Mansa News : ਨਸ਼ੇ ਦੀ ਪੂਰਤੀ ਲਈ ਮਾਪਿਆਂ ਵੱਲੋਂ ਆਪਣੇ 3 ਮਹੀਨੇ ਦੇ ਬੱਚੇ ਨੂੰ ਵੇਚਣ ਦੇ ਮਾਮਲੇ ਚ ਆਇਆ ਨਵਾਂ ਮੋੜ ,ਪੜ੍ਹੋ ਪੂਰੀ ਖ਼ਬਰ

Mansa News : ਨਸ਼ੇ ਦੀ ਪੂਰਤੀ ਲਈ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਬਰਪੁਰ ਖੁਡਾਲ ਦੇ ਮਾਪਿਆਂ ਵੱਲੋਂ ਆਪਣੇ 3 ਮਹੀਨੇ ਦੇ ਬੱਚੇ ਨੂੰ ਵੇਚਣ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਉੱਥੇ ਹੀ ਪੁਲਿਸ ਨੇ ਇਸ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਹੈ। ਥਾਣਾ ਬਰੇਟਾ ਪੁਲਿਸ ਨੇ ਬੱਚੇ ਦੇ ਮਾਂ-ਪਿਓ ਅਤੇ ਬੱਚਾ ਲੈਣ ਵਾਲਿਆਂ ਸਮੇਤ ਕੁੱਲ 4 ਲੋਕਾਂ ‘ਤੇ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਬੱਚੇ ਨੂੰ ਚਾਈਲਡ ਕੇਅਰ ਹੋਮ ‘ਚ ਭੇਜ ਦਿੱਤਾ ਹੈ

By  Shanker Badra October 25th 2025 02:50 PM -- Updated: October 25th 2025 03:56 PM

Mansa News : ਨਸ਼ੇ ਦੀ ਪੂਰਤੀ ਲਈ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਬਰਪੁਰ ਖੁਡਾਲ ਦੇ ਮਾਪਿਆਂ ਵੱਲੋਂ ਆਪਣੇ 3 ਮਹੀਨੇ ਦੇ ਬੱਚੇ ਨੂੰ ਵੇਚਣ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਉੱਥੇ ਹੀ ਪੁਲਿਸ ਨੇ ਇਸ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਹੈ। ਥਾਣਾ ਬਰੇਟਾ ਪੁਲਿਸ ਨੇ ਬੱਚੇ ਦੇ ਮਾਂ-ਪਿਓ ਅਤੇ ਬੱਚਾ ਲੈਣ ਵਾਲਿਆਂ ਸਮੇਤ ਕੁੱਲ 4 ਲੋਕਾਂ ‘ਤੇ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਬੱਚੇ ਨੂੰ ਚਾਈਲਡ ਕੇਅਰ ਹੋਮ ‘ਚ ਭੇਜ ਦਿੱਤਾ ਹੈ।

ਜਾਣਕਾਰੀ ਅਨੁਸਾਰ ਬੁਢਲਾਡਾ ਹਲਕੇ ਦੇ ਪਿੰਡ ਅਕਬਰਪੁਰ ਖੁਡਾਲ ਵਿੱਚ ਰਹਿੰਦੇ ਪਤੀ-ਪਤਨੀ ਚਿੱਟੇ ਦੇ ਆਦੀ ਹਨ। ਪਤੀ-ਪਤਨੀ ਨੇ ਆਪਣੇ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਆਪਣੇ ਹੀ 3 ਮਹੀਨੇ ਦੇ ਬੱਚੇ ਨੂੰ ਵੇਚ ਦਿੱਤਾ। ਕੁੱਝ ਦਿਨ ਬੀਤਣ ਤੋਂ ਬਾਅਦ ਬੱਚੇ ਦੀ ਨਸ਼ੇੜੀ ਮਾਂ ਨੂੰ ਆਪਣਾ ਬੱਚਾ ਵੇਚਣ ਦਾ ਪਛਤਾਵਾ ਹੋਇਆ ਤਾਂ ਉਸ ਨੇ ਥਾਣਾ ਬਰੇਟਾ ਵਿਖੇ ਸ਼ਿਕਾਇਤ ਦੇ ਕੇ ਆਪਣਾ ਬੱਚਾ ਵਾਪਸ ਮੰਗਿਆ ਹੈ। ਉੱਧਰ ਬੱਚਾ ਲੈਣ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਬੱਚਾ ਗੋਦ ਲਿਆ ਹੈ ਖਰੀਦਿਆ ਨਹੀਂ। 

