ਲੁਧਿਆਣਾ 'ਚ ਖੌਫਨਾਕ ਵਾਰਦਾਤ, ਵਿਅਕਤੀ ਨੇ ਕੁੱਤੇ ਨੂੰ ਡੰਡੇ ਨਾਲ ਕੁੱਟ-ਕੁੱਟ ਮਾਰਿਆ

By  KRISHAN KUMAR SHARMA January 8th 2024 01:14 PM

ਚੰਡੀਗੜ੍ਹ: ਇੱਕ ਪਾਸੇ ਜਿਥੇ ਅੰਮ੍ਰਿਤਸਰ 'ਚ ਹੱਡ ਚੀਰਵੀਂ ਠੰਡ 'ਚ ਆਵਾਰਾ ਕੁੱਤਿਆਂ ਦੀ ਇੱਕ ਔਰਤ ਵੱਲੋਂ ਸੇਵਾ ਕੀਤੀ ਜਾ ਰਹੀ ਹੈ, ਉਥੇ ਹੀ ਲੁਧਿਆਣਾ (ludhiana) 'ਚ ਕੁੱਤੇ ਦੀ ਬੇਰਹਿਮੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਸ਼ਖਸ ਵੱਲੋਂ ਇੱਕ ਬੇਜ਼ੁਬਾਨ 'ਤੇ ਅਜਿਹਾ ਕਹਿਰ ਢਾਹਿਆ ਗਿਆ ਕਿ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਲੁਧਿਆਣਾ ਦੇ ਪ੍ਰਤਾਪਪੁਰਾ ਦੀ ਦਸਮੇਸ਼ ਕਾਲੋਨੀ ਦਾ ਹੈ, ਜਿਥੇ ਇੱਕ ਸ਼ਖਸ ਨੇ ਆਵਾਰਾ ਕੁੱਤੇ (street dogs) ਨੂੰ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟ-ਕੁੱਟ ਕੇ ਜ਼ਖ਼ਮੀ ਕਰ ਦਿੱਤਾ। ਇਸ ਵਿਅਕਤੀ ਨੂੰ ਸਨਕੀ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਇਸ ਵੱਲੋਂ ਹੱਡ ਚੀਰਵੀਂ ਠੰਡ ਦਾ ਵੀ ਲਿਹਾਜ਼ ਨਹੀਂ ਕੀਤਾ ਗਿਆ। ਸ਼ਖਸ ਵੱਲੋਂ ਆਵਾਰਾ ਬੇਜ਼ੁਬਾਨ ਨਾਲ ਰੌਂਗਟੇ ਖੜੇ ਕਰ ਦੇਣ ਵਾਲੀ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਸ ਦੀ ਘਟੀਆ ਕਰਤੂਤ ਕੈਦ ਹੋ ਗਈ। 

ਸਿਰਫ਼ ਇੰਨਾ ਕੁ ਸੀ ਕੁੱਤੇ ਦਾ ਕਸੂਰ

ਦੱਸਿਆ ਜਾ ਰਿਹਾ ਹੈ ਕਿ ਕੁੱਤੇ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸ ਨੇ ਵਿਅਕਤੀ ਦੀ ਕਾਰ ਦਾ ਕਵਰ ਪਾੜ ਦਿੱਤਾ ਸੀ। ਕਵਰ ਪਾੜੇ ਜਾਣ ਕਾਰਨ ਕਾਰ ਮਾਲਕ ਇੰਨਾ ਅੱਗ ਬਬੂਲਾ ਹੋ ਗਿਆ ਕਿ ਉਸ ਨੇ ਕੁੱਤੇ 'ਤੇ ਲੋਹੇ ਦੇ ਕਿੱਲ ਵਾਲੇ ਡੰਡੇ ਨਾਲ ਕੁੱਟ ਸੁੱਟਿਆ। ਬੇਜ਼ੁਬਾਨ 'ਤੇ ਬੇਰਹਿਮੀ ਕਰਨ ਵਾਲਾ ਇਹ ਸ਼ਖਸ ਹਰਭਜਨ ਸਿੰਘ ਦੱਸਿਆ ਜਾ ਰਿਹਾ ਹੈ। ਇਸ ਸਖਸ ਨੇ ਕੁੱਤੇ ਨੂੰ ਇੰਨਾ ਕੁੱਟਿਆ ਕਿ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਬੇਜ਼ੁਬਾਨ ਦੀ ਛਾਤੀ 'ਚ ਕਈ ਕਿੱਲ ਵੀ ਵੱਜੇ ਹਨ।

ਬੇਰਹਿਮ ਨੇ ਲੋਕਾਂ ਦੀ ਵੀ ਨਹੀਂ ਸੁਣੀ ਗੱਲ

ਦਰਵੇਸ਼ ਕਹੇ ਜਾਣ ਵਾਲੇ ਇਸ ਪ੍ਰਾਣੀ 'ਤੇ ਸਖਸ ਨੂੰ ਥੋੜ੍ਹਾ ਜਿਹਾ ਹੀ ਰਹਿਮ ਨਹੀਂ ਆਇਆ ਅਤੇ ਨਾ ਹੀ ਹੱਡ ਚੀਰਵੀਂ ਠੰਡ ਦੀ ਪਰਵਾਹ ਕੀਤੀ ਗਈ। ਇਸ ਮੌਕੇ ਆਸ ਪਾਸ ਦੇ ਲੋਕਾਂ (Animal Lover) ਨੇ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਕਿਸੇ ਦੀ ਵੀ ਪਰਵਾਹ ਨਹੀਂ ਕੀਤੀ ਅਤੇ ਕੁੱਤੇ ਨੂੰ ਕੁੱਟਦਾ ਰਿਹਾ। ਬੇਰਹਿਮ ਸ਼ਖਸ ਤੋਂ ਕੁੱਤਾ ਜਦੋਂ ਵੀ ਭੱਜ ਕੇ ਬਚਣ ਦੀ ਕੋਸ਼ਿਸ਼ ਕਰਦਾ ਤਾਂ ਉਹ ਪਿਛੇ ਭੱਜ ਕੇ ਡੰਡਾ ਮਾਰ ਮਾਰ ਕੇ ਕੁੱਟਦਾ ਰਿਹਾ। ਲੋਹੇ ਦੇ ਕਿੱਲਾਂ ਵਾਲੇ ਡੰਡੇ ਨਾਲ ਭਾਰੀ ਕੁੱਟ ਕਾਰਨ ਕੁੱਤੇ ਦੇ ਫੇਫੜੇ ਵੀ ਖਰਾਬ ਹੋ ਗਏ ਹਨ।

ਇਲਾਕਾ ਵਾਸੀਆਂ ਵੱਲੋਂ ਕੁੱਤੇ ਨਾਲ ਬੇਰਹਿਮੀ ਦੀ ਇਸ ਘਟਨਾ ਬਾਰੇ ਜਦੋਂ ਹੈਲਪ ਫਾਰ ਐਨੀਮਲਜ਼ ਸੰਸਥਾ ਨੂੰ ਜਾਣੂੰ ਕਰਵਾਇਆ, ਜਿਸ ਪਿੱਛੋਂ ਸੰਸਥਾ ਮੁਲਾਜ਼ਮਾਂ ਨੇ ਪਹੁੰਚ ਕੇ ਕੁੱਤੇ ਨੂੰ ਪਸ਼ੂ ਹਸਪਤਾਲ ਦਾਖਲ ਕਰਵਾਇਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਕੁੱਤੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

Related Post