ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚਿਆ ਮੋਹਨਜੀਤ ਸਿੰਘ ਤੇ ਪੰਜਾਬ ਪੁਲਿਸ ਦੇ ਤਸ਼ੱਦਦ ਦਾ ਮਾਮਲਾ, ਉਚ ਪੱਧਰੀ ਜਾਂਚ ਦੀ ਮੰਗ

Mohanjeet Singh torture Case : ਹੁਣ ਇਹ ਮਾਮਲਾ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਵੀ ਪਹੁੰਚ ਗਿਆ ਹੈ। ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਭਾਜਪਾ ਲੀਡਰ ਤਰੁਣ ਚੁੱਘ ਨੇ NHRC ਨੂੰ ਲਿਖੇ ਪੱਤਰ ਵਿੱਚ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

By  KRISHAN KUMAR SHARMA September 4th 2026 08:05 PM -- Updated: September 4th 2026 08:20 PM

Mohanjeet Singh torture Case : ਮੁੱਖ ਮੰਤਰੀ ਭਗਵੰਤ ਮਾਨ (CM Mann) ਦੇ ਸੁਨਾਮ ਵਿਖੇ ਪਿੰਡ ਸ਼ੇਰੋਂ 'ਚ ਸੱਥ ਪ੍ਰੋਗਰਾਮ (Sath Program) ਦੌਰਾਨ ਪੰਜਾਬ ਪੁਲਿਸ (Punjab Police) ਦੇ ਤਸ਼ੱਦਦ ਦਾ ਸ਼ਿਕਾਰ ਸਿੱਖ ਨੌਜਵਾਨ ਮੋਹਨਜੀਤ ਸਿੰਘ ਦਾ ਮਾਮਲਾ ਭਖਦਾ ਜਾ ਰਿਹਾ ਹੈ। ਨੌਜਵਾਨ 'ਤੇ ਪੁਲਿਸ ਤਸ਼ੱਦਦ ਦੀ ਹਰ ਪਾਸਿਓਂ ਨਿਖੇਧੀ ਕੀਤੀ ਜਾ ਰਹੀ ਹੈ, ਉਥੇ ਹੁਣ ਇਹ ਮਾਮਲਾ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਵੀ ਪਹੁੰਚ ਗਿਆ ਹੈ। ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ (Punjab Congress) ਪ੍ਰਧਾਨ ਅਮਰਿੰਦਰ ਸਿੰਘ ਅਤੇ ਭਾਜਪਾ (BJP) ਲੀਡਰ ਤਰੁਣ ਚੁੱਘ ਨੇ NHRC ਨੂੰ ਲਿਖੇ ਪੱਤਰ ਵਿੱਚ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

ਕਾਂਗਰਸੀ ਲੀਡਰਾਂ ਨੇ ਪੱਤਰ 'ਚ ਕੀ ਲਿਖਿਆ ?

ਆਗੂਆਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦੇ ਜਾਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੋਹਨਜੀਤ ਨੂੰ ਛੱਤ ਤੋਂ ਫੜ ਕੇ ਕਰੀਬ ਇੱਕ ਘੰਟੇ ਤੱਕ ਕੁੱਟਿਆ। ਸ਼ਿਕਾਇਤ ਵਿੱਚ ਮੋਹਨਜੀਤ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਉਸ ਨੂੰ ਚੱਪਲ ਨਾਲ ਕਈ ਵਾਰ ਮਾਰਿਆ ਗਿਆ ਅਤੇ ਬਾਅਦ ਵਿੱਚ ਸੁਨਾਮ ਪੁਲਿਸ ਚੌਕੀ ਲਿਜਾਇਆ ਗਿਆ।

