ਮੋਟਰਸਾਈਕਲ ਨੂੰ ਕਈ ਕਿਲੋਮੀਟਰ ਘੜੀਸਦਾ ਲੈ ਗਿਆ ਟਰੱਕ ਡਰਾਈਵਰ, ਮਸਾਂ ਬਚੀ ਨੌਜਵਾਨ ਦੀ ਜਾਨ, ਵੇਖੋ ਖੌਫਨਾਕ ਵੀਡੀਓ

ਹਾਲਾਂਕਿ ਮੋਟਰਸਾਈਕਲ ਸਵਾਰ ਨੂੰ ਕੋਈ ਸੱਟ ਨਹੀਂ ਲੱਗੀ ਪਰ ਉਸ ਦੇ ਦੋਪਹੀਆ ਵਾਹਨ ਨੂੰ ਟਰੱਕ ਕੁਝ ਦੂਰੀ ਤੱਕ ਘਸੀਟਦਾ ਲੈ ਗਿਆ, ਜਿਸ ਕਾਰਨ ਉਸ ਦਾ ਮੋਟਰਸਾਈਕਲ ਪੂਰੀ ਤਰ੍ਹਾਂ ਨੁਕਸਾਨਿਆ ਗਿਆ।

By  KRISHAN KUMAR SHARMA April 18th 2024 09:03 AM

Hyderabad hit and run video: ਹੈਦਰਾਬਾਦ 'ਚ ਇੱਕ ਟਰੱਕ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਦੀ ਖ਼ਬਰ ਹੈ। ਹਾਲਾਂਕਿ ਘਟਨਾ ਵਿੱਚ ਮੋਟਰਸਾਈਕਲ ਸਵਾਰ ਵਾਲ-ਵਾਲ ਬਚ ਗਿਆ, ਪਰ ਘਟਨਾ ਦੀ ਖੌਫਨਾਕ ਵੀਡੀਓ ਨੇ ਰੌਂਗਟੇ ਖੜੇ ਕਰਕੇ ਰੱਖ ਦਿੱਤੇ ਹਨ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੈਦਰਾਬਾਦ ਪੁਲਿਸ ਨੇ ਘਟਨਾ ਨੂੰ ਅੰਜਾਮ ਦੇਣ ਵਾਲੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਘਟਨਾ 14 ਅਪ੍ਰੈਲ (ਐਤਵਾਰ) ਦੀ ਰਾਤ ਦੀ ਹੈ। ਸੋਸ਼ਲ ਮੀਡੀਆ 'ਤੇ ਇੱਕ ਟਰੱਕ ਵੱਲੋਂ ਮੋਟਰਸਾਈਕਲ ਸਵਾਰ ਨੂੰ ਕਈ ਕਿਲੋਮੀਟਰ ਤੱਕ ਘੜੀਸੇ ਜਾਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਭਾਰੀ ਆਵਾਜਾਈ ਵਾਲੀ ਸੜਕ 'ਤੇ ਨਾਲ ਇੱਕ ਮੋਟਰਸਾਈਕਲ ਨੂੰ ਉਸਦੇ ਅਗਲੇ ਟਾਇਰ ਦੇ ਹੇਠਾਂ ਖਿੱਚਦਾ ਦੇਖਿਆ ਜਾ ਸਕਦਾ ਹੈ ਜਦੋਂ ਕਿ ਸਵਾਰੀ ਟਰੱਕ ਦੀ ਬਾਰੀ ਨਾਲ ਲਟਕ ਰਹੀ ਸੀ।

ਪੁਲਿਸ ਮੁਤਾਬਕ 15 ਅਪ੍ਰੈਲ ਨੂੰ ਉਨ੍ਹਾਂ ਨੂੰ ਹੈਦਰਾਬਾਦ ਦੇ ਰਹਿਣ ਵਾਲੇ ਅਬਦੁਲ ਮਜੀਦ (60) ਦੀ ਸ਼ਿਕਾਇਤ ਮਿਲੀ ਸੀ, ਜਿਸ 'ਚ ਉਸ ਨੇ ਦੱਸਿਆ ਸੀ ਕਿ 14 ਅਪ੍ਰੈਲ ਨੂੰ ਉਹ ਕਰੀਬ 11 : 45 ਵਜੇ ਆਪਣੀ ਬਾਈਕ 'ਤੇ ਅਰਾਮਘਰ ਤੋਂ ਲਕਸ਼ਮੀ ਗਾਰਡਨ ਚੰਪਾਪੇਟ ਵੱਲ ਆ ਰਿਹਾ ਸੀ। ਇਸੇ ਦੌਰਾਨ ਪਿੱਛੇ ਤੋਂ ਆਏ ਇੱਕ ਟਰੱਕ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਉਸ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਤੋਂ ਬਾਅਦ ਉਹ ਸੜਕ ਦੇ ਖੱਬੇ ਪਾਸੇ ਡਿੱਗ ਪਿਆ ਪਰ ਟਰੱਕ ਚਾਲਕ ਨੇ ਗੱਡੀ ਨਾ ਰੋਕੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਕਿਉਂਕਿ ਪਿੱਛੇ ਮੋਟਰਸਾਈਕਲ 'ਤੇ ਸਵਾਰ ਲੋਕਾਂ ਨੇ ਸਾਰੀ ਘਟਨਾ ਨੂੰ ਫ਼ੋਨ 'ਤੇ ਕੈਦ ਕਰ ਲਿਆ।

ਹਾਲਾਂਕਿ ਮੋਟਰਸਾਈਕਲ ਸਵਾਰ ਨੂੰ ਕੋਈ ਸੱਟ ਨਹੀਂ ਲੱਗੀ ਪਰ ਉਸ ਦੇ ਦੋਪਹੀਆ ਵਾਹਨ ਨੂੰ ਟਰੱਕ ਕੁਝ ਦੂਰੀ ਤੱਕ ਘਸੀਟਦਾ ਲੈ ਗਿਆ, ਜਿਸ ਕਾਰਨ ਉਸ ਦਾ ਮੋਟਰਸਾਈਕਲ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਚੰਪਾਪੇਟ ਟੀ-ਜੰਕਸ਼ਨ 'ਤੇ ਉਕਤ ਟਰੱਕ ਨੇ ਇਕ ਹੋਰ ਕਾਰ ਨੂੰ ਵੀ ਟੱਕਰ ਮਾਰੀ ਸੀ।

ਹੈਦਰਾਬਾਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਾਮਲੇ 'ਚ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਦੀ ਪਛਾਣ ਪ੍ਰਿਥਵੀਰਾਜ ਵਜੋਂ ਹੋਈ ਹੈ।

Related Post