India Pakistan War : ਹੁਸ਼ਿਆਰਪੁਰ ਚ ਮਿਲੇ ਮਿਜ਼ਾਈਲ ਦੇ ਟੁਕੜੇ , ਭਾਰਤੀ ਫੌਜ ਨੇ ਪਾਕਿਸਤਾਨ ਦੇ ਸਾਰੇ ਹਮਲੇ ਕੀਤੇ ਨਾਕਾਮ

India Pakistan War : ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਨੂੰ ਇੱਕ ਵਾਰ ਫਿਰ ਭਾਰਤੀ ਫੌਜ ਨੇ ਨਾਕਾਮ ਕਰ ਦਿੱਤਾ ਹੈ। ਪਾਕਿਸਤਾਨ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ ਪੰਜਾਬ ਦੇ ਹੁਸ਼ਿਆਰਪੁਰ ਦੇ ਪਹਾੜੀ ਇਲਾਕੇ ਵਿੱਚ ਇੱਕ ਪਾਕਿਸਤਾਨੀ ਮਿਜ਼ਾਈਲ ਦੇ ਟੁਕੜੇ ਮਿਲੇ

By  Shanker Badra May 9th 2025 01:45 PM

India Pakistan War : ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਨੂੰ ਇੱਕ ਵਾਰ ਫਿਰ ਭਾਰਤੀ ਫੌਜ ਨੇ ਨਾਕਾਮ ਕਰ ਦਿੱਤਾ ਹੈ। ਪਾਕਿਸਤਾਨ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ ਪੰਜਾਬ ਦੇ ਹੁਸ਼ਿਆਰਪੁਰ ਦੇ ਪਹਾੜੀ ਇਲਾਕੇ ਵਿੱਚ ਇੱਕ ਪਾਕਿਸਤਾਨੀ ਮਿਜ਼ਾਈਲ ਦੇ ਟੁਕੜੇ ਮਿਲੇ ਹਨ। ਕਿਹਾ ਜਾ ਰਿਹਾ ਹੈ ਕਿ ਵੀਰਵਾਰ ਨੂੰ ਭਾਰਤੀ ਫੌਜ ਨੇ ਪਾਕਿਸਤਾਨ ਦੀ ਇਸ ਮਿਜ਼ਾਈਲ ਨੂੰ ਢੇਰ ਕਰ ਦਿੱਤਾ ਸੀ।

ਭਾਰਤ ਦੇ 'ਆਪ੍ਰੇਸ਼ਨ ਸਿੰਦੂਰ'  ਤੋਂ ਬਾਅਦ ਪਾਕਿਸਤਾਨ ਨੇ ਅੱਜ ਸਵੇਰੇ ਤੀਜੀ ਵਾਰ ਪੰਜਾਬ 'ਤੇ ਹਮਲਾ ਕੀਤਾ। ਅੰਮ੍ਰਿਤਸਰ ਦੇ ਖਾਸਾ ਵਿੱਚ ਸਵੇਰੇ 5:30 ਵਜੇ ਡਰੋਨ ਹਮਲਾ ਕੀਤਾ ਗਿਆ। ਹਾਲਾਂਕਿ ਭਾਰਤੀ ਫੌਜ ਦੇ ਏਅਰ ਡਿਫੈਂਸ ਸਿਸਟਮ S-400 ਨੇ ਖਾਸਾ ਖੇਤਰ ਵਿੱਚ ਦੋ ਡਰੋਨਾਂ ਨੂੰ ਤਬਾਹ ਕਰ ਦਿੱਤਾ। ਇਹਨਾਂ ਵਿੱਚੋਂ ਇੱਕ ਛੋਟਾ ਸੀ ਅਤੇ ਦੂਜਾ ਵੱਡਾ।ਧਮਾਕਿਆਂ ਤੋਂ ਬਾਅਦ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਸੀ।

ਪਠਾਨਕੋਟ ਵਿੱਚ ਦੇਰ ਰਾਤ ਹੋਏ ਹਮਲੇ ਤੋਂ ਬਾਅਦ ਪੁਲਿਸ ਨੇ ਸ਼ੁੱਕਰਵਾਰ ਸਵੇਰੇ ਏਅਰਬੇਸ ਦੇ ਨੇੜੇ ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਨਦੀ ਦੇ ਕੰਢੇ ਇੱਕ ਬੰਬ ਮਿਲਿਆ। ਜਿਸ ਤੋਂ ਬਾਅਦ ਫੌਜ ਨੇ ਇਲਾਕਾ ਖਾਲੀ ਕਰਵਾ ਲਿਆ। ਇੱਥੇ ਵੀ ਸਵੇਰੇ 4:30 ਵਜੇ 3-4 ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਹੁਸ਼ਿਆਰਪੁਰ ਦੇ ਕਮਾਹੀ ਦੇਵੀ ਵਿੱਚ ਇੱਕ ਰਾਕੇਟ ਡਿੱਗਿਆ ਹੋਇਆ ਵੀ ਮਿਲਿਆ ਹੈ।

