PTC News
Search

LPU Violence Case : ਸੋਸ਼ਲ ਮੀਡੀਆ ਤੇ ਜ਼ਬਰ-ਜਨਾਹ ਦੀ ਪੋਸਟ ਪਾਉਣ ਵਾਲੀ ਕੁੜੀ ਦੀ ਹੋਈ ਪਛਾਣ, ਪੁਲਿਸ ਦੇ ਹੱਥ ਲੱਗੇ ਅਹਿਮ ਸਬੂਤ

LPU Violence Case : ਪੁਲਿਸ ਜਾਣਕਾਰੀ ਅਨੁਸਾਰ, ਹਿੰਸਾ ਮਾਮਲੇ ਵਿੱਚ ਯੂਨੀਵਰਸਿਟੀ ਦੀ ਵਿਦਿਆਰਥਣ ਵੱਲੋਂ ਹੀ ਜ਼ਬਰ-ਜਨਾਹ ਨੂੰ ਲੈ ਕੇ ਪੋਸਟ ਪਾਈ ਗਈ ਸੀ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਵਿਦਿਆਰਥਣ ਕੁੜੀ ਨੂੰ ਕੇਸ ਵਿੱਚ ਜਾਂਚ ਲਈ ਸ਼ਾਮਲ ਕੀਤਾ ਹੈ।

By  KRISHAN KUMAR SHARMA October 8th 2026 12:05 PM -- Updated: October 8th 2026 01:40 PM

LPU Violence Case : ਲਵਲੀ ਪ੍ਰੋਫੈਸ਼ਨਲ ਯੂਨੀਵਰਸਟੀ 'ਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਪਿੱਛੋਂ ਹੋਈ ਹਿੰਸਾ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਹੱਥ ਅਹਿਮ ਸਬੂਤ ਲੱਗੇ ਹਨ। ਪੁਲਿਸ ਜਾਣਕਾਰੀ ਅਨੁਸਾਰ, ਹਿੰਸਾ ਮਾਮਲੇ ਵਿੱਚ ਯੂਨੀਵਰਸਿਟੀ ਦੀ ਵਿਦਿਆਰਥਣ ਵੱਲੋਂ ਹੀ ਜ਼ਬਰ-ਜਨਾਹ ਨੂੰ ਲੈ ਕੇ ਪੋਸਟ ਪਾਈ ਗਈ ਸੀ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਵਿਦਿਆਰਥਣ ਕੁੜੀ ਨੂੰ ਕੇਸ ਵਿੱਚ ਜਾਂਚ ਲਈ ਸ਼ਾਮਲ ਕੀਤਾ ਹੈ।

ਕੌਣ ਹੈ ਪੋਸਟ ਪਾਉਣ ਵਾਲੇ ਵਿਦਿਆਰਥਣ ? 

ਪੁਲਿਸ ਮੁਤਾਬਕ, ਇਹ ਐਲਪੀਯੂ ਦੀ ਪਹਿਲੇ ਸਾਲ ਦੀ ਇੱਕ ਵਿਦਿਆਰਥਣ ਨਾਲ ਜੁੜਿਆ ਸੀ। ਐਸਆਈਟੀ ਵੱਲੋਂ ਦਰਜ ਕੀਤੇ ਗਏ ਬਿਆਨ ਵਿੱਚ ਵਿਦਿਆਰਥਣ ਨੇ ਕਥਿਤ ਤੌਰ ’ਤੇ ਦੱਸਿਆ ਕਿ ਉਸ ਨੇ ਪੋਸਟ ਸੁਣੀ-ਸੁਣਾਈ ਜਾਣਕਾਰੀ ਦੇ ਆਧਾਰ ’ਤੇ ਕੀਤੀ ਸੀ। ਉਸ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਸ ਦਾ ਮਕਸਦ ਸੋਸ਼ਲ ਮੀਡੀਆ ’ਤੇ ਆਪਣੀ ਰਾਏ ਸਾਂਝੀ ਕਰਨਾ ਸੀ।

ਜਾਣਕਾਰੀ ਅਨੁਸਾਰ, ਕੈਥਲ ਦੇ ਸੀਵਾਨ ਪਿੰਡ ਦੀ ਰਹਿਣ ਵਾਲੀ ਇੱਕ ਵਿਦਿਆਰਥਣ ਨੇ ਕਥਿਤ ਤੌਰ ’ਤੇ ਐਲਪੀਯੂ ਕੈਂਪਸ ਦੇ ਹੋਸਟਲ ਵਿੱਚ ਰਹਿਣ ਵਾਲੀ ਇੱਕ ਵਿਦਿਆਰਥਣ ਨਾਲ ਕਰਮਚਾਰੀ ਵੱਲੋਂ ਜਬਰ-ਜਨਾਹ ਕੀਤੇ ਜਾਣ ਸਬੰਧੀ ਰਿਪੋਰਟਾਂ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ ਰੈਡਿਟ ’ਤੇ ਪੋਸਟ ਸਾਂਝੀ ਕੀਤੀ ਸੀ।

ਦੋ ਵਾਰ ਰੈਡਿਟ ਐਪ 'ਤੇ ਪਾਈ ਗਈ ਸੀ ਪੋਸਟ (Reddit App)

