ਮੰਤਰੀ ਕੁਲਦੀਪ ਧਾਲੀਵਾਲ ਨੇ ਰਾਜਪੁਰਾ ਵਿਖੇ ਪਿਛਲੇ ਚਾਰ ਮਹੀਨਿਆਂ ਤੋਂ ਮੋਰਚੇ 'ਤੇ ਬੈਠੇ ਕਿਸਾਨਾਂ ਦਾ ਧਰਨਾ ਕਰਵਾਇਆ ਸਮਾਪਤ

By  Pardeep Singh November 2nd 2022 08:08 PM -- Updated: November 2nd 2022 08:10 PM

ਰਾਜਪੁਰਾ: ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ  ਕੁਲਦੀਪ ਸਿੰਘ ਧਾਲੀਵਾਲ ਨੇ ਰਾਜਪੁਰਾ ਵਿਖੇ ਪੁੱਜ ਕੇ ਇਥੇ ਫੁਹਾਰਾ ਚੌਂਕ 'ਚ ਪਿਛਲੇ ਚਾਰ ਮਹੀਨਿਆਂ ਤੋਂ ਧਰਨਾ ਦੇ ਰਹੇ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਕਿਸਾਨੀ ਮੋਰਚਾ ਸਮਾਪਤ ਕਰਵਾਇਆ। ਅੱਜ ਦੇਰ ਸ਼ਾਮ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਖੇਤੀਬਾੜੀ ਮੰਤਰੀ ਨੇ ਇਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਖੇਤੀਬਾੜੀ ਅਤੇ ਕਿਸਾਨਾਂ ਦੀ ਭਲਾਈ ਪ੍ਰਤੀ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ।

ਕਿਸਾਨ ਆਗੂਆਂ, ਜਿਨ੍ਹਾਂ ਵਿੱਚ ਡਾ. ਦਰਸ਼ਨਪਾਲ, ਗੁਰਦਿੱਤ ਸਿੰਘ ਦਿੱਤੂਪੁਰ, ਹਰਜਿੰਦਰ ਸਿੰਘ ਸਮੇਤ ਹੋਰ ਕਿਸਾਨ ਸ਼ਾਮਲ ਸਨ, ਨਾਲ ਬੈਠਕ ਕਰਨ ਮਗਰੋਂ ਕੁਲਦੀਪ ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦਾ ਬੀਜ ਐਕਟ ਬਹੁਤ ਕਮਜੋਰ ਹੈ, ਇਸ ਲਈ ਮਾਨ ਸਰਕਾਰ ਵੱਲੋਂ ਇਸ ਵਿੱਚ ਬਹੁਤ ਜਲਦ ਸੋਧ ਕੀਤੀ ਜਾਵੇਗੀ ਅਤੇ ਨਕਲੀ ਬੀਜਾਂ ਤੇ ਨਕਲੀ ਦਵਾਈਆਂ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਰਵਾਈ ਕੀਤੀ ਜਾਵੇਗੀ। ਖੇਤੀਬਾੜੀ ਮੰਤਰੀ ਵੱਲੋਂ ਕਿਸਾਨਾਂ ਨਾਲ ਕੀਤੀ ਗਈ ਬੈਠਕ ਵਿੱਚ ਆਈ.ਜੀ. ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ.ਐਸ.ਪੀ. ਦੀਪਕ ਪਾਰੀਕ, ਐਸ.ਡੀ.ਐਮ. ਸੰਜੀਵ ਕੁਮਾਰ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ ਵੀ ਮੌਜੂਦ ਸਨ।

ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਕਿਸਾਨਾਂ ਦੀ ਹਮਦਰਦ ਸਰਕਾਰ ਹੈ ਅਤੇ ਰਾਜਪੁਰਾ ਵਿਖੇ ਧਰਨਾ ਦੇ ਰਹੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਸੂਰਜਮੁਖੀ ਦੇ ਨਕਲੀ ਬੀਜ ਕਰਕੇ ਫ਼ਸਲਾਂ ਦੇ ਹੋਏ ਨੁਕਸਾਨ ਦਾ ਹੱਲ ਕਰਨ ਦੀ ਮੰਗ ਰੱਖੀ ਗਈ ਸੀ, ਜਿਸ ਨੂੰ ਅੱਜ ਹੱਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਕਿਸਾਨਾਂ ਨੇ ਆਪਣਾ ਧਰਨਾ ਰਾਜਪੁਰਾ ਦੇ ਚੌਂਕ ਵਿੱਚੋਂ ਚੁੱਕ ਦਿੱਤਾ ਹੈ।

ਇਸ ਮੌਕੇ ਡਾ. ਦਰਸ਼ਨਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਹ ਧੰਨਵਾਦ ਕਰਦੇ ਹਨ, ਜਿਸ ਨੇ ਭਰੋਸਾ ਦਿੱਤਾ ਹੈ ਕਿ ਬੀਜ ਐਕਟ ਵਿੱਚ ਸੋਧ ਕੀਤੀ ਜਾਵੇਗੀ ਤਾਂ ਕਿ ਕੋਈ ਨਕਲੀ ਬੀਜ ਤੇ ਨਕਲੀ ਖਾਦ ਤੇ ਦਵਾਈਆਂ ਆਦਿ ਨਾ ਵੇਚ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਰਾਜਪੁਰਾ ਦਾ ਧਰਨਾ ਸਮਾਪਤ ਕਰ ਦਿੱਤਾ ਹੈ।

ਰਿਪੋਰਟ-ਗਗਨਦੀਪ ਅਹੂਜਾ

ਇਹ ਵੀ ਪੜ੍ਹੋ : ਵਿੱਤ ਵਿਭਾਗ ਦਾ ਵਿਭਾਗਾਂ ਨੂੰ ਫ਼ਰਮਾਨ: ਆਮਦਨ ਦਾ ਟੀਚਾ ਪੂਰਾ ਨਾ ਹੋਇਆ ਅਧਿਕਾਰੀਆਂ 'ਤੇ ਗਿਰੇਗੀ ਗਾਜ

Related Post