ਚੰਡੀਗੜ੍ਹ: ਮਾਂ ਤੇ ਬੇਟੇ ਤੇ ਡਿੱਗਿਆ ਲੈਂਟਰ, ਗੰਭੀਰ ਜ਼ਖ਼ਮੀ, ਘਟਨਾ ਦੀ CCTV ਫੁਟੇਜ ਆਈ ਸਾਹਮਣੇ
ਮਨੀਮਾਜਰਾ: ਚੰਡੀਗੜ੍ਹ ਦੇ ਸੈਕਟਰ 13 ਜੋ ਪਹਿਲਾਂ ਮਨੀਮਾਜਰਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਦੇ ਮੁਹੱਲਾ ਮਾਤਾ ਰਾਜਕੌਰ ਵਿਖੇ ਲੈਂਟਰ ਦਾ ਵੱਡਾ ਹਿੱਸਾ ਡਿੱਗਣ ਕਾਰਨ ਮਾਂ-ਪੁੱਤ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ 'ਚ ਮਾਂ ਦੀਆਂ ਦੋ ਉਂਗਲਾਂ ਕੱਟੀਆਂ ਗਈਆਂ ਅਤੇ ਲੜਕੇ ਦੇ ਸਿਰ ਅਤੇ ਪਿੱਠ 'ਤੇ ਸੱਟ ਲੱਗੀ ਹੈ।
ਹਾਸਿਲ ਜਾਣਕਾਰੀ ਮੁਤਾਬਕ ਮਾਂ ਨੂੰ ਪੀ.ਜੀ.ਆਈ. ਅਤੇ ਪੁੱਤਰ ਨੂੰ ਜੀ.ਐਮ.ਸੀ.ਐਚ-32 ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖਮੀ ਔਰਤ ਦੇ ਪਤੀ ਮਨੋਜ ਕੁਮਾਰ ਸੋਢੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਅੱਜ ਦੁਪਹਿਰ 1.30 ਵਜੇ ਦੇ ਕਰੀਬ ਵਾਪਰੀ।
ਮਕਾਨ ਨੰਬਰ 639 ਦੇ ਰਹਿਣ ਵਾਲੇ ਮਨੋਜ ਕੁਮਾਰ ਸੋਢੀ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਰਜਨੀ (40) ਅਤੇ ਬੇਟੇ ਭਵਿਆ (7) ਨਾਲ ਜਾ ਰਹੀ ਸੀ। ਮਕਾਨ ਨੰਬਰ 639/1 ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ।
ਜਿਵੇਂ ਹੀ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਘਰ ਦੇ ਹੇਠਾਂ ਤੋਂ ਲੰਘੇ ਤਾਂ ਅਚਾਨਕ ਲੈਂਟਰ ਦਾ ਵੱਡਾ ਹਿੱਸਾ ਉਨ੍ਹਾਂ 'ਤੇ ਡਿੱਗ ਗਿਆ। ਇਸ ਹਾਦਸੇ 'ਚ ਲੜਕਾ ਦੱਬ ਗਿਆ ਪਰ ਰਜਨੀ ਨੇ ਕਿਸੇ ਤਰ੍ਹਾਂ ਆਪਣੇ ਆਪ 'ਤੇ ਕਾਬੂ ਪਾਇਆ ਅਤੇ ਜਲਦੀ ਹੀ ਆਪਣੇ ਬੇਟੇ ਨੂੰ ਬਚਾ ਲਿਆ।
ਇਸ ਦੌਰਾਨ ਹੋਰ ਲੋਕ ਵੀ ਮੌਕੇ 'ਤੇ ਪਹੁੰਚ ਗਏ। ਹਾਦਸੇ ਵਿੱਚ ਰਜਨੀ ਦੀਆਂ ਦੋ ਉਂਗਲਾਂ ਕੱਟੀਆਂ ਗਈਆਂ। ਭਵਿਆ ਦੇ ਸਿਰ ਅਤੇ ਪਿੱਠ 'ਤੇ ਸੱਟਾਂ ਲੱਗੀਆਂ ਹਨ।
ਘਟਨਾ ਦੀ CCTV ਫੁਟੇਜ
ਰਜਨੀ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਦੋਂ ਕਿ ਲੜਕੇ ਦਾ ਜੀ.ਐਮ.ਸੀ.ਐਚ-32 ਵਿੱਚ ਇਲਾਜ ਚੱਲ ਰਿਹਾ ਹੈ।
ਮਨੋਜ ਦੀ ਸ਼ਿਕਾਇਤ 'ਤੇ ਠੇਕੇਦਾਰ ਚੰਦਨ ਅਤੇ ਮਕਾਨ ਮਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਘਟਨਾ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ: ਨੌਜਵਾਨ ਦੇ ਕਤਲ ਮਾਮਲੇ 'ਚ 'ਆਪ' ਕੌਂਸਲਰ ਦਾ ਪਤੀ ਗ੍ਰਿਫ਼ਤਾਰ