PTC News
Search
🔍 Search

Kaziranga Road Accident: ਅਸਾਮ ਦੇ ਕਾਜ਼ੀਰੰਗਾ ਵਿੱਚ ਵੱਡਾ ਹਾਦਸਾ, ਟੈਂਪੂ ਟਰੈਵਲਰ ਦੇ ਟਰੱਕ ਨਾਲ ਟਕਰਾਉਣ ਕਾਰਨ 24 ਲੋਕਾਂ ਦੀ ਮੌਤ

Assam Accident: ਅਸਾਮ ਦੇ ਕਾਜ਼ੀਰੰਗਾ ਵਿੱਚ ਸ਼ੁੱਕਰਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਟਰੱਕ ਅਤੇ ਇੱਕ ਯਾਤਰੀ ਵਾਹਨ ਆਪਸ ਵਿੱਚ ਟਕਰਾ ਗਏ।

By  Amritpal Singh November 13th 2026 06:42 PM -- Updated: November 13th 2026 06:44 PM

Assam Accident: ਅਸਾਮ ਦੇ ਕਾਜ਼ੀਰੰਗਾ ਵਿੱਚ ਸ਼ੁੱਕਰਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਟਰੱਕ ਅਤੇ ਇੱਕ ਯਾਤਰੀ ਵਾਹਨ ਆਪਸ ਵਿੱਚ ਟਕਰਾ ਗਏ। ਇਸ ਘਟਨਾ ਵਿੱਚ 24 ਲੋਕਾਂ ਦੀ ਮੌਤ ਹੋ ਗਈ ਹੈ।


ਟੱਕਰ ਇੰਨੀ ਜ਼ਬਰਦਸਤ ਸੀ ਕਿ ਯਾਤਰੀ ਵਾਹਨ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। ਖ਼ਬਰਾਂ ਅਨੁਸਾਰ, ਕਈ ਲੋਕ ਅਜੇ ਵੀ ਵਾਹਨ ਦੇ ਅੰਦਰ ਫਸੇ ਹੋਏ ਹਨ। ਪੁਲਿਸ ਅਤੇ ਸਥਾਨਕ ਲੋਕਾਂ ਨੇ ਮਿਲ ਕੇ ਬਚਾਅ ਕਾਰਜ ਚਲਾਇਆ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ; ਦੱਸਿਆ ਜਾ ਰਿਹਾ ਹੈ ਕਿ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।


ਇਹ ਹਾਦਸਾ ਗੋਲਾਘਾਟ ਜ਼ਿਲ੍ਹੇ ਵਿੱਚ ਕਾਜ਼ੀਰੰਗਾ ਨੈਸ਼ਨਲ ਪਾਰਕ ਦੇ ਨੇੜੇ ਵਾਪਰਿਆ। ਪੁਲਿਸ ਮੁਤਾਬਕ, ਰੰਗਾਜਾਨ ਇਲਾਕੇ ਵਿੱਚ ਹਾਥੀਕੁਲੀ ਚਾਹ ਦੇ ਬਾਗ਼ ਨੇੜੇ ਨੈਸ਼ਨਲ ਹਾਈਵੇ-715 'ਤੇ ਯਾਤਰੀ ਵਾਹਨ ਅਤੇ ਇੱਕ ਕੰਟੇਨਰ ਟਰੱਕ ਦੀ ਟੱਕਰ ਹੋਈ। ਯਾਤਰੀ ਵਾਹਨ ਬੋਕਾਖਾਟ ਤੋਂ ਨਾਗਾਓਂ ਵੱਲ ਜਾ ਰਿਹਾ ਸੀ, ਜਦੋਂ ਇਹ ਸਾਹਮਣੇ ਤੋਂ ਆ ਰਹੇ ਕੰਟੇਨਰ ਟਰੱਕ ਨਾਲ ਟਕਰਾ ਗਿਆ।

ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਅਤੇ ਸਥਾਨਕ ਲੋਕ ਮੌਕੇ 'ਤੇ ਪਹੁੰਚ ਗਏ। 'ਟਰੈਵਲਰ'  ਬੁਰੀ ਤਰ੍ਹਾਂ ਨੁਕਸਾਨੀ ਗਈ ਸੀ ਅਤੇ ਕਈ ਯਾਤਰੀ ਇਸ ਦੇ ਅੰਦਰ ਫਸ ਗਏ ਸਨ। ਬਚਾਅ ਦਲਾਂ ਨੇ ਵਾਹਨ ਵਿੱਚੋਂ ਲਾਸ਼ਾਂ ਨੂੰ ਬਾਹਰ ਕੱਢਿਆ। ਸ਼ੁਰੂ ਵਿੱਚ, ਪੁਲਿਸ ਨੇ ਸੱਤ ਮੌਤਾਂ ਦੀ ਜਾਣਕਾਰੀ ਦਿੱਤੀ ਸੀ; ਬਾਅਦ ਵਿੱਚ, ਪੰਜ ਹੋਰ ਵਿਅਕਤੀਆਂ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਹੁਣ ਮਰਨ ਵਾਲਿਆਂ ਦੀ ਕੁੱਲ ਗਿਣਤੀ 24 ਹੋ ਗਈ ਹੈ।

ਜ਼ਿਆਦਾਤਰ ਯਾਤਰੀ ਵਿਦਿਆਰਥੀ ਦੱਸੇ ਜਾ ਰਹੇ ਹਨ

ਮੁੱਢਲੀ ਜਾਣਕਾਰੀ ਅਨੁਸਾਰ, ਵਾਹਨ ਵਿੱਚ ਸਵਾਰ ਯਾਤਰੀਆਂ ਵਿੱਚੋਂ ਬਹੁਤੇ ਵਿਦਿਆਰਥੀ ਸਨ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਹਾਦਸੇ ਦੇ ਸਮੇਂ ਵਾਹਨ ਵਿੱਚ ਕੁੱਲ ਕਿੰਨੇ ਲੋਕ ਸਵਾਰ ਸਨ। ਜ਼ਖ਼ਮੀਆਂ ਨੂੰ ਕੋਹੋਰਾ ਮਾਡਲ ਹਸਪਤਾਲ ਲਿਜਾਇਆ ਗਿਆ, ਜਦੋਂ ਕਿ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਬਿਹਤਰ ਇਲਾਜ ਲਈ ਜੋਰਹਾਟ ਮੈਡੀਕਲ ਕਾਲਜ ਅਤੇ ਹਸਪਤਾਲ ਭੇਜ ਦਿੱਤਾ ਗਿਆ ਹੈ।


ਗੋਲਾਘਾਟ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐਸ.ਐਸ.ਪੀ.) ਸਵਪਨਨੀਲ ਡੇਕਾ ਨੇ ਦੱਸਿਆ ਕਿ ਪੁਲਿਸ ਮੌਕੇ 'ਤੇ ਮੌਜੂਦ ਹੈ ਅਤੇ ਵਾਹਨ ਵਿੱਚੋਂ ਲਾਸ਼ਾਂ ਕੱਢਣ ਦਾ ਕੰਮ ਚੱਲ ਰਿਹਾ ਹੈ। ਸ਼ੁਰੂ ਵਿੱਚ ਸੱਤ ਮੌਤਾਂ ਦੀ ਖ਼ਬਰ ਸੀ, ਪਰ ਬਾਅਦ ਵਿੱਚ ਪੰਜ ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 24 ਹੋ ਗਈ ਹੈ।


ਵਾਹਨ ਦੇ ਖਿਲਾਫ 12 ਟ੍ਰੈਫਿਕ ਚਲਾਨਾਂ ਦਾ ਰਿਕਾਰਡ ਸਾਹਮਣੇ ਆਇਆ


ਹਾਦਸੇ ਦਾ ਸ਼ਿਕਾਰ ਹੋਏ ਵਾਹਨ ਦੁਆਰਾ ਕੀਤੇ ਗਏ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਬਾਰੇ ਵੀ ਵੇਰਵੇ ਸਾਹਮਣੇ ਆਏ ਹਨ। ਰਿਪੋਰਟਾਂ ਅਨੁਸਾਰ, ਇਸ ਵਾਹਨ ਦੇ ਖਿਲਾਫ ਪਹਿਲਾਂ ਵੀ 12 ਟ੍ਰੈਫਿਕ ਚਲਾਨ ਕੱਟੇ ਗਏ ਸਨ, ਜਿਨ੍ਹਾਂ ਲਈ ਕੁੱਲ 38,500 ਰੁਪਏ ਦਾ ਜੁਰਮਾਨਾ ਭਰਿਆ ਜਾ ਚੁੱਕਾ ਹੈ। ਹਾਲਾਂਕਿ, 4,000 ਰੁਪਏ ਦਾ ਇੱਕ ਚਲਾਨ ਅਜੇ ਵੀ ਬਕਾਇਆ ਹੈ। ਅਸਾਮ ਵਿੱਚ, ਵਪਾਰਕ ਵਾਹਨਾਂ ਦੁਆਰਾ ਤੇਜ਼ ਰਫ਼ਤਾਰ (ਓਵਰਸਪੀਡਿੰਗ) ਨਾਲ ਚੱਲਣ 'ਤੇ 4,000 ਰੁਪਏ ਦਾ ਜੁਰਮਾਨਾ ਲਗਾਇਆ ਜਾਂਦਾ ਹੈ।


