ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਹੱਕ 'ਚ ਨਿੱਤਰੀ ਸੀਟੂ, ਪੰਜਾਬ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ

By  Ravinder Singh November 19th 2022 04:14 PM

ਹੁਸ਼ਿਆਰਪੁਰ : ਅੱਜ ਪੰਜਾਬ ਸੀਟੂ ਦੇ ਸੱਦੇ ਉਤੇ ਚੱਗਰਾ ਵਿਖੇ ਮਜ਼ਦੂਰਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਹਮਾਇਤ ਵਿਚ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਪੰਜਾਬ ਸੀਟੂ ਦੇ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਪ੍ਰਦਰਸ਼ਨ ਦੀ ਅਗਵਾਈ ਪੰਜਾਬ ਸੀਟੂ ਦੇ ਜ਼ਿਲ੍ਹਾ ਸਕੱਤਰ ਮਹਿੰਦਰ ਕੁਮਾਰ ਬੱਡੋਆਣ, ਪ੍ਰਧਾਨ ਕਮਲਜੀਤ ਸਿੰਘ ਰਾਜਪੁਰ ਭਾਈਆ, ਬਲਦੇਵ ਰਾਜ ,ਪ੍ਰਮੋਦ ਨੇ ਕੀਤੀ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦੇ ਕਿਹਾ ਕਿ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ।


ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ। ਬੇਰੁਜ਼ਗਾਰੀ ਲਗਾਤਾਰ ਵਧਦੀ ਜਾ ਰਹੀ ਹੈ, ਇਸ ਕਾਰਨ ਗੁਜ਼ਾਰਾ ਕਰਨਾ ਮੁਸ਼ਕਲ ਹੋਇਆ ਪਿਆ ਹੈ। ਆਗੂਆਂ ਨੇ ਮੰਗ ਕੀਤੀ ਭੱਠਿਆਂ ਉਤੇ ਫੈਕਟਰੀ ਐਕਟ ਲਾਗੂ ਕੀਤਾ ਜਾਵੇ, ਮਨਰੇਗਾ ਮਜ਼ਦੂਰਾਂ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ। ਦਿਹਾੜੀ 700 ਰੁਪਏ ਕੀਤੀ ਜਾਵੇ। ਠੇਕਾ ਸਿਸਟਮ ਖ਼ਤਮ ਕੀਤਾ ਜਾਵੇ, ਸਕੀਮ ਵਰਕਰਾਂ ਨੂੰ ਪੱਕਾ ਕੀਤਾ ਜਾਵੇ, ਇਨਕਮ ਟੈਕਸ ਦੇ ਘੇਰੇ ਤੋਂ ਬਾਹਰ ਗਰੀਬ ਲੋਕਾਂ ਨੂੰ 7500 ਰੁਪਏ ਮਹੀਨਾ 10 ਕਿੱਲੋ ਪ੍ਰਤੀ ਵਿਅਕਤੀ ਅਨਾਜ ਦਿੱਤਾ ਜਾਵੇ।

ਇਹ ਵੀ ਪੜ੍ਹੋ : ਬੰਦੂਕ-ਸੱਭਿਆਚਾਰ ਨੂੰ ਠੱਲ੍ਹ ਪਾਉਣ ਸਬੰਧੀ ਸੂਬੇ 'ਚ ਮੌਜੂਦਾ ਅਸਲਾ ਲਾਇਸੰਸਾਂ ਦਾ ਜਾਇਜ਼ਾ ਲੈਣ ਸਬੰਧੀ ਹੁਕਮ ਜਾਰੀ

ਮਹਿੰਗਾਈ ਅੰਕੜੇ ਦੀਆਂ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ। ਆਗੂਆਂ ਨੇ ਕਿਹਾ ਪਰਾਲੀ ਲਈ ਸਰਕਾਰ ਪਲਾਂਟ ਲਾਵੇ, ਗਿੱਟੇ ਬਣਾ ਕੇ ਭੱਠਿਆ ਉਤੇ ਦਿੱਤੀ ਜਾਵੇ , ਜੀਐਸਟੀ ਭੱਠਿਆ ਉਤੇ ਘਟਾਈ ਜਾਵੇ। ਕੇਂਦਰ ਸਰਕਾਰ ਕੋਲਾ ਖਾਣਾਂ ਨੂੰ ਆਪਣੇ ਹੱਥ ਵਿੱਚ ਲੈ ਕੇ ਭੱਠਿਆਂ ਉੱਤੇ ਸਸਤੇ ਰੇਟ ਉਤੇ ਕੋਲਾ ਸਪਲਾਈ ਕਰੇ ਤਾਂ ਕਿ ਭੱਠਾ ਸਨਅਤ ਨੂੰ ਬਰਬਾਦੀ ਤੋਂ ਬਚਾਇਆ ਜਾ ਸਕੇ। ਜੇ ਸਰਕਾਰ ਨੇ ਉਪਰੋਕਤ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੀਟੂ ਸੰਘਰਸ਼ ਤੇਜ ਕਰੇਗੀ। ਆਗੂਆਂ ਨੇ ਬਜਟ ਸੈਸ਼ਨ ਤੇ ਪਾਰਲੀਮੈਂਟ ਦੇ ਹੋ ਰਹੇ ਘਿਰਾਓ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।

Related Post