ਤਖਤ ਸ੍ਰੀ ਹਜ਼ੂਰ ਸਾਹਿਬ ਦਾ ਮਾਮਲਾ : ਮਹਾਰਾਸ਼ਟਰ ਸਰਕਾਰ ਵੱਲੋਂ ਸਿੱਖ ਸੰਸਥਾ ਦੇ ਪ੍ਰਬੰਧ ਚ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ : ਜਥੇਦਾਰ ਬਾਬਾ ਟੇਕ ਸਿੰਘ

Takht Sri Hazur Sahib : ਬਾਬਾ ਟੇਕ ਸਿੰਘ ਨੇ ਕਿਹਾ ਕਿ ਸਰਕਾਰ ਆਧੁਨਿਕਤਾ ਅਤੇ ਪਾਰਦਰਸ਼ਤਾ ਦੇ ਨਾਂ 'ਤੇ ਸਿੱਖਾਂ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਅਹਿਮ ਤਖ਼ਤ ਦੇ ਪ੍ਰਬੰਧ ਨੂੰ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦੀ ਹੈ, ਜਿਸ ਨੂੰ ਕੌਮ ਕਦੇ ਪ੍ਰਵਾਨ ਨਹੀਂ ਕਰੇਗੀ।

By  KRISHAN KUMAR SHARMA June 25th 2026 05:07 PM

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਨੇ ਦੇਸ਼ ਅੰਦਰ ਵੱਖ-ਵੱਖ ਰਾਜਾਂ ਵਿੱਚ ਸਿੱਖ ਕੌਮ, ਸਿੱਖ ਸੰਸਥਾਵਾਂ ਅਤੇ ਪਵਿੱਤਰ ਗੁਰਧਾਮਾਂ ਦੇ ਪ੍ਰਬੰਧਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਚੁਫੇਰਿਓਂ ਘੇਰਾਬੰਦੀ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਸਿੰਘ ਸਾਹਿਬ ਨੇ ਕਿਹਾ ਕਿ ਮੌਜੂਦਾ ਸਮੇਂ ਅੰਦਰ ਸਿੱਖਾਂ ਦੀਆਂ ਇਤਿਹਾਸਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਗੁਰੂ ਸਾਹਿਬਾਨ ਦੇ ਸਿਧਾਂਤਾਂ ਨੂੰ ਢਾਹ ਲਾਉਣ ਲਈ ਯੋਜਨਾਬੱਧ ਤਰੀਕੇ ਨਾਲ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜਿਨ੍ਹਾਂ ਪ੍ਰਤੀ ਸਮੁੱਚੀ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ।

ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਨੇ ਮਹਾਰਾਸ਼ਟਰ ਦੀ ਫੜਨਵੀਸ ਸਰਕਾਰ ਵੱਲੋਂ 'ਨਾਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਐਕਟ 1956' ਨੂੰ ਰੱਦ ਕਰਨ ਦੀ ਦਿੱਤੀ ਗਈ ਪ੍ਰਵਾਨਗੀ 'ਤੇ ਸਖ਼ਤ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ-ਛੋਹ ਪ੍ਰਾਪਤ ਇਸ ਪਵਿੱਤਰ ਅਤੇ ਇਤਿਹਾਸਕ ਤਖ਼ਤ ਸਾਹਿਬ ਦੇ 70 ਸਾਲ ਪੁਰਾਣੇ ਕਾਨੂੰਨੀ ਚੌਖਟੇ ਨੂੰ ਤੋੜ ਕੇ, ਪ੍ਰਬੰਧਕੀ ਬੋਰਡ ਨੂੰ ਭੰਗ ਕਰਨਾ ਅਤੇ ਨਵਾਂ ਕਾਨੂੰਨ ਲਿਆਉਣਾ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਸਿੱਧੀ ਸਰਕਾਰੀ ਦਖ਼ਲਅੰਦਾਜ਼ੀ ਹੈ। ਮਾਲ ਮੰਤਰੀ ਬਾਵਨਕੁਲੇ ਵੱਲੋਂ ਪੇਸ਼ ਕੀਤੇ ਇਸ ਮਤੇ ਤਹਿਤ ਸਰਕਾਰੀ ਨਾਮਜ਼ਦ ਮੈਂਬਰਾਂ ਦੀ ਗਿਣਤੀ ਵਧਾ ਕੇ ਬੋਰਡ 'ਤੇ ਸਰਕਾਰੀ ਕਬਜ਼ਾ ਕਰਨ ਦੀ ਨੀਅਤ ਸਾਫ਼ ਦਿਖਾਈ ਦੇ ਰਹੀ ਹੈ।

ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਅਤੇ ਪੰਜ ਪਿਆਰਿਆਂ ਵੱਲੋਂ ਜਤਾਈ ਗਈ ਅਸਹਿਮਤੀ ਦਾ ਪੂਰਨ ਸਮਰਥਨ ਕਰਦਿਆਂ ਬਾਬਾ ਟੇਕ ਸਿੰਘ ਨੇ ਕਿਹਾ ਕਿ ਸਰਕਾਰ ਆਧੁਨਿਕਤਾ ਅਤੇ ਪਾਰਦਰਸ਼ਤਾ ਦੇ ਨਾਂ 'ਤੇ ਸਿੱਖਾਂ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਅਹਿਮ ਤਖ਼ਤ ਦੇ ਪ੍ਰਬੰਧ ਨੂੰ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦੀ ਹੈ, ਜਿਸ ਨੂੰ ਕੌਮ ਕਦੇ ਪ੍ਰਵਾਨ ਨਹੀਂ ਕਰੇਗੀ।

ਦੂਜੇ ਪਾਸੇ, ਪੰਜਾਬ ਦੀ ਮੌਜੂਦਾ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਬੇਹੱਦ ਅਫ਼ਸੋਸ ਦੀ ਗੱਲ ਹੈ ਕਿ ਜਿਸ ਪੰਜਾਬ ਨੂੰ ਸਿੱਖੀ ਦਾ ਗੜ੍ਹ ਮੰਨਿਆ ਜਾਂਦਾ ਹੈ, ਉੱਥੋਂ ਦੀ ਸਰਕਾਰ ਵੀ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ' ਵਰਗੇ ਕਾਨੂੰਨਾਂ ਰਾਹੀਂ ਸਿੱਖਾਂ ਨੂੰ ਆਪਣੇ ਸਰਵਉੱਚ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਕਰਨ ਦੀਆਂ ਨਾਕਾਮ ਪਰ ਖ਼ਤਰਨਾਕ ਕੋਸ਼ਿਸ਼ਾਂ ਕਰ ਰਹੀ ਹੈ। ਅਜਿਹੇ ਐਕਟ ਸਿੱਖ ਮਰਯਾਦਾ ਅਤੇ ਪਰੰਪਰਾਵਾਂ ਨੂੰ ਢਾਹ ਲਾਉਣ ਅਤੇ ਗੁਰੂ ਸਾਹਿਬ ਦੇ ਸਤਿਕਾਰ ਦੇ ਨਾਂ ਹੇਠ ਸਰਕਾਰੀ ਨਿਯੰਤਰਣ ਸਥਾਪਿਤ ਕਰਨ ਦੀਆਂ ਚਾਲਾਂ ਹਨ।

ਇਸੇ ਤਰ੍ਹਾਂ ਉੱਤਰਾਖੰਡ ਵਿੱਚ ਸਿੱਖਾਂ ਵਿਰੁੱਧ ਬਣਾਏ ਜਾ ਰਹੇ ਮਾਹੌਲ 'ਤੇ ਬੋਲਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਉੱਥੇ ਸਿੱਖਾਂ ਖ਼ਿਲਾਫ਼ ਸੋਸ਼ਲ ਮੀਡੀਆ ਅਤੇ ਮੁੱਖ ਧਾਰਾ ਦੇ ਮੀਡੀਆ ਰਾਹੀਂ ਗਲਤ ਨੈਰੇਟਿਵ (ਭਰਮ-ਭੁਲੇਖੇ) ਸੈੱਟ ਕੀਤੇ ਜਾ ਰਹੇ ਹਨ। ਦੇਸ਼ ਦੀ ਆਜ਼ਾਦੀ ਅਤੇ ਅੰਨ ਭੰਡਾਰ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੀ ਦੇਸ਼ਭਗਤ ਸਿੱਖ ਕੌਮ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਦੀਆਂ ਇਹ ਸਾਜ਼ਿਸ਼ਾਂ ਬੇਹੱਦ ਨਿੰਦਣਯੋਗ ਹਨ।

ਸਿੰਘ ਸਾਹਿਬ ਵੱਲੋਂ ਸਰਕਾਰਾਂ ਨੂੰ ਆਦੇਸ਼ ਕਰਦਿਆਂ ਕਿਹਾ ਗਿਆ ਕਿ ਮਹਾਰਾਸ਼ਟਰ ਸਰਕਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਐਕਟ 1956 ਨੂੰ ਰੱਦ ਕਰਨ ਦਾ ਫੈਸਲਾ ਤੁਰੰਤ ਵਾਪਸ ਲਵੇ ਅਤੇ ਸਿੱਖ ਭਾਵਨਾਵਾਂ ਦਾ ਸਤਿਕਾਰ ਕਰੇ। ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਨੇ ਅਖੀਰ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਸਿੱਖ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕਿਸੇ ਹਕੂਮਤ ਨੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਜਾਂ ਗੁਰਧਾਮਾਂ ਵੱਲ ਮੈਲੀ ਅੱਖ ਨਾਲ ਦੇਖਿਆ ਹੈ, ਕੌਮ ਨੇ ਹਮੇਸ਼ਾ ਮੂੰਹ-ਤੋੜ ਜਵਾਬ ਦਿੱਤਾ ਹੈ। ਹਕੂਮਤਾਂ ਨੂੰ ਸਿੱਖਾਂ ਦੇ ਸਬਰ ਦਾ ਇਮਤਿਹਾਨ ਲੈਣਾ ਬੰਦ ਕਰਨਾ ਚਾਹਿਦਾ ਹੈ।

Related Post