ਸ਼ਿਕਾਇਤ ਮੁਤਾਬਕ ਪੁਲਿਸ ਚੌਕੀ ਵਿੱਚ ਉਸ ਨਾਲ ਕਥਿਤ ਤੌਰ 'ਤੇ ਥਰਡ-ਡਿਗਰੀ ਟਾਰਚਰ ਕੀਤਾ ਗਿਆ। ਇਸ ਵਿੱਚ ਬਿਜਲੀ ਦੇ ਝਟਕੇ ਦੇਣ ਅਤੇ ਉਸ ਦੀਆਂ ਲੱਤਾਂ ਨੂੰ ਜ਼ਬਰਦਸਤੀ ਖਿੱਚਣ ਵਰਗੇ ਦੋਸ਼ ਲਗਾਏ ਗਏ ਹਨ। ਇਹ ਵੀ ਦੋਸ਼ ਹੈ ਕਿ ਕੁੱਟਮਾਰ ਦੌਰਾਨ ਉਸ ਦੀ ਦਾੜ੍ਹੀ ਅਤੇ ਵਾਲ ਖਿੱਚੇ ਗਏ ਅਤੇ ਸੱਟਾਂ 'ਤੇ ਨਮਕ ਛਿੜਕਿਆ ਗਿਆ।

ਮੋਹਨਜੀਤ ਮਾਮਲੇ ਦੀ ਨਿਰਪੱਖ ਜਾਂਚ ਤੇ ਪਰਿਵਾਰ ਨੂੰ ਸੁਰੱਖਿਆ ਦੇਣ ਦੀ ਮੰਗ

ਇਸ ਤੋਂ ਇਲਾਵਾ ਸ਼ਿਕਾਇਤ ਵਿੱਚ ਸਭ ਤੋਂ ਗੰਭੀਰ ਦੋਸ਼ ਇਹ ਹੈ ਕਿ ਮੋਹਨਜੀਤ ਨੂੰ ਪੁਲਿਸ ਹਿਰਾਸਤ ਵਿੱਚ ਕਥਿਤ ਤੌਰ 'ਤੇ ਜ਼ਬਰਦਸਤੀ ਨਸ਼ਾ ਕਰਵਾਇਆ ਗਿਆ ਅਤੇ ਬਾਅਦ ਵਿੱਚ ਉਸ ਦਾ ਡੋਪ ਟੈਸਟ ਕਰਵਾਇਆ ਗਿਆ, ਜਿਸ ਦੀ ਰਿਪੋਰਟ ਪਾਜ਼ੀਟਿਵ ਆਉਣ 'ਤੇ ਉਸ ਖ਼ਿਲਾਫ਼ ਨਸ਼ਾ ਕਰਨ ਦੇ ਦੋਸ਼ ਵਿੱਚ FIR ਦਰਜ ਕੀਤੀ ਗਈ। ਵੜਿੰਗ ਨੇ ਇਸ FIR ਨੂੰ ਕਥਿਤ ਤੌਰ 'ਤੇ “ਝੂਠਾ” ਕਰਾਰ ਦਿੰਦਿਆਂ ਪੂਰੇ ਮਾਮਲੇ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ।

ਵੜਿੰਗ ਨੇ NHRC ਤੋਂ ਪੰਜਾਬ ਸਰਕਾਰ ਅਤੇ ਪੁਲਿਸ ਤੋਂ ਮੋਹਨਜੀਤ ਦੀ ਗ੍ਰਿਫ਼ਤਾਰੀ, ਹਿਰਾਸਤ ਦੌਰਾਨ ਹੋਏ ਵਿਵਹਾਰ, ਮੈਡੀਕਲ ਜਾਂਚ, ਡੋਪ ਟੈਸਟ ਅਤੇ FIR ਬਾਰੇ ਵਿਸਥਾਰਪੂਰਵਕ ਰਿਪੋਰਟ ਮੰਗਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ CCTV ਫੁਟੇਜ, ਵੀਡੀਓ ਰਿਕਾਰਡਿੰਗ, ਮੈਡੀਕਲ ਅਤੇ MLR ਰਿਕਾਰਡ, ਡੋਪ ਟੈਸਟ ਰਿਪੋਰਟ, ਪੁਲਿਸ ਅਤੇ ਕਾਲ ਰਿਕਾਰਡ ਸਮੇਤ ਹੋਰ ਸਬੂਤ ਸੁਰੱਖਿਅਤ ਰੱਖਣ ਦੀ ਵੀ ਮੰਗ ਕੀਤੀ ਹੈ।

