Amritsar News : ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਪੰਜਾਬ ਦੇ ਹੜ ਪੀੜਤ ਪਰਿਵਾਰਾਂ ਲਈ 24 ਘੰਟਿਆਂ ਚ ਤਿਆਰ ਕੀਤੇ ਨਵੇਂ ਘਰ

Amritsar News : ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ "ਮੂੜ੍ਹ ਵਸੇਬਾ ਪੰਜਾਬ ਦਾ" ਪੁਨਰਵਾਸ ਮੁਹਿੰਮ ਹੇਠ ਪੰਜਾਬ ਦੇ ਹੜ ਪੀੜਤ ਪਰਿਵਾਰਾਂ ਲਈ 24 ਘੰਟਿਆਂ ਵਿੱਚ ਨਵੇਂ ਘਰ ਤਿਆਰ ਕਰਕੇ ਦਿੱਤੇ ਗਏ ਹਨ। ਇਹ ਘਰ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਬਣਾਏ ਗਏ, ਜਿੱਥੇ ਹੜ ਦੌਰਾਨ ਕਈ ਪਰਿਵਾਰ ਬੇਘਰ ਹੋ ਗਏ ਸਨ। ਟਰੱਸਟ ਵੱਲੋਂ ਅੰਮ੍ਰਿਤਸਰ ਵਿੱਚ 6 ਤੇ ਗੁਰਦਾਸਪੁਰ ਵਿੱਚ 7 ਨਵੇਂ ਘਰਾਂ ਦੀ ਨਿਰਮਾਣ ਪ੍ਰਕਿਰਿਆ ਪੂਰੀ ਕੀਤੀ ਗਈ ਹੈ

By  Shanker Badra October 11th 2025 03:45 PM

Amritsar News : ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ "ਮੂੜ੍ਹ ਵਸੇਬਾ ਪੰਜਾਬ ਦਾ" ਪੁਨਰਵਾਸ ਮੁਹਿੰਮ ਹੇਠ ਪੰਜਾਬ ਦੇ ਹੜ ਪੀੜਤ ਪਰਿਵਾਰਾਂ ਲਈ 24 ਘੰਟਿਆਂ ਵਿੱਚ ਨਵੇਂ ਘਰ ਤਿਆਰ ਕਰਕੇ ਦਿੱਤੇ ਗਏ ਹਨ। ਇਹ ਘਰ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਬਣਾਏ ਗਏ, ਜਿੱਥੇ ਹੜ ਦੌਰਾਨ ਕਈ ਪਰਿਵਾਰ ਬੇਘਰ ਹੋ ਗਏ ਸਨ। ਟਰੱਸਟ ਵੱਲੋਂ ਅੰਮ੍ਰਿਤਸਰ ਵਿੱਚ 6 ਤੇ ਗੁਰਦਾਸਪੁਰ ਵਿੱਚ 7 ਨਵੇਂ ਘਰਾਂ ਦੀ ਨਿਰਮਾਣ ਪ੍ਰਕਿਰਿਆ ਪੂਰੀ ਕੀਤੀ ਗਈ ਹੈ। ਇਹ ਘਰ ਆਧੁਨਿਕ ਸੁਵਿਧਾਵਾਂ ਨਾਲ ਸਜਾਏ ਗਏ ਹਨ, ਜਿਨ੍ਹਾਂ ਵਿੱਚ ਦੋ ਕਮਰੇ, ਰਸੋਈ, ਲਿਵਿੰਗ ਏਰੀਆ ਤੇ ਵਾਸ਼ਿੰਗ ਏਰੀਆ ਸਮੇਤ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਲਗੀਧਰ ਟਰੱਸਟ ਦੇ ਨੁਮਾਇੰਦੇ ਨੇ ਕਿਹਾ ਕਿ ਸੇਵਾ ਤੇ ਮਾਨਵਤਾ ਸਿੱਖ ਧਰਮ ਦਾ ਅਟੁੱਟ ਹਿੱਸਾ ਹੈ। ਉਹਨਾਂ ਕਿਹਾ, “ਜਿਵੇਂ 2005 ਵਿੱਚ ਕਸ਼ਮੀਰ ਵਿੱਚ ਆਈ ਤਬਾਹੀ ਦੌਰਾਨ ਸਾਡੇ ਬਾਬਾ ਜੀ ਨੇ ਸ਼ੈਲਟਰ ਘਰ ਬਣਾਉਣ ਦਾ ਹੁਕਮ ਦਿੱਤਾ ਸੀ, ਉਸੇ ਤਰ੍ਹਾਂ ਅਸੀਂ ਹੁਣ ਪੰਜਾਬ ਦੇ ਹੜ ਪੀੜਤਾਂ ਲਈ ਛੱਤ ਮੁਹੱਈਆ ਕਰ ਰਹੇ ਹਾਂ। ਇਹ ਸਾਡਾ ਫਰਜ਼ ਵੀ ਹੈ ਤੇ ਮਨੁੱਖਤਾ ਲਈ ਸੇਵਾ ਵੀ।”