ਇਸ ਦੇ ਇਲਾਵਾ ਵੀਰਵਾਰ ਰਾਤ ਨੂੰ ਹੋਏ ਹਮਲੇ ਤੋਂ ਬਾਅਦ ਬਠਿੰਡਾ ਦੇ ਬੀੜ ਤਾਲਾਬ ਅਤੇ ਨਥਾਣਾ ਬਲਾਕ ਦੇ ਤੁੰਗਵਾਲੀ ਪਿੰਡ ਦੇ ਖੇਤਾਂ ਵਿੱਚ ਪਾਕਿਸਤਾਨੀ ਰਾਕੇਟ ਦੇ ਟੁਕੜੇ ਡਿੱਗੇ ਹੋਏ ਮਿਲੇ। ਇੱਥੇ ਰਾਤ ਨੂੰ ਧਮਾਕੇ ਹੋਏ। ਤੁੰਗਵਾਲੀ ਵਿੱਚ ਹੋਏ ਧਮਾਕੇ ਨੇ ਇੱਕ ਘਰ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਦੇ ਸ਼ੀਸ਼ੇ ਤੋੜ ਦਿੱਤੇ।   ਫਰੀਦਕੋਟ ਵਿੱਚ ਲਗਭਗ 13 ਘੰਟੇ ਇੰਟਰਨੈੱਟ ਬੰਦ ਰਿਹਾ। ਇਹ ਹੁਕਮ ਅਫਵਾਹਾਂ ਫੈਲਣ ਤੋਂ ਰੋਕਣ ਲਈ ਰਾਤ 12 ਵਜੇ ਤੋਂ ਲਾਗੂ ਕਰ ਦਿੱਤਾ ਗਿਆ। ਅੱਜ ਦੁਪਹਿਰ 12:45 ਵਜੇ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ। 

ਪਾਕਿਸਤਾਨ ਨੇ ਵੀਰਵਾਰ ਰਾਤ ਨੂੰ ਜੰਮੂ-ਕਸ਼ਮੀਰ, ਰਾਜਸਥਾਨ, ਪੰਜਾਬ ਅਤੇ ਗੁਜਰਾਤ ਦੇ ਸਰਹੱਦੀ ਇਲਾਕਿਆਂ 'ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਭਾਰਤੀ ਫ਼ੌਜ ਦੇ ਏਅਰ ਡਿਫੈਂਸ ਸਿਸਟਮ S-400 ਨੇ ਨਾਕਾਮ ਕਰ ਦਿੱਤਾ। ਇਸ ਤੋਂ ਇੱਕ ਰਾਤ ਪਹਿਲਾਂ ਵੀ ਪਾਕਿਸਤਾਨ ਨੇ ਭਾਰਤ ਦੇ 15 ਸ਼ਹਿਰਾਂ ਵਿੱਚ ਫੌਜੀ ਠਿਕਾਣਿਆਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਸਨੂੰ ਭਾਰਤ ਦੇ S-400 ਏਅਰ ਡਿਫੈਂਸ ਸਿਸਟਮ  ਨੇ ਨਾਕਾਮ ਕਰ ਦਿੱਤਾ। 

ਦੱਸ ਦੇਈਏ ਕਿ ਅੱਤਵਾਦ ਵਿਰੁੱਧ ਭਾਰਤ ਦੇ ਆਪ੍ਰੇਸ਼ਨ ਸਿੰਦੂਰ ਤੋਂ ਬੁਖਲਾਏ ਪਾਕਿਸਤਾਨ ਨੇ ਵੀਰਵਾਰ ਰਾਤ ਨੂੰ ਜੰਮੂ ਕਸ਼ਮੀਰ ਤੋਂ ਜੈਸਲਮੇਰ ਤੱਕ ਭਾਰਤ ਦੇ ਲਗਭਗ 15 ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਫੌਜ ਨੇ ਇਨ੍ਹਾਂ ਸਾਰੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਭਾਰਤੀ ਸਰਹੱਦ ਵਿੱਚ ਦਾਖਲ ਹੋਣ ਵਾਲੇ ਡਰੋਨ, ਮਿਜ਼ਾਈਲਾਂ ਅਤੇ ਲੜਾਕੂ ਜਹਾਜ਼ਾਂ ਨੂੰ ਇੱਕ ਤੋਂ ਬਾਅਦ ਇੱਕ ਡੇਗ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਦੇਰ ਰਾਤ ਭਾਰਤੀ ਫੌਜ ਦੇ ਜਵਾਬੀ ਹਮਲੇ ਨੇ ਪਾਕਿਸਤਾਨ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਜਲ ਸੈਨਾ, ਫੌਜ ਅਤੇ ਹਵਾਈ ਸੈਨਾ ਨੇ ਸਾਂਝੇ ਤੌਰ 'ਤੇ ਕਰਾਚੀ, ਲਾਹੌਰ, ਸਿਆਲਕੋਟ ਅਤੇ ਪੇਸ਼ਾਵਰ ਸਮੇਤ ਕਈ ਸ਼ਹਿਰਾਂ ਵਿੱਚ ਤੇਜ਼ ਹਮਲੇ ਕੀਤੇ।

Related Post