ ਦੀ ਕਾਰਵਾਈ) ਵਿੱਚ ਦਰਜ ਕਰਨ ਲਈ ਆਖ ਰਹੀ ਹੈ ਅਤੇ ਸਾਰਿਆਂ ਨੂੰ ਦੱਸਣ ਬਾਰੇ ਕਹਿ ਰਹੀ ਹੈ।
ਇਸ ਆਡੀਓ ਨੇ ਆਮ ਲੋਕਾਂ ਅਤੇ ਪੁਲਿਸ ਬਲ ਦੇ ਅੰਦਰ ਕਾਫ਼ੀ ਭਰਮ ਪੈਦਾ ਕਰ ਦਿੱਤਾ। ਇੱਕ ਕਾਂਗਰਸੀ ਆਗੂ ਵੱਲੋਂ ਵੀ ਇਸ ਆਡੀਓ ਕਲਿੱਪ ਨੂੰ ਸਾਂਝਾ ਕੀਤਾ ਗਿਆ, ਜਿਸ ਨਾਲ ਮਾਮਲੇ ਨੇ ਸਿਆਸੀ ਰੂਪ ਧਾਰਨ ਕਰ ਲਿਆ। ਇਸ ਤੋਂ ਬਾਅਦ ਪੁਲੀਸ ਨੂੰ ਤੁਰੰਤ ‘ਫੈਕਟ ਚੈੱਕ’ (Fact Check) ਕਰਕੇ ਸੱਚਾਈ ਸਾਹਮਣੇ ਲਿਆਉਣੀ ਪਈ।
- PTC NEWS