MCD poll result : ਸ਼ੁਰੂਆਤੀ ਰੁਝਾਨਾਂ 'ਚ ਕਦੇ ਭਾਜਪਾ ਤੇ ਕਦੇ 'ਆਪ' ਅੱਗੇ

By  Ravinder Singh December 7th 2022 10:10 AM -- Updated: December 7th 2022 10:21 AM

ਨਵੀਂ ਦਿੱਲੀ : ਦਿੱਲੀ ਨਗਰ ਨਿਗਮ (ਐਮਸੀਡੀ ਚੋਣ) ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਫਸਵੀਂ ਟੱਕਰ ਹੈ। ਸਵੇਰੇ 9.40 ਵਜੇ ਤੱਕ ਦੇ ਸ਼ੁਰੂਆਤੀ ਰੁਝਾਨਾਂ 'ਚ ਆਮ ਆਦਮੀ ਪਾਰਟੀ 123 ਸੀਟਾਂ 'ਤੇ ਅਤੇ ਭਾਜਪਾ 115 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਇਸ ਦੇ ਨਾਲ ਹੀ ਕਾਂਗਰਸ 9 ਸੀਟਾਂ 'ਤੇ ਅੱਗੇ ਹੈ। ਭਾਜਪਾ ਨੇ ਸ਼ੁਰੂਆਤੀ ਰੁਝਾਨਾਂ 'ਚ ਦੋ ਵਾਰ ਬਹੁਮਤ ਦੇ ਅੰਕੜੇ ਨੂੰ ਛੂਹਿਆ ਹੈ, ਉਸ ਤੋਂ ਬਾਅਦ ਦੋਵੇਂ ਵਾਰ ਇਹ ਬਹੁਮਤ ਦੇ ਅੰਕੜੇ ਤੋਂ ਹੇਠਾਂ ਡਿੱਗ ਗਈ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਇਕ ਵਾਰ ਬਹੁਮਤ ਦੇ ਅੰਕੜੇ ਨੂੰ ਛੂਹ ਲਿਆ ਹੈ। ਦਿੱਲੀ ਵਿੱਚ MCD ਲਈ 4 ਦਸੰਬਰ ਨੂੰ ਵੋਟਾਂ ਪਈਆਂ ਸਨ, ਜਿਸ ਵਿੱਚ 50.48 ਫੀਸਦੀ ਪੋਲਿੰਗ ਦਰਜ ਕੀਤੀ ਗਈ ਸੀ।



ਤਾਜ਼ਾ ਨਤੀਜਿਆਂ ਅਨੁਸਾਰ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ, ਜਦਕਿ ਭਾਜਪਾ ਦੂਜੇ ਨੰਬਰ ਉਪਰ ਹੈ। ਕਾਂਗਰਸ ਪਾਰਟੀ ਤੀਜੇ ਨੰਬਰ ਉਪਰ ਹੈ। ਗਿਣਤੀ ਕੇਂਦਰਾਂ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਲਈ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ 20 ਕੰਪਨੀਆਂ ਅਤੇ 10,000 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। MCD ਦੇ ਕੁੱਲ 250 ਵਾਰਡਾਂ ਲਈ ਐਤਵਾਰ ਨੂੰ ਹੋਈਆਂ ਚੋਣਾਂ 'ਚ 1.45 ਕਰੋੜ ਵੋਟਰਾਂ 'ਚੋਂ 50 ਫੀਸਦੀ ਤੋਂ ਵੱਧ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ।


ਦਿੱਲੀ ਵਿੱਚ ਸਿਵਲ ਬਾਡੀ ਚੋਣਾਂ (ਦਿੱਲੀ ਐਮਸੀਡੀ ਚੋਣ 2022) ਦੀ ਗਿਣਤੀ ਲਈ ਸ਼ਾਸਤਰੀ ਪਾਰਕ, ​​ਯਮੁਨਾ ਵਿਹਾਰ, ਮਯੂਰ ਵਿਹਾਰ, ਨੰਦ ਨਗਰੀ, ਦਵਾਰਕਾ, ਓਖਲਾ, ਮੰਗੋਲਪੁਰੀ, ਪੀਤਮਪੁਰਾ, ਅਲੀਪੁਰ ਅਤੇ ਮਾਡਲ ਟਾਊਨ ਵਿੱਚ ਕੇਂਦਰ ਸਥਾਪਤ ਕੀਤੇ ਗਏ ਹਨ।


ਦਿੱਲੀ ਨਗਰ ਨਿਗਮ ਦੇ ਏਕੀਕਰਣ ਤੋਂ ਬਾਅਦ ਇਹ ਪਹਿਲੀ ਚੋਣ ਹੈ, ਜਿਸ ਨੂੰ ਪਹਿਲਾਂ 3 ਹਿੱਸਿਆਂ ਵਿੱਚ ਵੰਡਿਆ ਗਿਆ ਸੀ, ਜਿਸ ਵਿੱਚ ਉੱਤਰੀ ਐਮਸੀਡੀ ਅਤੇ ਦੱਖਣੀ ਐਮਸੀਡੀ ਵਿੱਚ 104-104 ਵਾਰਡ ਸਨ, ਜਦੋਂ ਕਿ ਪੂਰਬੀ ਐਮਸੀਡੀ ਵਿੱਚ ਕੁੱਲ 64 ਵਾਰਡ ਸਨ। ਇਸ ਤਰ੍ਹਾਂ ਇਨ੍ਹਾਂ ਤਿੰਨਾਂ ਨਗਰ ਨਿਗਮਾਂ ਵਿੱਚ ਕੁੱਲ 272 ਸੀਟਾਂ ਸਨ। ਹੱਦਬੰਦੀ ਤੋਂ ਬਾਅਦ, ਤਿੰਨੋਂ ਨਗਰ ਨਿਗਮਾਂ ਨੂੰ ਮਿਲਾ ਕੇ MCD ਦਾ ਗਠਨ ਕੀਤਾ ਗਿਆ ਸੀ ਅਤੇ ਵਾਰਡਾਂ ਦੀ ਕੁੱਲ ਗਿਣਤੀ 272 ਤੋਂ ਘਟ ਕੇ 250 ਰਹਿ ਗਈ ਸੀ।

ਇਹ ਵੀ ਪੜ੍ਹੋ : ਦੋ ਦਿਨ ਪਹਿਲਾਂ ਹਸਪਤਾਲ 'ਚੋਂ ਚੋਰੀ ਹੋਇਆ ਬੱਚਾ ਬਰਾਮਦ, ਦੋ ਔਰਤਾਂ ਪੁਲਿਸ ਅੜਿੱਕੇ

Related Post