ਜਾਣਕਾਰੀ ਮੁਤਾਬਕ, ਇਹ ਪੋਸਟ 24 ਅਤੇ 26 ਸਤੰਬਰ ਨੂੰ ਦੋ ਵਾਰ ਅਪਲੋਡ ਕੀਤੀ ਗਈ ਅਤੇ ਬਾਅਦ ਵਿੱਚ ਡਿਲੀਟ ਕਰ ਦਿੱਤੀ ਗਈ। ਇਹੀ ਪੋਸਟ ਬਾਅਦ ਵਿੱਚ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਅਤੇ ਇਸ ਤੋਂ ਬਾਅਦ ਕੈਂਪਸ ਵਿੱਚ ਵਿਦਿਆਰਥੀਆਂ ਦਾ ਰੋਸ ਵਧਿਆ।

ਪੁਲਿਸ ਨੇ ਇਸ ਪੋਸਟ ਦੇ ਸਬੰਧ ਵਿੱਚ ਵਿਦਿਆਰਥਣ ਤੋਂ ਪੁੱਛਗਿੱਛ ਕੀਤੀ। ਰਿਪੋਰਟਾਂ ਮੁਤਾਬਕ ਉਸ ਨੂੰ ਕੁਝ ਸਮੇਂ ਲਈ ਪੁੱਛਗਿੱਛ ਵਾਸਤੇ ਹਿਰਾਸਤ ਵਿੱਚ ਲਿਆ ਗਿਆ ਸੀ, ਪਰ ਬਾਅਦ ਵਿੱਚ ਉਸ ਨੂੰ ਛੱਡ ਦਿੱਤਾ ਗਿਆ।

ਪੁਲਿਸ ਵੱਲੋਂ ਵਿਦਿਆਰਥਣ ਤੋਂ ਕੀਤੀ ਜਾ ਰਹੀ ਪੁੱਛਗਿੱਛ (Police Investigation LPU Student)

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਿਦਿਆਰਥਣ ਨੇ ਇਹ ਪੋਸਟ ਕਿਹੜੀ ਜਾਣਕਾਰੀ ਦੇ ਆਧਾਰ ’ਤੇ ਸਾਂਝੀ ਕੀਤੀ ਸੀ ਅਤੇ ਉਸ ਨੂੰ ਘਟਨਾ ਸਬੰਧੀ ਜਾਣਕਾਰੀ ਕਿੱਥੋਂ ਮਿਲੀ। ਪੋਸਟ ਅਤੇ ਪੁਲਿਸ ਦੀ ਪੁੱਛਗਿੱਛ ਨਾਲ ਜੁੜੇ ਹਾਲਾਤਾਂ ਦੀ ਜਾਂਚ ਅਜੇ ਜਾਰੀ ਹੈ।

ਜ਼ਿਕਰਯੋਗ ਹੈ ਕਿ ਪੁਲਿਸ ਨੇ ਇਸ ਤੋਂ ਪਹਿਲਾਂ ਕਥਿਤ ਜਬਰ-ਜਨਾਹ ਸਬੰਧੀ ਮਾਮਲਾ ਦਰਜ ਕੀਤਾ ਸੀ, ਪਰ ਜਾਂਚ ਦੌਰਾਨ ਕਥਿਤ ਪੀੜਤ ਵਿਦਿਆਰਥਣ ਜਾਂ ਮੁਲਜ਼ਮ ਦੀ ਪਛਾਣ ਸਪੱਸ਼ਟ ਨਹੀਂ ਹੋ ਸਕੀ ਸੀ। ਪੁਲਿਸ ਨੇ ਹੋਸਟਲ ਦੀ ਸੀਸੀਟੀਵੀ ਫੁਟੇਜ ਸਮੇਤ ਹੋਰ ਡਿਜੀਟਲ ਸਬੂਤਾਂ ਦੀ ਜਾਂਚ ਕੀਤੀ।

ਇਸ ਮਾਮਲੇ ਨੂੰ ਲੈ ਕੇ ਹੋਈ ਹਿੰਸਾ ਵਿੱਚ ਪੁਲਿਸ ਵੱਲੋਂ ਹੁਣ ਤੱਕ 17 ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿਚੋਂ 15 ਯੂਨੀਵਰਸਿਟੀ ਦੇ ਵਿਦਿਆਰਥੀ ਹਨ, ਜਦਕਿ 2 ਬਾਹਰੀ ਹਨ। ਪੁਲਿਸ ਦਾ ਕਹਿਣਾ ਹੈ ਕਿ ਹਿੰਸਾ ਅਤੇ ਅੱਗਜ਼ਨੀ ਦੀ ਜਾਂਚ ਵੱਖਰੇ ਤੌਰ ’ਤੇ ਵੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ...

ਪੜ੍ਹਾਈ ਤੋਂ ਬਾਅਦ US 'ਚ ਰੁਕਣ ਵਾਲਿਆਂ ਖਿਲਾਫ਼ Trump ਸਰਕਾਰ ਲਿਆ ਰਹੀ ਨਵਾਂ ਨਿਯਮ, ਭਾਰਤੀਆਂ 'ਤੇ ਪਵੇਗੀ ਸਭ ਤੋਂ ਵੱਡੀ ਮਾਰ

Related Post