ਪੁਲਿਸ ਅਧਿਕਾਰੀ ਅਨੁਸਾਰ, ਮਿੰਨੀ ਬੱਸ ਬਹੁਤ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ। ਕਾਜ਼ੀਰੰਗਾ ਨੈਸ਼ਨਲ ਪਾਰਕ ਦੇ ਨੇੜੇ ਵਾਹਨਾਂ ਲਈ ਗਤੀ ਸੀਮਾ ਦੇ ਵਿਸ਼ੇਸ਼ ਨਿਯਮ ਲਾਗੂ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਬਹੁਤ ਜ਼ਿਆਦਾ ਰਫ਼ਤਾਰ ਕਾਰਨ ਡਰਾਈਵਰ ਦਾ ਵਾਹਨ 'ਤੇ ਕਾਬੂ ਨਹੀਂ ਰਿਹਾ, ਜਿਸ ਕਾਰਨ ਇਹ ਸਾਹਮਣੇ ਤੋਂ ਆ ਰਹੇ ਇੱਕ ਕੰਟੇਨਰ ਟਰੱਕ ਨਾਲ ਟਕਰਾ ਗਈ। ਹਾਦਸੇ ਦੀ ਖ਼ਬਰ ਮਿਲਣ 'ਤੇ ਅਸਾਮ ਸਰਕਾਰ ਵਿੱਚ ਪੰਚਾਇਤ ਅਤੇ ਪੇਂਡੂ ਵਿਕਾਸ ਮੰਤਰੀ, ਅਤੁਲ ਬੋਰਾ ਮੌਕੇ 'ਤੇ ਪਹ ਪੁਲਿਸ ਫਿਲਹਾਲ ਇਸ ਘਟਨਾ ਦੀ ਜਾਂਚ ਕਰ ਰਹੀ ਹੈ।


ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਹਾਦਸੇ 'ਤੇ ਦੁੱਖ ਪ੍ਰਗਟਾਇਆ


ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਾਜ਼ੀਰੰਗਾ ਵਿੱਚ ਵਾਪਰੇ ਸੜਕ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਇਸ ਘਟਨਾ ਵਿੱਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ। 'ਐਕਸ' (X) 'ਤੇ ਇੱਕ ਪੋਸਟ ਵਿੱਚ, ਮੁੱਖ ਮੰਤਰੀ ਨੇ ਕਿਹਾ ਕਿ ਪੂਰਾ ਸੂਬਾ ਇਸ ਦੁਖਾਂਤ ਤੋਂ ਦੁਖੀ ਹੈ। ਉਨ੍ਹਾਂ ਕਿਹਾ ਕਿ ਇਸ ਔਖੇ ਸਮੇਂ ਵਿੱਚ ਅਸਾਮ ਦੇ ਲੋਕ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹੇ ਹਨ।


ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਪਹਿਲੀ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਜ਼ਖਮੀਆਂ ਨੂੰ ਜਲਦੀ ਤੋਂ ਜਲਦੀ ਬਿਹਤਰੀਨ ਡਾਕਟਰੀ ਇਲਾਜ ਮਿਲੇ। ਉਨ੍ਹਾਂ ਅੱਗੇ ਦੱਸਿਆ ਕਿ ਮੰਤਰੀ ਅਤੁਲ ਬੋਰਾ ਘਟਨਾ ਸਥਾਨ 'ਤੇ ਮੌਜੂਦ ਹਨ ਅਤੇ ਰਾਹਤ ਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਮੁੱਖ ਮੰਤਰੀ ਨੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਅਤੇ ਪ੍ਰਾਰਥਨਾ ਕੀਤੀ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਇਸ ਡੂੰਘੇ ਦੁੱਖ ਨੂੰ ਸਹਿਣ ਕਰਨ ਦੀ ਹਿੰਮਤ ਮਿਲੇ।

Related Post