Operation Sindoor : ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਪਾਕਿਸਤਾਨ , ਅੰਮ੍ਰਿਤਸਰ ਦੇ 3 ਪਿੰਡਾਂ ਚ ਡਿੱਗੀਆਂ ਮਿਜ਼ਾਈਲਾਂ , ਖੇਤਾਂ ’ਚੋਂ ਮਿਲੇ ਮਿਜ਼ਾਈਲਾਂ ਦੇ ਟੁਕੜੇ
Operation Sindoor : 'ਆਪ੍ਰੇਸ਼ਨ ਸਿੰਦੂਰ' ਤੋਂ ਬੁਖਲਾਇਆ ਪਾਕਿਸਤਾਨ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿੱਚ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਅਜਿਹੀਆਂ ਨਾਪਾਕ ਹਰਕਤਾਂ ਕਰ ਰਿਹਾ ਹੈ। ਅੰਮ੍ਰਿਤਸਰ ਦੇ ਨਾਲ ਲੱਗਦੇ ਤਿੰਨ ਪਿੰਡਾਂ ਵਿੱਚ ਤਿੰਨ ਮਿਜ਼ਾਈਲਾਂ ਡਿੱਗੀਆਂ ਮਿਲੀਆਂ ਹਨ
Operation Sindoor : 'ਆਪ੍ਰੇਸ਼ਨ ਸਿੰਦੂਰ' ਤੋਂ ਬੁਖਲਾਇਆ ਪਾਕਿਸਤਾਨ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿੱਚ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਅਜਿਹੀਆਂ ਨਾਪਾਕ ਹਰਕਤਾਂ ਕਰ ਰਿਹਾ ਹੈ। ਅੰਮ੍ਰਿਤਸਰ ਦੇ ਨਾਲ ਲੱਗਦੇ ਤਿੰਨ ਪਿੰਡਾਂ ਵਿੱਚ ਤਿੰਨ ਮਿਜ਼ਾਈਲਾਂ ਡਿੱਗੀਆਂ ਮਿਲੀਆਂ ਹਨ। ਇਹ ਮਿਜ਼ਾਈਲਾਂ ਬਲਾਸਟ ਤੋਂ ਪਹਿਲਾਂ ਹੀ ਨਸ਼ਟ ਹੋ ਚੁੱਕੀਆਂ ਸਨ। ਬੀਤੀ ਰਾਤ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਨੇ ਸਥਾਨਕ ਲੋਕਾਂ ’ਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ। ਇਸ ਘਟਨਾ ਮਗਰੋਂ ਸ਼ਹਿਰ ’ਚ ਦੋ ਵਾਰ ਬਲੈਕਆਊਟ ਵੀ ਕੀਤਾ ਗਿਆ, ਜਿਸ ਨੇ ਲੋਕਾਂ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ।
ਜਾਣਕਾਰੀ ਅਨੁਸਾਰ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ 1 ਵਜੇ ਅੰਮ੍ਰਿਤਸਰ ਵਿੱਚ ਕਈ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ, ਜਿਨ੍ਹਾਂ ਨੂੰ ਅੰਮ੍ਰਿਤਸਰ ਪ੍ਰਸ਼ਾਸ਼ਨ ਨੇ ਸਾਇਰਨ ਦੱਸਿਆ ਅਤੇ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਸੀ ਪਰ ਹੁਣ ਇਨ੍ਹਾਂ ਮਿਜ਼ਾਈਲਾਂ ਦੀ ਬਰਾਮਦਗੀ ਨਾਲ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਦੇਰ ਰਾਤ ਹੋਏ ਧਮਾਕਿਆਂ ਦੀ ਆਵਾਜ਼ ਇਨ੍ਹਾਂ ਮਿਜ਼ਾਈਲਾਂ ਕਾਰਨ ਸੀ ਅਤੇ ਪਾਕਿਸਤਾਨ ਤੋਂ ਆ ਰਹੀਆਂ ਇਨ੍ਹਾਂ ਮਿਜ਼ਾਈਲਾਂ ਨੂੰ ਭਾਰਤ ਦੇ ਐਂਟੀ ਮਿਜ਼ਾਈਲ ਸਿਸਟਮ ਨੇ ਅਸਮਾਨ ਵਿੱਚ ਨਸ਼ਟ ਕਰ ਦਿੱਤਾ ਸੀ।