ਟਰੱਸਟ ਦੇ ਪ੍ਰਤੀਨਿਧ ਨੇ ਦੱਸਿਆ ਕਿ ਹੜ ਤੋਂ ਬਾਅਦ ਪ੍ਰਸ਼ਾਸਨ ਨਾਲ ਮਿਲ ਕੇ ਜ਼ਰੂਰਤਮੰਦ ਪਰਿਵਾਰਾਂ ਦੀ ਸੂਚੀ ਤਿਆਰ ਕੀਤੀ ਗਈ, ਅਤੇ ਜਿਵੇਂ ਹੀ ਡਾਟਾ ਮਿਲਿਆ, ਟੀਮ ਨੇ ਤੁਰੰਤ ਘਰਾਂ ਦਾ ਨਿਰਮਾਣ ਸ਼ੁਰੂ ਕਰ ਦਿੱਤਾ। ਹਰ ਘਰ ਲਗਭਗ 1000 ਵਰਗ ਫੁੱਟ ਦਾ ਹੈ, ਜਿਸ ਵਿੱਚ ਸੁਰੱਖਿਆ ਤੇ ਇਨਸੂਲੇਸ਼ਨ ਦੀ ਖਾਸ ਵਿਆਵਸਥਾ ਕੀਤੀ ਗਈ ਹੈ ਤਾਂ ਜੋ ਗਰਮੀ ਤੇ ਠੰਡ ਦੋਵਾਂ ਮੌਸਮਾਂ ਵਿੱਚ ਪਰਿਵਾਰਾਂ ਨੂੰ ਸੁਖਦਾਈ ਰਹਿਣ-ਸਹਿਣ ਮਿਲ ਸਕੇ।

ਐਡੀਸ਼ਨਲ ਡਿਪਟੀ ਕਮਿਸ਼ਨਰ (ADC) ਰੋਹਿਤ ਗੁਪਤਾ ਨੇ ਇਸ ਪ੍ਰਯਾਸ ਦੀ ਪ੍ਰਸ਼ੰਸਾ ਕਰਦਿਆਂ ਕਿਹਾ, “ਜਦੋਂ ਹੜ ਆਇਆ ਸੀ, ਉਸ ਸਮੇਂ ਵੀ ਕਲਗੀਧਰ ਟਰੱਸਟ ਨੇ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਕੀਤੀ ਸੀ — ਬੇੜੀਆਂ ਤੇ ਰਾਹਤ ਸਮੱਗਰੀ ਭੇਜ ਕੇ। ਹੁਣ ਇਹ ਨਵੇਂ ਘਰਾਂ ਦਾ ਉਪਰਾਲਾ ਬੇਮਿਸਾਲ ਹੈ। ਇਹ ਮਿਸਾਲ ਹੈ ਕਿ ਜਦੋਂ ਸਰਕਾਰ ਤੇ ਸਿਵਲ ਸੋਸਾਇਟੀ ਇਕੱਠੇ ਕੰਮ ਕਰਦੇ ਹਨ ਤਾਂ ਮਨੁੱਖਤਾ ਦੀ ਜਿੱਤ ਹੁੰਦੀ ਹੈ। ਉਹਨਾਂ ਕਿਹਾ ਕਿ ਪ੍ਰੀ-ਫੈਬਰਿਕੇਟਡ ਘਰਾਂ ਦਾ ਇਹ ਮਾਡਲ ਸਰਕਾਰ ਲਈ ਵੀ ਪ੍ਰੇਰਣਾ ਦਾ ਸਰੋਤ ਬਣ ਸਕਦਾ ਹੈ ਕਿਉਂਕਿ ਇਸ ਨਾਲ ਘੱਟ ਸਮੇਂ ਤੇ ਖਰਚ ਨਾਲ ਲੋਕਾਂ ਨੂੰ ਸੁਰੱਖਿਅਤ ਛੱਤ ਮਿਲ ਸਕਦੀ ਹੈ।

