ਝੋਨੇ ਦੀ ਖਰੀਦ ਪ੍ਰਕ੍ਰਿਆ 'ਚ ਕੁਤਾਹੀ ਬਰਦਾਸ਼ਤ ਨਹੀਂ : ਰਾਹੁਲ ਭੰਡਾਰੀ

By  Pardeep Singh November 1st 2022 06:04 PM

ਪਟਿਆਲਾ : ਖੁਰਾਕ ਤੇ ਸਿਵਲ ਸਪਲਾਈਜ਼ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗਾਂ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਰਾਜਪੁਰਾ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਫ਼ਸਲ ਦੀ ਖਰੀਦ 'ਚ ਊਣਤਾਈ ਸਾਹਮਣੇ ਆਉਣ 'ਤੇ ਇੱਕ ਖਰੀਦ ਏਜੰਸੀ ਦੇ ਸਬੰਧਤ ਅਮਲੇ ਅਤੇ ਆੜ੍ਹਤੀਏ ਖ਼ਿਲਾਫ਼ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।

 ਝੋਨੇ ਦੀ ਫ਼ਸਲ ਦੀ ਸੁਚੱਜੀ ਤੇ ਨਿਰਵਿਘਨ ਖਰੀਦ ਲਈ ਪ੍ਰਸ਼ਾਸਨਿਕ ਪੱਧਰ 'ਤੇ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਰਾਹੁਲ ਭੰਡਾਰੀ ਰਾਜਪੁਰਾ ਪੁੱਜੇ।

ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ.ਡੀ.ਐਮ. ਡਾ. ਸੰਜੀਵ ਕੁਮਾਰ, ਡਿਪਟੀ ਡਾਇਰੈਕਟਰ ਫੂਡ ਸਪਲਾਈਜ਼ ਮਨੀਸ਼ ਨਰੂਲਾ, ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ ਡਾ. ਰਵਿੰਦਰ ਕੌਰ, ਜ਼ਿਲ੍ਹਾ ਮੰਡੀ ਅਫ਼ਸਰ ਅਜੇਪਾਲ ਸਿੰਘ ਬਰਾੜ, ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਬੈਠਕ ਕਰਕੇ ਖਰੀਦੀ ਫ਼ਸਲ ਦੀ ਅਦਾਇਗੀ ਨਾਲੋ-ਨਾਲ ਕਰਨ ਅਤੇ ਲਿਫ਼ਟਿੰਗ ਤੇਜ਼ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਬਾਹਰੋਂ ਆਉਣ ਵਾਲੀ ਕਿਸੇ ਵੀ ਤਰ੍ਹਾਂ ਦੀ ਜਿਣਸ ਸਬੰਧੀ ਸਖ਼ਤ ਨਿਗਰਾਨੀ ਰੱਖੀ ਜਾਵੇ।

ਇਸ ਮਗਰੋਂ ਪੱਤਰਕਾਰਾਂ ਨਾਲ ਗ਼ੈਰ-ਰਸਮੀ ਗੱਲਬਾਤ ਕਰਦਿਆਂ ਰਾਹੁਲ ਭੰਡਾਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਉਣ ਦੇਣ ਲਈ ਸਖ਼ਤ ਨਿਰਦੇਸ਼ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਫ਼ਸਲ ਦੀ ਖਰੀਦ ਦਾ ਕੰਮ 70 ਫ਼ੀਸਦੀ ਦੇ ਲਗਭਗ ਮੁਕੰਮਲ ਹੋ ਚੁੱਕਾ ਹੈ, ਪਰ ਬਾਕੀ ਰਹਿੰਦੀ ਫ਼ਸਲ ਦੀ ਨਿਰਵਿਘਨ ਖਰੀਦ ਯਕੀਨੀ ਬਣਾਉਣ ਲਈ ਉਹ ਮੰਡੀਆਂ ਦਾ ਦੌਰਾ ਕਰ ਰਹੇ ਹਨ।

ਰਾਹੁਲ ਭੰਡਾਰੀ ਨੇ ਦੱਸਿਆ ਕਿ ਰਾਜਪੁਰਾ ਦੀ ਮੰਡੀ ਵਿੱਚ ਵੱਧ ਨਮੀ ਵਾਲੀ ਅਤੇ ਬਿਨ੍ਹਾਂ ਸਾਫ਼-ਸਫ਼ਾਈ ਤੋਂ ਜੀਰੀ ਦੀ ਭਰਤੀ ਬੋਰੀਆਂ 'ਚ ਕੀਤੇ ਜਾਣ ਦੀ ਕੁਤਾਹੀ ਸਾਹਮਣੇ ਆਉਣ 'ਤੇ ਜ਼ਿੰਮੇਵਾਰ ਸਬੰਧਤ ਅਮਲੇ ਅਤੇ ਆੜ੍ਹਤੀਏ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਕੁਤਾਹੀ ਕਰਨ ਵਾਲੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਰਾਹੁਲ ਭੰਡਾਰੀ ਨੇ ਦੱਸਿਆ ਕਿ ਸ਼ੈਲਰਾਂ ਵਿੱਚ 15 ਨਵੰਬਰ ਤੋਂ ਮਿਲਿੰਗ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਸ਼ੈਲਰਾਂ ਦੀ ਮੌਕੇ 'ਤੇ ਪੜਤਾਲ ਕਰਵਾਈ ਜਾਵੇਗੀ ਅਤੇ ਗੁਣਵੱਤਾ ਬਰਕਰਾਰ ਰੱਖਣ ਲਈ ਸ਼ੈਲਰਾਂ ਵਿੱਚ ਲੱਗੇ ਮਾਲ ਦੀ ਪੜਤਾਲ ਕਰਵਾਉਣ ਸਮੇਤ 67 ਕਿਲੋ ਚਾਵਲ ਵਾਪਸ ਲੈਣ ਸਮੇਂ ਵੀ ਗੁਣਵੱਤਾ ਦੇ ਮਾਪਦੰਡ ਪਰਖੇ ਜਾਣਗੇ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੇ ਡਾ. ਦਲਜੀਤ ਸਿੰਘ ਚੀਮਾ ਖ਼ਿਲਾਫ਼ ਚਲ ਰਹੇ ਕੇਸ ’ਤੇ ਲਗਾਈ ਰੋਕ

Related Post