ਮੌਕੇ 'ਤੇ ਬੁਲਾਈ ਗਈ ਫੌਜ ਦੀ ਟੀਮ
ਅੰਮ੍ਰਿਤਸਰ ਦੇ ਪਿੰਡਾਂ ਦੁਧਾਲਾ, ਜੇਠੂਵਾਲ ਅਤੇ ਪੰਧੇਰ ਵਿੱਚ ਫਟੀਆਂ ਹੋਈਆਂ ਮਿਜ਼ਾਈਲਾਂ ਮਿਲੀਆਂ ਹਨ। ਸਥਾਨਕ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਮਗਰੋਂ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਪੁਲਿਸ ਨੇ ਖੇਤਰ ਨੂੰ ਘੇਰੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫੌਜ ਦੀ ਟੀਮ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਕਰੇਗੀ। ਫੌਜ ਨੇ ਮੱਖਣਵਿੰਡੀ 'ਚ ਇੱਕ ਰਾਕੇਟ ਨੂੰ ਜ਼ਿੰਦਾ ਲੱਭ ਲਿਆ, ਜਿਸ ਤੋਂ ਬਾਅਦ ਤਕਨੀਕੀ ਟੀਮ ਨੂੰ ਬੁਲਾਇਆ ਗਿਆ ਹੈ ਅਤੇ ਇਸਨੂੰ ਡਿਫ਼ਿਊਜ ਕੀਤਾ ਗਿਆ। ਇਸ ਤੋਂ ਇਲਾਵਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਖੇਤਾਂ ਵਿੱਚ ਵੀ ਪਾਕਿਸਤਾਨੀ ਹਵਾਈ ਸੈਨਾ ਦੀਆਂ ਦੋ ਮਿਜ਼ਾਈਲਾਂ ਦਾ ਮਲਬਾ ਮਿਲਿਆ।
ਖਾਲੀ ਕਰਵਾਏ ਗਏ ਸੀ ਸਰਹੱਦੀ ਪਿੰਡ
ਹਵਾਈ ਹਮਲੇ ਤੋਂ ਬਾਅਦ ਬੀਐਸਐਫ ਨੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡਾਂ ਨੂੰ ਖਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਸਨ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਆਪਣੇ ਬੱਚਿਆਂ ਅਤੇ ਔਰਤਾਂ ਨੂੰ ਲੈ ਕੇ ਸੁਰੱਖਿਅਤ ਥਾਂ 'ਤੇ ਚਲੇ ਗਏ ਸਨ। ਪਿੰਡ ਖਾਲੀ ਕਰਵਾਉਣ ਦੀ ਇਹ ਪ੍ਰਕਿਰਿਆ ਭਾਰਤ ਦੇ ਹਮਲੇ ਤੋਂ ਬਾਅਦ ਸ਼ੁਰੂ ਹੋਈ ਸੀ। ਕਈ ਪਿੰਡਾਂ ਦੇ ਲੋਕ ਰਾਤ ਨੂੰ ਆਪਣਾ ਸਮਾਨ ਲੈ ਕੇ ਆਪਣੇ ਪਿੰਡ ਛੱਡਣ ਲੱਗ ਪਏ ਅਤੇ ਦਿਨ ਚੜ੍ਹਦੇ ਹੀ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਲੋਕ ਆਪਣਾ ਸਮਾਨ ਲੈ ਕੇ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੇ ਗਏ।