ਪ੍ਰਤਾਪ ਸਿੰਘ ਬਾਜਵਾ ਨੇ NHRC ਤੋਂ ਮਾਮਲੇ ਦਾ ਆਪਣੇ ਆਪ ਨੋਟਿਸ ਲੈ ਕੇ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਥਿਤ ਤੌਰ 'ਤੇ ਸ਼ਾਮਲ DSP ਅਤੇ ਹੋਰ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਮੁਅੱਤਲ ਕਰਨ, ਮੋਹਨਜੀਤ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਦੇਣ ਦੀ ਮੰਗ ਵੀ ਕੀਤੀ।

ਮਨੁੱਖੀ ਅਧਿਕਾਰ ਕਮਿਸ਼ਨ ਮਾਮਲੇ 'ਚ ਤੁਰੰਤ ਦਖਲ ਦੇ ਕੇ ਕਾਰਵਾਈ ਕਰੇ : ਚੁੱਘ

ਭਾਜਪਾ ਆਗੂ ਤਰੁਣ ਚੁੱਘ ਨੇ NHRC ਤੋਂ ਮਾਮਲੇ ਵਿੱਚ ਤੁਰੰਤ ਦਖਲ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਪੱਤਰ ਵਿੱਚ ਮੋਹਨਜੀਤ ਸਿੰਘ ਦੇ ਹਵਾਲੇ ਨਾਲ ਪੁਲਿਸ 'ਤੇ ਇਲਜ਼ਾਮ ਲਾਏ ਕਿ ਇਹ ਅਣਮਨੁੱਖੀ ਤਸ਼ੱਦਦ ਦੀ ਘਿਨਾਉਣਾ ਮਾਮਲਾ ਹੈ।

ਉਨ੍ਹਾਂ ਨੇ NHRC ਤੋਂ ਇਸ ਮਾਮਲੇ ਦਾ ਤੁਰੰਤ ਸਵੈ-ਨੋਟਿਸ (suo motu cognizance) ਲੈਣ, ਸੁਤੰਤਰ ਤੱਥ-ਖੋਜ ਟੀਮ ਨੂੰ ਸ਼ੇਰੋਂ ਪਿੰਡ ਅਤੇ ਸਬੰਧਤ ਪੁਲਿਸ ਸਟੇਸ਼ਨ ਭੇਜਣ ਅਤੇ ਕਥਿਤ ਤੌਰ 'ਤੇ ਸ਼ਾਮਲ DSP ਸਮੇਤ ਪੁਲਿਸ ਅਧਿਕਾਰੀਆਂ ਖ਼ਿਲਾਫ਼ FIR ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਮੋਹਨਜੀਤ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਅਤੇ ਮੈਡੀਕਲ ਸਹਾਇਤਾ ਦੇਣ ਦੀ ਵੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ...

FBI ਨੇ ਭਾਰਤੀ ਮੂਲ ਦੇ ਮਨਜੀਤ ਬੇਦੀ ਨੂੰ Most Wanted ਸੂਚੀ 'ਚ ਕੀਤਾ ਸ਼ਾਮਲ, $150,000 ਲੱਖ ਡਾਲਰ ਦਾ ਰੱਖਿਆ ਇਨਾਮ

Amritsar : ਰਾਜਾਸਾਂਸੀ 'ਚ ਨਸ਼ਾ ਤਸਕਰਾਂ ਖ਼ਿਲਾਫ਼ ਸ਼ਿਕਾਇਤ ਕਰਨਾ ਦੋ ਪਰਿਵਾਰਾਂ ਨੂੰ ਪਿਆ ਭਾਰੀ ! ਦਬੰਗਾਂ ਨੇ ਘਰਾਂ ਨੂੰ ਲਾਈ ਅੱਗ

Related Post