ਦੂਜੇ ਪਾਸੇ, ਹੜ ਪੀੜਤ ਪਰਿਵਾਰਾਂ ਨੇ ਕਲਗੀਧਰ ਟਰੱਸਟ ਬੜੂ ਸਾਹਿਬ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜਦੋਂ ਪਾਣੀ ਨੇ ਸਾਡੇ ਘਰ ਡਿੱਗਾ ਦਿੱਤੇ, ਅਸੀਂ ਤਰਪਾਲਾਂ ਹੇਠ ਰਹਿੰਦੇ ਸਾਂ। ਹੁਣ ਸਾਨੂੰ ਸਿਰਫ਼ ਛੱਤ ਨਹੀਂ ਮਿਲੀ, ਸਗੋਂ ਇਜ਼ਤ ਤੇ ਉਮੀਦ ਵੀ ਮੁੜ ਮਿਲੀ ਹੈ। ਪਰਿਵਾਰਾਂ ਨੇ ਦੱਸਿਆ ਕਿ ਟਰੱਸਟ ਨੇ ਉਨ੍ਹਾਂ ਨੂੰ ਤਿੰਨ ਮਹੀਨਿਆਂ ਦਾ ਰਾਸ਼ਨ ਵੀ ਦਿੱਤਾ ਹੈ, ਜਿਸ ਨਾਲ ਉਹ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰ ਸਕਦੇ ਹਨ।

ਟਰੱਸਟ ਦੇ ਪ੍ਰਤੀਨਿਧ ਨੇ ਆਖਿਰ ’ਚ ਕਿਹਾ ਕਿ ਇਹ ਸਾਰਾ ਉਪਰਾਲਾ ਸੰਗਤ ਦੀ ਸੇਵਾ ਨਾਲ ਸੰਭਵ ਹੋਇਆ ਹੈ। ਉਹਨਾਂ ਕਿਹਾ, “ਅਸੀਂ ਸੰਗਤ ਦੇ ਪੈਸੇ ਨਾਲ ਸੰਗਤ ਦੀ ਹੀ ਸੇਵਾ ਕਰਦੇ ਹਾਂ। ਸਾਡੀ ਸੰਸਥਾ ਦਾ ਸਾਰਾ ਕੰਮ ਪੂਰੀ ਪਾਰਦਰਸ਼ਤਾ ਤੇ ਜ਼ਿੰਮੇਵਾਰੀ ਨਾਲ ਕੀਤਾ ਜਾਂਦਾ ਹੈ। ਇਹ ਪ੍ਰਯਾਸ ਨਾ ਸਿਰਫ਼ ਮਦਦ ਦਾ ਪ੍ਰਤੀਕ ਹੈ, ਸਗੋਂ ਮਨੁੱਖਤਾ ਅਤੇ ਸਿੱਖ ਸਿਧਾਂਤਾਂ ਦੀ ਜੀਵੰਤ ਮਿਸਾਲ ਵੀ ਹੈ, ਜਿਸ ਨਾਲ ਪੰਜਾਬ ਦੇ ਹੜ ਪੀੜਤਾਂ ਵਿੱਚ ਫਿਰ ਤੋਂ ਜੀਵਨ ਦੀ ਆਸ ਜਗੀ ਹੈ।

Related Post