ਦਰਅਸਲ 'ਚ ਮਾਸੂਮ ਬੱਚੇ ਨੂੰ ਵੇਚਣ ਵਾਲੇ ਪਤੀ ਪਤਨੀ ਕਰੀਬ 2 ਸਾਲ ਤੋਂ ਚਿੱਟਾ ਲਗਾਉਂਦੇ ਆ ਰਹੇ ਹਨ। ਮਾਸੂਮ ਬੱਚੇ ਦੀ ਮਾਂ ਕਿਸੇ ਵੇਲੇ ਰਾਜ ਪੱਧਰੀ ਪਹਿਲਵਾਨ ਹੁੰਦੀ ਸੀ। ਇੰਸਟਾਗ੍ਰਾਮ 'ਤੇ ਦੋਸਤੀ ਹੋਣ ਤੋਂ ਬਾਅਦ ਉਸ ਨੇ ਲਵ ਮੈਰਿਜ ਕਰਵਾਈ ਸੀ। ਇਹ ਉਨ੍ਹਾਂ ਦੀ ਪਹਿਲੀ ਔਲਾਦ ਸੀ। ਉਹ ਚਿੱਟੇ ਦੇ ਅਜਿਹੇ ਮੁਰੀਦ ਹੋ ਗਏ ਕਿ ਉਨ੍ਹਾਂ ਚਿੱਟੇ ਦੀ ਪੂਰਤੀ ਲਈ ਆਪਣੇ 3 ਮਹੀਨੇ ਦੇ ਮਾਸੂਮ ਬੱਚੇ ਨੂੰ ਪਿੰਡ ਅਕਬਰਪੁਰ ਖੁਡਾਲ ਦੇ ਇਕ ਵਿਅਕਤੀ ਕੋਲ 1 ਲੱਖ 80 ਹਜ਼ਾਰ ਰੁਪਏ ’ਚ ਵੇਚ ਦਿੱਤਾ। 

ਪਤੀ-ਪਤਨੀ ਨੇ ਦੱਸਿਆ ਕਿ ਉਹ ਚਿੱਟੇ ਦੇ ਐਨੇ ਆਦੀ ਹੋ ਚੁੱਕੇ ਹਨ ਕਿ ਉਨ੍ਹਾਂ ਨੇ ਦਿਲ ਪੱਥਰ ਕਰਕੇ ਨਸ਼ੇ ਦੀ ਪੂਰਤੀ ਲਈ 1 ਲੱਖ 80 ਹਜ਼ਾਰ ਰੁਪਏ ਵਿਚ ਆਪਣੇ ਜਿਗਰ ਦਾ ਟੁਕੜਾ ਵੇਚ ਦਿੱਤਾ। ਪਹਿਲਵਾਨ ਰਹੀ ਪਤਨੀ ਨੇ ਦੱਸਿਆ ਕਿ ਹੁਣ ਉਸ ਨੂੰ ਅਹਿਸਾਸ ਹੋਇਆ ਹੈ ਕਿ ਉਨ੍ਹਾਂ ਇਹ ਗਲਤ ਕਦਮ ਚੁੱਕ ਲਿਆ, ਹੁਣ ਉਹ ਆਪਣੇ ਬੱਚੇ ਨੂੰ ਵਾਪਸ ਲਿਆ ਕੇ ਉਸ ਦਾ ਪਾਲਣ ਪੋਸ਼ਣ ਕਰਨਾ ਚਾਹੁੰਦੀ ਹੈ। ਪਤੀ ਪਤਨੀ ਨੂੰ ਇਹ ਵੀ ਪਛਤਾਵਾ ਹੈ ਕਿ ਜੇਕਰ ਉਹ ਚਿੱਟੇ ਦੇ ਸ਼ਿਕਾਰ ਨਾ ਹੁੰਦੇ ਤਾਂ ਅੱਜ ਇਹ ਨੌਬਤ ਨਾ ਆਉਂਦੀ। ਦੋਵੇਂ ਪਤੀ ਪਤਨੀ ਨੇ ਬਰੇਟਾ ਪੁਲਸ ਨੂੰ ਅਰਜੀ ਦੇ ਕੇ ਆਪਣਾ ਬੱਚਾ ਵਾਪਸ ਮੰਗਿਆ ਹੈ।

