Bathinda News : ਮੌੜ ਮੰਡੀ ਚ ਵੱਢੇ ਨੌਜਵਾਨ ਦੀ ਹਸਪਤਾਲ ਚ ਹੋਈ ਮੌਤ, ਪੁਲਿਸ ਨੇ ਪਰਵਾਰ ਨੂੰ ਕਾਰਵਾਈ ਦਾ ਦਿੱਤਾ ਭਰੋਸਾ
ਜ਼ਖਮੀ ਨੌਜਵਾਨ ਨੂੰ ਲੋਕਾਂ ਨੇ ਪਹਿਲਾਂ ਮੌੜ ਮੰਡੀ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਫਿਰ ਉਸ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਰੈਫਰ ਕੀਤਾ ਗਿਆ। ਘਟਨਾ ਦੇਰ ਸ਼ਾਮ ਦੀ ਹੈ, ਪਰ ਅੱਜ ਜ਼ਖ਼ਮੀ ਨੌਜਵਾਨ ਜਸਪਾਲ ਸਿੰਘ ਦੀ ਬਠਿੰਡਾ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ।
Bathinda News : ਮੌੜ ਮੰਡੀ ਵਿਖੇ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ, ਜਦੋਂ ਟਰੱਕ ਯੂਨੀਅਨ ਵਿੱਚ ਬੈਠੇ ਜਸਪਾਲ ਸਿੰਘ ਨਾਂ ਦੇ ਨੌਜਵਾਨ ਨੂੰ 12 ਦੇ ਲਗਭਗ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਅੱਧ-ਮਰਿਆ ਕਰ ਦਿੱਤਾ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਨੌਜਵਾਨ ਨੂੰ ਲੋਕਾਂ ਨੇ ਪਹਿਲਾਂ ਮੌੜ ਮੰਡੀ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਫਿਰ ਉਸ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਰੈਫਰ ਕੀਤਾ ਗਿਆ।
ਘਟਨਾ ਦੇਰ ਸ਼ਾਮ ਦੀ ਹੈ, ਪਰ ਅੱਜ ਜ਼ਖ਼ਮੀ ਨੌਜਵਾਨ ਜਸਪਾਲ ਸਿੰਘ ਦੀ ਬਠਿੰਡਾ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਘਟਨਾ ਦਾ ਪਤਾ ਚਲਦੇ ਹੀ ਜਸਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ ਅਤੇ ਉਨ੍ਹਾਂ ਨੇ ਐਲਾਨ ਕੀਤਾ ਗਿਆ ਹੈ ਕਿ ਜਿੰਨਾ ਸਮਾਂ ਮੁਲਜ਼ਮਾਂ ਖਿਲਾਫ ਪੁਲਿਸ ਵੱਲੋਂ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ, ਓਨਾ ਚਿਰ ਉਹ ਜਸਪਾਲ ਸਿੰਘ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।
ਮ੍ਰਿਤਕ ਦੇ ਭਰਾ ਸੁਖਪਾਲ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਇੱਕ ਕਤਲ ਹੋਇਆ ਸੀ। ਇਸ ਕਤਲ ਦੇ ਮੁਲਜ਼ਮ ਜੇਲ ਵਿੱਚ ਹਨ ਪਰ ਫਿਰ ਵੀ ਹਮਲਾਵਰਾਂ ਵੱਲੋਂ ਉਸ ਦੇ ਭਰਾ ਨੂੰ ਉਸ ਕਤਲ ਕੇਸ ਦੀ ਰੰਜਿਸ਼ ਤਹਿਤ ਅੱਜ ਬੁਰੀ ਤਰ੍ਹਾਂ ਕੁੱਟਿਆ ਗਿਆ। ਹਮਲਾਵਰਾਂ ਵੱਲੋਂ ਜਸਪਾਲ ਸਿੰਘ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਸਨ, ਜਦੋਂ ਕਿ ਉਸਦੀ ਇੱਕ ਬਾਜੂ ਪਹਿਲਾਂ ਹੀ ਕੰਮ ਨਹੀਂ ਕਰਦੀ ਸੀ।
ਜਸਪਾਲ ਸਿੰਘ ਦੀ ਮਾਤਾ ਜਸਵੀਰ ਕੌਰ ਦਾ ਕਹਿਣਾ ਹੈ ਕਿ ਪੁਰਾਣੀ ਰੰਜਿਸ਼ ਤੇ ਚੱਲਦਿਆਂ ਉਸ ਦੇ ਪੁੱਤਰ ਦਾ ਕਤਲ ਕੀਤਾ ਗਿਆ, ਜਿਸ ਤੋਂ ਬਾਅਦ 12 ਘੰਟਿਆਂ ਤੋਂ ਉੱਪਰ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਮੁਲਜ਼ਮਾਂ ਖਿਲਾਫ ਪੁਲਿਸ ਵੱਲੋਂ ਸਖਤ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜਸਪਾਲ ਸਿੰਘ ਨੂੰ ਇਨਸਾਫ ਦੇਣ ਲਈ ਪੁਲਿਸ ਕੰਨੀ ਕਤਰਾ ਰਹੀ ਹੈ, ਜਿਸ ਕਰਕੇ ਮਜਬੂਰਨ ਉਨ੍ਹਾਂ ਨੂੰ ਐਲਾਨ ਕਰਨਾ ਪੈ ਰਿਹਾ ਹੈ ਕਿਉਂਕਿ ਜਸਪਾਲ ਸਿੰਘ ਨੂੰ ਪਹਿਲਾਂ ਵੀ ਹਮਲਾਵਰਾਂ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਰਿਹਾ। ਬੀਤੀ ਦੇਰ ਸ਼ਾਮ ਤੇਜ਼ਧਾਰ ਹਥਿਆਰਾਂ ਨਾਲ ਲੈਸ ਲੋਕਾਂ ਵੱਲੋਂ ਜਸਪਾਲ ਸਿੰਘ 'ਤੇ ਵਾਰ ਕਰਕੇ ਜਿੱਥੇ ਉਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਸਨ, ਉੱਥੇ ਹੀ ਉਸਦੀ ਅੱਜ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਡੀਐਸਪੀ ਮੌੜ ਰਾਹੁਲ ਭਾਰਦਵਾਜ ਦਾ ਕਹਿਣਾ ਹੈ ਕਿ ਅਸੀਂ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ 'ਤੇ ਪਰਚਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਟੀਮਾਂ ਦਾ ਗਠਨ ਕਰ ਦਿੱਤਾ ਹੈ। ਪੁਲਿਸ ਵੱਲੋਂ ਮਿਲੇ ਭਰੋਸੇ ਤੋਂ ਬਾਅਦ ਪਰਿਵਾਰ ਨੇ ਜਸਪਾਲ ਸਿੰਘ ਦਾ ਅੰਤਿਮ ਸਸਕਾਰ ਕਰ ਦਿੱਤਾ ਹੈ।