Barnala ’ਚ ਵੱਡਾ ਹਾਦਸਾ; ਫੈਕਟਰੀ ’ਚ ਗੈਸ ਲੀਕ ਹੋਣ ਨਾਲ ਇੱਕ ਵਿਅਕਤੀ ਦੀ ਮੌਤ, 4 ਜ਼ਖਮੀ

ਦੱਸ ਦਈਏ ਕਿ ਆਈਓਐੱਲ ਕੈਮਿਕਲਸ ਐਂਡ ਫਾਰਮਾਸਿਊਟੀਕਸਲ ’ਚ ਇਹ ਹਾਦਸਾ ਵਾਪਰਿਆ ਹੈ। ਮ੍ਰਿਤਕ ਸ਼ਖਸ ਹਰਿਆਣਾ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਹਾਦਸੇ ਦੀ ਖਬਰ ਮਿਲਦਿਆਂ ਹੀ ਮੌਕੇ ’ਤੇ ਅਧਿਕਾਰੀ ਪਹੁੰਚੇ ਹਨ।

By  Aarti April 28th 2025 09:00 AM -- Updated: April 28th 2025 10:23 AM

Barnala News : ਬਰਨਾਲਾ  ਦੀ ਇੱਕ ਫੈਕਟਰੀ ’ਚ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਹਾਦਸੇ ’ਚ 1 ਵਿਅਕਤੀ ਦੀ ਮੌਤ ਹੋ ਗਈ ਹੈ। ਜਦਕਿ 4 ਗੰਭੀਰ ਜ਼ਖਮੀ ਹੋ ਗਏ ਹਨ ਜਿਨ੍ਹਾਂ ਵਿੱਚੋਂ 2 ਗੰਭੀਰ ਜ਼ਖਮੀਆਂ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਹੈ। 

ਦੱਸ ਦਈਏ ਕਿ ਆਈਓਐੱਲ ਕੈਮਿਕਲਸ ਐਂਡ ਫਾਰਮਾਸਿਊਟੀਕਸਲ ’ਚ ਇਹ ਹਾਦਸਾ ਵਾਪਰਿਆ ਹੈ। ਮ੍ਰਿਤਕ ਸ਼ਖਸ ਹਰਿਆਣਾ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਹਾਦਸੇ ਦੀ ਖਬਰ ਮਿਲਦਿਆਂ ਹੀ ਮੌਕੇ ’ਤੇ ਅਧਿਕਾਰੀ ਪਹੁੰਚੇ ਹਨ। 

ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 5:30 ਵਜੇ ਫਤਿਹਗੜ੍ਹ ਛੰਨਾ ਸਥਿਤ ਆਈਓਐਲ ਯੂਨਿਟ ਵਿੱਚ ਗੈਸ ਲੀਕ ਹੋਈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਚਾਰ ਦੀ ਹਾਲਤ ਗੰਭੀਰ ਹੈ।

ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਰਹਿਣ ਵਾਲੇ ਅਨਮੋਲ ਚੰਪਾ ਦੀ ਇਲਾਜ ਦੌਰਾਨ ਮੌਤ ਹੋ ਗਈ। ਜਦੋਂ ਕਿ ਹਿਸਾਰ ਦੇ ਰਹਿਣ ਵਾਲੇ ਵਿਕਾਸ ਸ਼ਰਮਾ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਯੁਗਮ ਖੰਨਾ ਅਤੇ ਲਵਪ੍ਰੀਤ ਸਿੰਘ ਨੂੰ ਸੀਐਮਸੀ ਲੁਧਿਆਣਾ ਰੈਫਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਧਨੌਲਾ ਥਾਣੇ ਦੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਹੈ ਅਤੇ ਘਟਨਾ ਦੀ ਜਾਂਚ ਕਰ ਰਹੀ ਹੈ। ਇਸ ਮੌਕੇ ਫੈਕਟਰੀ ਡਾਇਰੈਕਟਰ ਅਤੇ ਫੈਕਟਰੀ ਅਧਿਕਾਰੀ ਵੀ ਉੱਥੇ ਪਹੁੰਚ ਗਏ।

ਇਸ ਮੌਕੇ ਬੋਲਦਿਆਂ ਐਸਡੀਐਮ ਬਰਨਾਲਾ ਹਰਪ੍ਰੀਤ ਸਿੰਘ ਅਟਵਾਲ ਨੇ ਕਿਹਾ ਕਿ ਅੱਜ ਬਰਨਾਲਾ ਵਿੱਚ ਆਈਓਐਲ ਕੈਮੀਕਲ ਫੈਕਟਰੀ ਵਿੱਚ ਗੈਸ ਲੀਕ ਹੋਣ ਦੀ ਘਟਨਾ ਵਾਪਰੀ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਫੈਕਟਰੀ ਵਿੱਚ ਕਈ ਚੈਂਬਰ ਹਨ ਅਤੇ ਇੱਕ ਚੈਂਬਰ ਵਿੱਚ ਗੈਸ ਲੀਕ ਹੋਈ ਜਿੱਥੇ ਚਾਰ ਕਰਮਚਾਰੀ ਕੰਮ ਕਰ ਰਹੇ ਸਨ। ਇਹ ਕਾਮੇ ਗੈਸ ਲੀਕ ਦੌਰਾਨ ਫਸ ਗਏ ਅਤੇ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਜ਼ਖਮੀ ਕਰਮਚਾਰੀਆਂ ਦੇ ਪਰਿਵਾਰਾਂ ਨਾਲ ਵੀ ਗੱਲ ਕੀਤੀ ਹੈ। ਫੈਕਟਰੀ ਅਤੇ ਪ੍ਰਸ਼ਾਸਨ ਨੇ ਜ਼ਖਮੀਆਂ ਦੇ ਇਲਾਜ ਦਾ ਪੂਰਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਪ੍ਰਸ਼ਾਸਨ ਅਤੇ ਫੈਕਟਰੀ ਵਿਭਾਗ ਦੇ ਡਿਪਟੀ ਡਾਇਰੈਕਟਰ ਵੱਲੋਂ ਕੀਤੀ ਜਾ ਰਹੀ ਹੈ। ਜੇਕਰ ਜਾਂਚ ਦੌਰਾਨ ਫੈਕਟਰੀ ਪ੍ਰਬੰਧਕਾਂ ਵੱਲੋਂ ਕੋਈ ਲਾਪਰਵਾਹੀ ਪਾਈ ਗਈ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨੇੜਲੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਗੈਸ ਲੀਕ ਸਿਰਫ ਇੱਕ ਚੈਂਬਰ ਤੱਕ ਸੀਮਤ ਸੀ। ਕਿਸੇ ਵੀ ਕਮਰੇ ਦੇ ਬਾਹਰ ਗੈਸ ਲੀਕ ਨਹੀਂ ਹੋਈ, ਜਿਸ ਕਾਰਨ ਸਥਿਤੀ ਕਾਬੂ ਵਿੱਚ ਹੈ।

Related Post