ਉੱਧਰ ਦੂਜੇ ਪਾਸੇ ਬੱਚੇ ਨੂੰ ਗੋਦ ਲੈਣ ਵਾਲੇ ਪਰਿਵਾਰ ਨੇ ਦੱਸਿਆ ਕਿ ਬੱਚਿਆਂ ਦੇ ਮਾਪੇ ਨਸ਼ੇੜੀ ਸਨ, ਜੋ ਬੱਚੇ ਨੂੰ ਇਹ ਕਹਿ ਕੇ ਮੰਦਰ ਲੈ ਕੇ ਆਏ ਸਨ ਕਿ ਉਹ ਉਨ੍ਹਾਂ ਨੂੰ ਪਾਲ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬੱਚੇ ਨੂੰ ਗੋਦ ਲਿਆ ਸੀ ਅਤੇ ਉਨ੍ਹਾਂ ਕੋਲ ਬੱਚੇ ਦੀਆਂ ਵੀਡੀਓ ਅਤੇ ਫੋਟੋਆਂ ਸਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਖਰੀਦਿਆ ਨਹੀਂ ਗਿਆ ਸੀ, ਸਗੋਂ ਪਾਲਣ ਲਈ ਗੋਦ ਲਿਆ ਗਿਆ ਸੀ, ਕਿਉਂਕਿ ਉਨ੍ਹਾਂ ਦੀਆਂ ਪਹਿਲਾਂ ਹੀ ਤਿੰਨ ਧੀਆਂ ਸਨ।

ਹੁਣ ਇਸ ਪੂਰੇ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ ਅਤੇ ਬਰੇਟਾ ਪੁਲਿਸ ਦਾ ਕਹਿਣਾ ਹੈ ਕਿ ਬੁਢਲਾਡਾ ਦੇ ਇੱਕ ਪਰਿਵਾਰ ਵੱਲੋਂ ਇਸ ਮਾਮਲੇ ‘ਚ ਬੱਚੇ ਨੂੰ ਗੋਦ ਲਏ ਜਾਣ ਦੀ ਗੱਲ ਵੀ ਕਹੀ ਜਾ ਰਹੀ ਹੈ। ਉੱਥੇ ਹੀ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਬੱਚੇ ਦੇ ਮਾਂ-ਪਿਓ ਵੱਲੋਂ ਬੱਚੇ ਨੂੰ 1 ਲੱਖ 80 ਹਜ਼ਾਰ ਰੁਪਏ ’ਚ ਵੇਚ ਦਿੱਤਾ ਸੀ। ਪੁਲਿਸ ਦਾ ਕਹਿਣਾ ਹੈ ਕਿ ਜਾਂਚ-ਪੜਤਾਲ ਦੇ ਬਾਅਦ ਹੀ ਸੱਚਾਈ ਦਾ ਪਤਾ ਲੱਗ ਸਕੇਗਾ। ਪੁਲਿਸ ਅਨੁਸਾਰ ਉਹ ਬੱਚੇ ਨੂੰ ਵੇਚਣ ਜਾਂ ਗੋਦ ਦਿੱਤੇ ਜਾਣ ਦੋਵਾਂ ਗੱਲਾਂ ਦੀ ਪੜਤਾਲ ਕਰ ਰਹੇ ਹਨ।


  

Related Post