ਮੂਸੇਵਾਲਾ ਪਰਿਵਾਰ ਇਨਸਾਫ਼ ਲਈ ਅਜੇ ਵੀ ਕਰ ਰਿਹਾ ਸੰਘਰਸ਼ - ਬਾਜਵਾ

ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਇਨਸਾਫ਼ ਦਿਵਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹਿਣ ਲਈ ਭਗਵੰਤ ਮਾਨ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ।

By  Jasmeet Singh February 13th 2023 08:03 PM

ਚੰਡੀਗੜ੍ਹ, 13 ਫਰਵਰੀ: ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਇਨਸਾਫ਼ ਦਿਵਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹਿਣ ਲਈ ਭਗਵੰਤ ਮਾਨ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ।

ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਇਸ ਗੱਲ 'ਤੇ ਸ਼ਰਮ ਆਉਣੀ ਚਾਹੀਦੀ ਹੈ ਕਿ ਜਦੋਂ ਤੋਂ ਸਿੱਧੂ ਮੂਸੇਵਾਲਾ ਦਾ ਪਰਿਵਾਰ ਉਨ੍ਹਾਂ ਦੇ ਇਕਲੌਤੇ ਪੁੱਤਰ ਦਾ ਗੈਂਗਸਟਰਾਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਉਦੋਂ ਤੋਂ ਹੀ ਉਸ ਦਾ ਪਰਿਵਾਰ ਇਨਸਾਫ ਲਈ ਭਟਕ ਰਿਹਾ ਹੈ।ਹੁਣ ਜਦੋਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਉਹ ਹਰ ਘਰ ਜਾ ਕੇ ਇਨਸਾਫ਼ ਦੀ ਭੀਖ ਮੰਗਣਗੇ ਤਾਂ ਇਹ ਆਮ ਆਦਮੀ ਪਾਰਟੀ (ਆਪ) ਸਰਕਾਰ ਲਈ ਵੱਡੀ ਨਮੋਸ਼ੀ ਵਾਲੀ ਗੱਲ ਹੋਵੇਗੀ, ਜਿਸ ਨੇ ਕਤਲ ਦੇ ਪਹਿਲੇ ਦਿਨ ਤੋਂ ਇਨਸਾਫ਼ ਦਿਵਾਉਣ ਦਾ ਵਾਅਦਾ ਕੀਤਾ ਸੀ। 

ਬਾਜਵਾ ਨੇ ਕਿਹਾ ਕਿ ਮੂਸੇਵਾਲਾ ਦੇ ਪਰਿਵਾਰ ਨੇ ਲੋਕਾਂ ਨੂੰ ਯਾਦ ਦਿਵਾਉਣ ਲਈ ਕਿ ਕਿਸ ਤਰ੍ਹਾਂ 'ਆਪ' ਸਰਕਾਰ ਇਨਸਾਫ਼ ਦਿਵਾਉਣ 'ਚ ਅਸਫਲ ਰਹੀ ਹੈ, ਉਹ ਪਿੰਡ ਪਿੰਡ ਗਲੀ ਗਲੀ ਉਸੇ ਥਾਰ ਗੱਡੀ ਤੇ ਜਾਣਗੇ ਜਿਸ ਵਿਚ ਉਨ੍ਹਾਂ ਦੇ ਗਾਇਕ ਪੁੱਤ ਦਾ ਕਤਲ ਕੀਤਾ ਗਿਆ। ਪਿਛਲੇ ਸਾਲ 29 ਮਈ ਨੂੰ ਉਨ੍ਹਾਂ ਦੇ ਬੇਟੇ ਦੀ ਹੱਤਿਆ ਕੀਤੀ ਗਈ ਸੀ। 

ਬਾਜਵਾ ਨੇ ਕਿਹਾ ਕਿਬਪੰਜਾਬ ਦੇ ਲੋਕ ਅਤੇ ਮੂਸੇਵਾਲਾ ਦਾ ਪਰਿਵਾਰ ਸਾਰੇ ਹੀ ਇੱਕ ਢੁਕਵਾਂ ਸਵਾਲ ਪੁੱਛ ਰਹੇ ਹਨ ਕਿ ਜਦੋਂ ਭਗਵੰਤ ਮਾਨ ਦੀ ਪਤਨੀ ਨੂੰ ਕਿਸੇ ਆਉਣ ਵਾਲੇ ਖਤਰੇ ਤੋਂ ਬਚਾਉਣ ਲਈ 40 ਦੇ ਕਰੀਬ ਸੁਰੱਖਿਆ ਕਰਮਚਾਰੀ ਮਿਲ ਸਕਦੇ ਸਨ ਤਾਂ ਕਿਉਂ ਉਨ੍ਹਾਂ ਦੇ ਪੁੱਤਰ ਦੀ ਸੁਰੱਖਿਆ ਨੂੰ ਘਟਾ ਕੇ ਸਿਰਫ਼ 2 ਬੰਦੂਕਧਾਰੀਆਂ ਤੱਕ ਸੀਮਤ ਕਰ ਦਿੱਤਾ ਗਿਆ ਸੀ?

ਬਾਜਵਾ ਨੇ ਕਿਹਾ ਕਿ ਹਾਲਾਂਕਿ ਸਰਕਾਰ ਨੇ ਮੂਸੇਵਾਲਾ ਦੀ ਹੱਤਿਆ ਵਿੱਚ ਕਥਿਤ ਤੌਰ 'ਤੇ ਸ਼ਾਮਲ ਕੁਝ ਸ਼ਾਰਪ ਸ਼ੂਟਰਾਂ ਨੂੰ ਫੜਨ ਦਾ ਦਾਅਵਾ ਕੀਤਾ ਹੈ ਅਤੇ ਜ਼ਿਆਦਾਤਰ ਸ਼ਾਰਪ ਸ਼ੂਟਰ ਅਸਲ ਵਿੱਚ ਦਿੱਲੀ ਪੁਲਿਸ ਦੇ ਯਤਨਾਂ ਦੁਆਰਾ ਫੜੇ ਗਏ ਸਨ, ਨਾ ਕਿ ਪੰਜਾਬ ਪੁਲਿਸ ਨੇ ਫੜੇ ਹਨ।

ਬਾਜਵਾ ਨੇ ਕਿਹਾ ਕਿ ਇਸ ਦੀ ਬਜਾਏ ਕਈ ਗੈਂਗਸਟਰ ਪੰਜਾਬ ਪੁਲਸ ਦੀ ਹਿਰਾਸਤ 'ਚੋਂ ਭੱਜਣ 'ਚ ਕਾਮਯਾਬ ਰਹੇ, ਜੋ ਮੂਸੇਵਾਲਾ ਨੂੰ ਮਾਰਨ ਦੀ ਰਚੀ ਗਈ ਸਾਜ਼ਿਸ਼ ਦੇ ਮੁੱਖ ਗਵਾਹ ਸਨ। ਬਾਜਵਾ ਨੇ ਕਿਹਾ ਕਿ ਮੂਸੇਵਾਲਾ ਦਾ ਪਰਿਵਾਰ ਪਹਿਲਾਂ ਹੀ ਉਮੀਦ ਗੁਆ ਰਿਹਾ ਜਾਪਦਾ ਹੈ ਅਤੇ ਇਸ ਲਈ ਉਸਨੇ ਇਨਸਾਫ ਦੀ ਭਾਲ ਵਿਚ ਘਰ-ਘਰ ਜਾਣ ਦਾ ਫੈਸਲਾ ਕੀਤਾ ਹੈ।

Related Post